
ਹਮਲੇ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿਤੀ ਗਈ : ਚਸ਼ਮਦੀਦ
- ਗ਼ਜ਼ਾ ਨੂੰ ਪਾਣੀ, ਬਾਲਣ ਅਤੇ ਅਨਾਜ ਦੀ ਸਪਲਾਈ ਬੰਦ
- ਲੇਬਨਾਨ ਤੋਂ ਟੈਂਕ ਵਿਰੋਧੀ ਮਿਜ਼ਾਈਲ ਦਾਗੀ ਜਾਣ ਤੋਂ ਬਾਅਦ ਇਜ਼ਰਾਈਲ ਅਤੇ ਲੇਬਨਾਨ ਦੀ ਸਰਹੱਦ 'ਤੇ ਮੁੜ ਟਕਰਾਅ ਸ਼ੁਰੂ
- ਮੱਧ ਗ਼ਜ਼ਾ ਵਿਚ ਬੁਰਾਜੀ ਸ਼ਰਨਾਰਥੀ ਕੈਂਪ ’ਤੇ ਹਮਲੇ ਵਿਚ ਹਮਾਸ ਪ੍ਰਮੁੱਖ ਕਮਾਂਡਰ ਹਲਾਕ
ਖਾਨ ਯੂਨਿਸ (ਗ਼ਜ਼ਾ ਪੱਟੀ): ਇਜ਼ਰਾਈਲ ਨੇ ਮੰਗਲਵਾਰ ਨੂੰ ਦਖਣੀ ਗ਼ਜ਼ਾ ਦੇ ਇਲਾਕਿਆਂ ’ਤੇ ਬੰਬਾਰੀ ਕੀਤੀ, ਜਿੱਥੇ ਇਸ ਨੇ ਫਲਸਤੀਨੀਆਂ ਨੂੰ ਅਪਣੇ ਸੰਭਾਵੀ ਜ਼ਮੀਨੀ ਹਮਲੇ ਤੋਂ ਪਹਿਲਾਂ ਇਲਾਕਾ ਖਾਲੀ ਕਰਨ ਲਈ ਕਿਹਾ ਸੀ। ਹਮਲੇ ’ਚ ਕਈ ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਕਿਹਾ ਕਿ ਇਹ ਹਮਲਾ ਹਮਾਸ ਦੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਜੋ ਇਲਾਕੇ ’ਤੇ ਸ਼ਾਸਨ ਕਰਦੇ ਹਨ।
ਪਿਛਲੇ ਹਫ਼ਤੇ ਇਜ਼ਰਾਈਲ ’ਤੇ ਹਮਾਸ ਦੇ ਵਹਿਸ਼ੀ ਹਮਲੇ ਤੋਂ ਬਾਅਦ ਇਜ਼ਰਾਈਲ ਵਲੋਂ ਗ਼ਜ਼ਾ ਨੂੰ ਪਾਣੀ, ਬਾਲਣ ਅਤੇ ਅਨਾਜ ਦੀ ਸਪਲਾਈ ਬੰਦ ਕਰ ਦਿਤੀ ਗਈ ਹੈ। ਇਸ ਦੇ ਨਾਲ ਹੀ, ਸੁਲਹ ਕਰਵਾਉਣ ਵਾਲਿਆਂ ਨੂੰ ਇਲਾਕੇ ਦੇ ਲੱਖਾਂ ਦੁਖੀ ਨਾਗਰਿਕਾਂ, ਸਹਾਇਤਾ ਸਮੂਹਾਂ ਅਤੇ ਹਸਪਤਾਲਾਂ ਨੂੰ ਰਾਹਤ ਸਹਾਇਤਾ ਪ੍ਰਦਾਨ ਕਰਨ ਲਈ ਰੇੜਕਾ ਖ਼ਤਮ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇਸ ਖੇਤਰ ਦਾ ਦੌਰਾ ਕਰਨ ਲਈ ਤਿਆਰ ਹਨ। ਉਹ ਅਤੇ ਹੋਰ ਵਿਸ਼ਵ ਨੇਤਾ ਜੰਗ ਨੂੰ ਇਕ ਵਿਆਪਕ ਖੇਤਰੀ ਸੰਘਰਸ਼ ’ਚ ਬਦਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਯੂ.ਐਸ. ਸੈਂਟਰਲ ਕਮਾਂਡ ਦੇ ਮੁਖੀ ਜਨਰਲ ਐਰਿਕ ਕੁਰੀਲਾ ਬੁਧਵਾਰ ਨੂੰ ਬਾਈਡਨ ਦੇ ਦੌਰੇ ਤੋਂ ਪਹਿਲਾਂ ਇਜ਼ਰਾਈਲੀ ਫੌਜੀ ਅਧਿਕਾਰੀਆਂ ਨਾਲ ਮੀਟਿੰਗਾਂ ਲਈ ਤੇਲ ਅਵੀਵ ਪਹੁੰਚ ਗਏ ਹਨ। ਖੇਤਰ ’ਚ ਸੰਘਰਸ਼ ਫੈਲਣ ਦੇ ਡਰ ਦੇ ਵਿਚਕਾਰ ਬਾਈਡਨ ਅਰਬ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣ ਲਈ ਜਾਰਡਨ ਦੀ ਯਾਤਰਾ ਵੀ ਕਰਨਗੇ।
ਲੇਬਨਾਨ ਦੇ ਨਾਲ ਇਜ਼ਰਾਈਲ ਦੀ ਸਰਹੱਦ ’ਤੇ ਮੰਗਲਵਾਰ ਨੂੰ ਹਿੰਸਾ ਭੜਕ ਗਈ, ਜਿੱਥੇ ਈਰਾਨ ਸਮਰਥਿਤ ਹਿਜ਼ਬੁੱਲਾ ਅਤਿਵਾਦੀ ਸਰਗਰਮ ਹਨ। ਲੇਬਨਾਨ ਤੋਂ ਟੈਂਕ ਵਿਰੋਧੀ ਮਿਜ਼ਾਈਲ ਦਾਗੀ ਜਾਣ ਤੋਂ ਬਾਅਦ ਇਜ਼ਰਾਈਲ ਅਤੇ ਲੇਬਨਾਨ ਦੀ ਸਰਹੱਦ 'ਤੇ ਮੁੜ ਟਕਰਾਅ ਸ਼ੁਰੂ ਹੋ ਗਿਆ। ਸਥਾਨਕ ਨਿਵਾਸੀਆਂ ਨੇ ਦਸਿਆ ਕਿ ਗ਼ਜ਼ਾ ਦੇ ਦਖਣੀ ਸ਼ਹਿਰਾਂ ਰਾਫ਼ਾ ਅਤੇ ਖਾਨ ਯੂਨਿਸ ’ਚ ਹਵਾਈ ਹਮਲਿਆਂ ’ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਹਮਾਸ ਦੇ ਇਕ ਉੱਚ ਅਧਿਕਾਰੀ ਅਤੇ ਸਾਬਕਾ ਸਿਹਤ ਮੰਤਰੀ ਬਸਮੀ ਨਈਮ ਨੇ ਕਿਹਾ ਕਿ ਰਾਫ਼ਾ ’ਚ 27 ਅਤੇ ਖਾਨ ਯੂਨਿਸ ’ਚ 30 ਲੋਕ ਮਾਰੇ ਗਏ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ (ਏ.ਪੀ.) ਦੇ ਇਕ ਪੱਤਰਕਾਰ ਨੇ ਖਾਨ ਯੂਨਿਸ ਦੇ ਨਸੀਰ ਹਸਪਤਾਲ ’ਚ ਲਗਭਗ 50 ਲਾਸ਼ਾਂ ਲਿਆਂਦੀਆਂ ਵੇਖੀਆਂ। ਖੂਨ ਨਾਲ ਲੱਥਪੱਥ ਚਾਦਰਾਂ ’ਚ ਲਪੇਟੀਆਂ ਲਾਸ਼ਾਂ ਨੂੰ ਲੈਣ ਲਈ ਪਰਿਵਾਰਕ ਮੈਂਬਰ ਉੱਥੇ ਪੁੱਜੇ ਹੋਏ ਸਨ।
ਇਕ ਹਵਾਈ ਹਮਲੇ ਨੇ ਦੀਰ ਅਲ-ਬਲਾਹ ’ਚ ਇਕ ਘਰ ਨੂੰ ਮਲਬੇ ’ਚ ਬਦਲ ਦਿਤਾ। ਉੱਥੇ ਰਹਿ ਰਹੇ ਇਕ ਪਰਿਵਾਰ ਦੇ ਨੌਂ ਜੀਆਂ ਦੀ ਮੌਤ ਹੋ ਗਈ। ਗ਼ਜ਼ਾ ਸ਼ਹਿਰ ਤੋਂ ਕੱਢੇ ਗਏ ਅਤੇ ਗੁਆਂਢ ਦੇ ਇਕ ਘਰ ’ਚ ਰੱਖੇ ਗਏ ਇਕ ਹੋਰ ਪਰਿਵਾਰ ਦੇ ਤਿੰਨ ਮੈਂਬਰ ਵੀ ਹਮਲੇ ’ਚ ਮਾਰੇ ਗਏ। ਮਰਨ ਵਾਲਿਆਂ ’ਚ ਇਕ ਆਦਮੀ ਅਤੇ 11 ਔਰਤਾਂ ਤੇ ਬੱਚੇ ਸ਼ਾਮਲ ਹਨ। ਚਸ਼ਮਦੀਦਾਂ ਨੇ ਦਸਿਆ ਕਿ ਹਮਲੇ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿਤੀ ਗਈ ਸੀ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਹਮਾਸ ਦੇ ਟਿਕਾਣਿਆਂ, ਬੁਨਿਆਦੀ ਢਾਂਚੇ ਅਤੇ ਕਮਾਂਡ ਕੇਂਦਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਰਿਚਰਡ ਹੇਚ ਨੇ ਕਿਹਾ, ‘‘ਜਦੋਂ ਅਸੀਂ ਕਿਸੇ ਨਿਸ਼ਾਨੇ ਨੂੰ ਵੇਖਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਹਿਲਦੇ ਹੋਏ ਵੇਖਦੇ ਹਾਂ, ਅਸੀਂ ਇਸ ਨੂੰ ਹਮਾਸ ਸਮਝਦੇ ਹਾਂ। ਅਸੀਂ ਇਸ ਨਾਲ ਨਜਿੱਠਾਂਗੇ।’’
ਮੱਧ ਗ਼ਜ਼ਾ ਵਿਚ ਬੁਰਾਜੀ ਸ਼ਰਨਾਰਥੀ ਕੈਂਪ ’ਤੇ ਹਮਲੇ ਵਿਚ ਹਮਾਸ ਕਮਾਂਡਰ ਅਯਮਨ ਨੋਫਾਲ ਮਾਰਿਆ ਗਿਆ। ਗਰੁੱਪ ਦੇ ਫੌਜੀ ਵਿੰਗ ਨੇ ਇਹ ਜਾਣਕਾਰੀ ਦਿਤੀ। ਉਹ ਜੰਗ ’ਚ ਹੁਣ ਤਕ ਮਾਰਿਆ ਗਿਆ ਸਭ ਤੋਂ ਪ੍ਰਮੁੱਖ ਕੱਟੜਪੰਥੀ ਹੈ।ਨੋਫਾਲ ਕੇਂਦਰੀ ਗ਼ਜ਼ਾ ਪਾਰਟੀ ’ਚ ਹਮਾਸ ਦੀਆਂ ਕੱਟੜਪੰਥੀ ਗਤੀਵਿਧੀਆਂ ਦਾ ਇੰਚਾਰਜ ਸੀ ਅਤੇ ਸਮੂਹ ਦੇ ‘ਜੁਆਇੰਟ ਆਪ੍ਰੇਸ਼ਨ’ ਸੈੱਲ ਬਣਾਉਣ ’ਚ ਸ਼ਾਮਲ ਸੀ, ਜੋ ਹਮਾਸ, ਫਲਸਤੀਨੀ ਇਸਲਾਮਿਕ ਜੇਹਾਦ ਅਤੇ ਖੇਤਰ ’ਚ ਹੋਰ ਕੱਟੜਪੰਥੀਆਂ ਵਿਚਕਾਰ ਤਾਲਮੇਲ ਕਰਦਾ ਸੀ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਦਖਣੀ ਗ਼ਜ਼ਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੌਜੀ ਹਮਲੇ ਵਿਚ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਰੀਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਮਨੁੱਖੀ ਅਧਿਕਾਰ ਦਫਤਰ ਦੀ ਬੁਲਾਰਾ ਰਵੀਨਾ ਸ਼ਾਮਦਾਸਾਨੀ ਨੇ ਇਜ਼ਰਾਈਲੀ ਫੌਜਾਂ ਨੂੰ ਸਾਵਧਾਨੀ ਵਰਤਣ ਅਤੇ ‘ਹਵਾਈ ਬੰਬਾਰੀ, ਅੰਨ੍ਹੇਵਾਹ ਹਮਲਿਆਂ’ ਤੋਂ ਬਚਣ ਅਤੇ ਕਿਸੇ ਵੀ ਸਥਿਤੀ ’ਚ ਜਾਨੀ ਨੁਕਸਾਨ ਨੂੰ ਘੱਟ ਕਰਨ ਦੀ ਅਪੀਲ ਕੀਤੀ।
ਇਜ਼ਰਾਈਲ ਨੇ ਹਮਾਸ ਦੇ ਸ਼ਾਸਨ ਵਾਲੇ ਗ਼ਜ਼ਾ ਦੀ ਨਾਕਾਬੰਦੀ ਅਤੇ ਬੰਬਾਰੀ ਕੀਤੀ ਹੈ ਕਿਉਂਕਿ 7 ਅਕਤੂਬਰ ਨੂੰ ਹੋਏ ਹਮਲੇ ’ਚ ਇਸ ਦੇ ਦਖਣੀ ਸੈਕਟਰ ’ਚ 1,400 ਤੋਂ ਵੱਧ ਲੋਕ ਮਾਰੇ ਗਏ ਸਨ। ਸਿਹਤ ਮੰਤਰਾਲੇ ਅਨੁਸਾਰ, ਗ਼ਜ਼ਾ ’ਚ ਇਜ਼ਰਾਈਲੀ ਹਮਲਿਆਂ ’ਚ ਘੱਟੋ ਘੱਟ 2,778 ਲੋਕ ਮਾਰੇ ਗਏ ਹਨ ਅਤੇ 9,700 ਹੋਰ ਜ਼ਖਮੀ ਹੋਏ ਹਨ। ਗ਼ਜ਼ਾ ਦੇ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਅਨੁਸਾਰ ਮਰਨ ਵਾਲਿਆਂ ’ਚ ਦੋ ਤਿਹਾਈ ਬੱਚੇ ਸਨ।
ਅਧਿਕਾਰੀਆਂ ਨੇ ਦਸਿਆ ਕਿ ਗ਼ਜ਼ਾ ’ਚ ਹੋਰ 1,200 ਲੋਕ ਮਲਬੇ ਹੇਠ ਦੱਬੇ ਹੋਏ ਹਨ। ਐਮਰਜੈਂਸੀ ਸੇਵਾਵਾਂ ਲੋਕਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਬਾਲਣ ਘੱਟ ਹੈ ਅਤੇ ਹਵਾਈ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ, ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗ਼ਜ਼ਾ ਸਿਟੀ ’ਚ ਸਿਵਲ ਡਿਫੈਂਸ ਹੈੱਡਕੁਆਰਟਰ ’ਤੇ ਹਮਲਾ ਕੀਤਾ, ਜਿਸ ’ਚ ਸੱਤ ਮੈਡੀਕਲ ਕਰਮਚਾਰੀਆਂ ਦੀ ਮੌਤ ਹੋ ਗਈ, ਸਿਹਤ ਅਧਿਕਾਰੀਆਂ ਨੇ ਕਿਹਾ। ਇਸ ਤੋਂ ਇਲਾਵਾ 10 ਮੈਡੀਕਲ ਕਰਮਚਾਰੀ ਅਤੇ ਮੈਡੀਕਲ ਸੇਵਾਵਾਂ ਦੇਣ ਵਾਲੇ ਡਾਕਟਰ ਵੀ ਮਾਰੇ ਗਏ ਹਨ।
ਇਜ਼ਰਾਈਲ ਨੇ ਜ਼ਮੀਨੀ ਹਮਲੇ ਲਈ ਸਰਹੱਦ ’ਤੇ ਵੱਡੀ ਗਿਣਤੀ ’ਚ ਫੌਜ ਭੇਜੀ ਹੈ ਪਰ ਹੇਚਟ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਬੰਧ ’ਚ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ’ਤੇ ਫੈਸਲਾ ਲਿਆ ਜਾਵੇਗਾ, ਅਤੇ ਸਾਡੀ ਸਿਆਸੀ ਲੀਡਰਸ਼ਿਪ ਨੂੰ ਪੇਸ਼ ਕੀਤਾ ਜਾਵੇਗਾ।’’ ਹਵਾਈ ਹਮਲੇ, ਜ਼ਰੂਰੀ ਵਸਤਾਂ ਦੀ ਘਾਟ ਅਤੇ ਇਜ਼ਰਾਈਲ ਵਲੋਂ ਨਾਗਰਿਕਾਂ ਨੂੰ ਉੱਤਰੀ ਗ਼ਜ਼ਾ ਪੱਟੀ ਤੋਂ ਬਾਹਰ ਕੱਢਣ ਦੇ ਹੁਕਮਾਂ ਨੇ 2.3 ਮਿਲੀਅਨ ਲੋਕਾਂ ਦੇ ਖੇਤਰ ’ਚ ਸੰਕਟ ਨੂੰ ਹੋਰ ਡੂੰਘਾ ਕਰ ਦਿਤਾ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ 10 ਲੱਖ ਤੋਂ ਵੱਧ ਫਲਸਤੀਨੀ ਅਪਣੇ ਘਰ ਛੱਡ ਕੇ ਭੱਜ ਗਏ ਹਨ, ਅਤੇ 60 ਫ਼ੀ ਸਦੀ ਹੁਣ ਨਿਕਾਸੀ ਜ਼ੋਨ ਦੇ ਦੱਖਣ ’ਚ ਲਗਭਗ 14 ਕਿਲੋਮੀਟਰ ਦੇ ਖੇਤਰ ’ਚ ਹਨ। ਗ਼ਜ਼ਾ ਦੇ ਦਖਣੀ ਹਿੱਸੇ ’ਚ, ਚਾਰ ਲੱਖ ਤੋਂ ਵੱਧ ਵਿਸਥਾਪਿਤ ਲੋਕ ਫਲਸਤੀਨੀਆਂ ਲਈ ਕੰਮ ਕਰਨ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਸਕੂਲਾਂ ਅਤੇ ਇਮਾਰਤਾਂ ’ਚ ਸ਼ਰਨ ਲੈ ਰਹੇ ਹਨ। ਸਹਾਇਤਾ ਕਰਮਚਾਰੀਆਂ ਨੇ ਚੇਤਾਵਨੀ ਦਿਤੀ ਹੈ ਕਿ ਖੇਤਰ ਦੇ ਹਸਪਤਾਲਾਂ ਨੂੰ ਬਿਜਲੀ ਸਪਲਾਈ ਕੱਟੇ ਜਾਣ ਦੀ ਕਗਾਰ ’ਤੇ ਹੈ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਦੀ ਜਾਨ ਖਤਰੇ ’ਚ ਹੈ। ਹਜ਼ਾਰਾਂ ਲੋਕ ਭੋਜਨ ਲਈ ਘਰ-ਘਰ ਭਟਕ ਰਹੇ ਹਨ।
ਰਫਾਹ ਸਰਹੱਦ ’ਤੇ ਗ਼ਜ਼ਾ ਦਾ ਮਿਸਰ ਨਾਲ ਇਕੋ ਇਕ ਸੰਪਰਕ, ਰਾਹਤ ਸਮੱਗਰੀ ਨਾਲ ਭਰੇ ਟਰੱਕ ਇਲਾਕੇ ’ਚ ਦਾਖਲ ਹੋਣ ਦੀ ਇਜਾਜ਼ਤ ਦੀ ਉਡੀਕ ਕਰ ਰਹੇ ਹਨ। ਸੁਲਹ ਕਰਵਾਉਣ ਵਾਲੇ ਸਰਹੱਦ ਖੋਲ੍ਹਣ ਲਈ ਜੰਗਬੰਦੀ ਦੀ ਕੋਸ਼ਿਸ਼ ਕਰ ਰਹੇ ਹਨ। ਇਜ਼ਰਾਇਲੀ ਹਵਾਈ ਹਮਲੇ ਤੋਂ ਬਾਅਦ ਪਿਛਲੇ ਹਫਤੇ ਤੋਂ ਸਰਹੱਦ ਨੂੰ ਬੰਦ ਕਰ ਦਿਤਾ ਗਿਆ ਹੈ। ਸੋਮਵਾਰ ਨੂੰ ਅਜਿਹਾ ਜਾਪਦਾ ਸੀ ਕਿ ਇਕ ਸਹਿਮਤੀ ਹੋ ਗਈ ਸੀ ਪਰ ਇਜ਼ਰਾਈਲ ਨੇ ਰਾਫ਼ਾ ’ਚ ਜੰਗਬੰਦੀ ਦੀਆਂ ਰੀਪੋਰਟਾਂ ਤੋਂ ਇਨਕਾਰ ਕੀਤਾ। ਇਕ ਮਿਸਰ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦਾ ਦੇਸ਼ ਅਤੇ ਇਜ਼ਰਾਈਲ ਸਹਿਮਤ ਹੋਏ ਹਨ ਕਿ ਰਾਹਤ ਸਹਾਇਤਾ ਲੈ ਕੇ ਜਾਣ ਵਾਲੇ ਸਰਹੱਦੀ ਕਾਫਿਲੇ ਗ਼ਜ਼ਾ ਅਤੇ ਇਜ਼ਰਾਈਲ ਦੇ ਵਿਚਕਾਰ ਕੇਰੇਮ ਸ਼ਾਲੋਮ ਕਰਾਸਿੰਗ ’ਤੇ ਜਾਂਚ ਦੇ ਅਧੀਨ ਹੋਣਗੇ। ਇਸ ਤੋਂ ਬਾਅਦ ਗ਼ਜ਼ਾ ’ਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਜਾਵੇਗੀ।
ਵਰਲਡ ਫੂਡ ਪ੍ਰੋਗਰਾਮ ਨੇ ਕਿਹਾ ਹੈ ਕਿ ਉਸ ਦਾ 300 ਟਨ ਭੋਜਨ ਗ਼ਜ਼ਾ ਲਿਜਾਣ ਲਈ ਰਖਿਆ ਗਿਆ ਹੈ। ਇਜ਼ਰਾਈਲ ਨੇ ਲੇਬਨਾਨ ਦੇ ਨਾਲ ਅਪਣੀ ਉੱਤਰੀ ਸਰਹੱਦ ਨੂੰ ਖਾਲੀ ਕਰ ਲਿਆ ਹੈ, ਜਿੱਥੇ ਇਸ ਦੀਆਂ ਫੌਜਾਂ ਅਤੇ ਇਰਾਨ-ਸਮਰਥਿਤ ਹਿਜ਼ਬੁੱਲਾ ਸਮੂਹ ਵਿਚਕਾਰ ਕਈ ਵਾਰ ਗੋਲੀਬਾਰੀ ਹੋਈ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਮੰਗਲਵਾਰ ਸਵੇਰੇ ਚਾਰ ਆਤਮਘਾਤੀ ਅਤਿਵਾਦੀਆਂ ਨੂੰ ਮਾਰ ਦਿਤਾ ਜੋ ਲੇਬਨਾਨ ਤੋਂ ਦੇਸ਼ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਇਜ਼ਰਾਇਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਕਿਹਾ, ‘‘ਜੋ ਕੋਈ ਵੀ ਲੇਬਨਾਨ ਦੀ ਸਰਹੱਦ ਦੇ ਨੇੜੇ ਆਵੇਗਾ, ਉਸ ਨੂੰ ਮਾਰ ਦਿੱਤਾ ਜਾਵੇਗਾ।’’