
America News: ਇਨ੍ਹਾਂ ਪੁਰਾਤਨ ਵਸਤੂਆਂ ਦੀ ਕੁਲ ਕੀਮਤ 10 ਲੱਖ ਅਮਰੀਕੀ ਡਾਲਰ ਹੈ।
America returned more than 1400 antiquities to India: ਮੱਧ ਪ੍ਰਦੇਸ਼ ਤੋਂ 1980 ਦੇ ਦਹਾਕੇ ’ਚ ਚੋਰੀ ਹੋਈ ਇਕ ਪੱਥਰ ਦੀ ਮੂਰਤੀ ਅਤੇ 1960 ਦੇ ਦਹਾਕੇ ’ਚ ਰਾਜਸਥਾਨ ਤੋਂ ਚੋਰੀ ਹੋਈ ਇਕ ਮੂਰਤੀ ਉਨ੍ਹਾਂ 1,400 ਤੋਂ ਜ਼ਿਆਦਾ ਪੁਰਾਤਨ ਵਸਤੂਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਨੇ ਭਾਰਤ ਵਾਪਸ ਲਿਆਂਦਾ ਹੈ। ਇਨ੍ਹਾਂ ਪੁਰਾਤਨ ਵਸਤੂਆਂ ਦੀ ਕੁਲ ਕੀਮਤ 10 ਲੱਖ ਅਮਰੀਕੀ ਡਾਲਰ ਹੈ।
ਭਾਰਤ ਤੋਂ ਚੋਰੀ ਕੀਤੀਆਂ 600 ਤੋਂ ਵੱਧ ਪੁਰਾਤਨ ਵਸਤੂਆਂ ਅਗਲੇ ਕੁੱਝ ਮਹੀਨਿਆਂ ’ਚ ਵਾਪਸ ਕਰ ਦਿਤੀਆਂ ਜਾਣਗੀਆਂ।
ਮੈਨਹੱਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਐਲ. ਬ੍ਰੈਗ ਜੂਨੀਅਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਚੀਜ਼ਾਂ ਇੱਥੇ ਭਾਰਤ ਦੇ ਕੌਂਸਲੇਟ ਜਨਰਲ ਦੇ ਮਨੀਸ਼ ਕੁਲਹਾਰੀ ਅਤੇ ਨਿਊਯਾਰਕ ਕਲਚਰਲ ਪ੍ਰਾਪਰਟੀ, ਆਰਟ ਐਂਡ ਐਂਟੀਕਿਊਟੀਜ਼ ਗਰੁੱਪ ਦੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਲਈ ਗਰੁੱਪ ਸੁਪਰਵਾਈਜ਼ਰ ਅਲੈਗਜ਼ੈਂਡਰਾ ਡੀ. ਅਰਮਾਸ ਦੀ ਹਾਜ਼ਰੀ ਵਿਚ ਇਕ ਸਮਾਰੋਹ ਵਿਚ ਵਾਪਸ ਕੀਤੀਆਂ ਗਈਆਂ। ਬ੍ਰੈਗ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮਾਰੋਹ ਵਿਚ ਘੱਟੋ-ਘੱਟ 1,440 ਪੁਰਾਤਨ ਵਸਤੂਆਂ ਭਾਰਤ ਵਾਪਸ ਕੀਤੀਆਂ ਗਈਆਂ, ਜਿਨ੍ਹਾਂ ਦੀ ਕੁਲ ਕੀਮਤ ਇਕ ਕਰੋੜ ਡਾਲਰ ਹੈ।
ਵਾਪਸ ਕੀਤੀਆਂ ਗਈਆਂ ਚੀਜ਼ਾਂ ’ਚ 1980 ਦੇ ਦਹਾਕੇ ’ਚ ਮੱਧ ਪ੍ਰਦੇਸ਼ ਦੇ ਇਕ ਮੰਦਰ ਤੋਂ ਚੋਰੀ ਹੋਈ ਇਕ ਡਾਂਸਰ ਦੀ ਰੇਤ ਦੇ ਪੱਥਰ ਦੀ ਮੂਰਤੀ, ਰਾਜਸਥਾਨ ਦੇ ਤਨੇਸ਼ਵਰ ਮਹਾਦੇਵ ਪਿੰਡ ਤੋਂ ਚੋਰੀ ਹੋਈ ਤਨੇਸਰ ਮਾਤਾ ਦੀ ਮੂਰਤੀ ਸ਼ਾਮਲ ਹੈ।
ਮੱਧ ਪ੍ਰਦੇਸ਼ ਤੋਂ ਚੋਰੀ ਕੀਤੀ ਗਈ ਮੂਰਤੀ ਨੂੰ ਤਸਕਰਾਂ ਨੇ ਵੇਚਣ ਦੀ ਸਹੂਲਤ ਲਈ ਦੋ ਹਿੱਸਿਆਂ ’ਚ ਵੰਡ ਦਿਤਾ ਸੀ। ਫ਼ਰਵਰੀ 1992 ਤਕ , ਦੋਹਾਂ ਹਿੱਸਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਲੰਡਨ ਤੋਂ ਨਿਊਯਾਰਕ ਲਿਜਾਇਆ ਗਿਆ। ਬਾਅਦ ’ਚ ਦੋਹਾਂ ਭਾਗਾਂ ਨੂੰ ਪੇਸ਼ੇਵਰ ਤੌਰ ’ਤੇ ਦੁਬਾਰਾ ਇਕੱਠਾ ਕੀਤਾ ਗਿਆ ਅਤੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਨੂੰ ਦਾਨ ਕਰ ਦਿਤਾ ਗਿਆ। ਇਹ ਮੂਰਤੀ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ’ਚ ਪ੍ਰਦਰਸ਼ਿਤ ਕੀਤੀ ਗਈ ਸੀ ਜਦੋਂ ਤਕ ਕਿ ਇਸ ਨੂੰ 2023 ’ਚ ਐਂਟੀਕਸ ਟ?ਰੈਫਿਕ ਯੂਨਿਟ (ਏ.ਟੀ.ਯੂ.) ਵਲੋਂ ਜ਼ਬਤ ਨਹੀਂ ਕੀਤਾ ਗਿਆ ਸੀ।
ਬੁਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਮੂਰਤੀਆਂ ਨੂੰ ਪਹਿਲੀ ਵਾਰ 1950 ਦੇ ਦਹਾਕੇ ਦੇ ਅਖੀਰ ਵਿਚ ਇਕ ਭਾਰਤੀ ਪੁਰਾਤੱਤਵ ਵਿਗਿਆਨੀ ਨੇ ਦਸਤਾਵੇਜ਼ਬੱਧ ਕੀਤਾ ਸੀ। ਇਨ੍ਹਾਂ ’ਚੋਂ ਕੁੱਝ ਮੂਰਤੀਆਂ 1960 ਦੇ ਦਹਾਕੇ ਦੇ ਸ਼ੁਰੂ ’ਚ ਚੋਰੀ ਹੋ ਗਈਆਂ ਸਨ।
ਤਨੇਸ਼ਵਰ ਮਾਤਾ ਦੀ ਮੂਰਤੀ 1968 ਤਕ ਮੈਨਹਟਨ ਗੈਲਰੀ ’ਚ ਸੀ। ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਨੇ 1993 ’ਚ ਤਨੇਸ਼ਵਰ ਮਾਤਾ ਦੀ ਮੂਰਤੀ ਨੂੰ ਅਪਣੇ ਕਬਜ਼ੇ ’ਚ ਲੈ ਲਿਆ ਸੀ, ਜਿੱਥੇ ਇਹ 2022 ’ਚ ਏਟੀਯੂ ਵਲੋਂ ਜ਼ਬਤ ਕੀਤੇ ਜਾਣ ਤਕ ਪ੍ਰਦਰਸ਼ਿਤ ਕੀਤੀ ਗਈ ਸੀ।
ਬ੍ਰੈਗ ਨੇ ਕਿਹਾ, ‘‘ਅਸੀਂ ਭਾਰਤੀ ਸਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਵਾਲੇ ਵੱਖ-ਵੱਖ ਤਸਕਰੀ ਨੈੱਟਵਰਕਾਂ ਦੀ ਜਾਂਚ ਜਾਰੀ ਰੱਖਾਂਗੇ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਬ੍ਰੈਗ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਅਟਾਰਨੀ ਦੀ ਪੁਰਾਤੱਤਵ ਰੋਕੂ ਇਕਾਈ ਨੇ 30 ਤੋਂ ਵੱਧ ਦੇਸ਼ਾਂ ਤੋਂ ਚੋਰੀ ਕੀਤੀਆਂ 2,100 ਤੋਂ ਵੱਧ ਪੁਰਾਤਨ ਵਸਤੂਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਕੀਮਤ ਲਗਭਗ 23 ਕਰੋੜ ਡਾਲਰ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਲਗਭਗ 1,000 ਪੁਰਾਤਨ ਵਸਤੂਆਂ ਵਾਪਸ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 600 ਤੋਂ ਵੱਧ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਸਨ ਅਤੇ ਇਸ ਸਾਲ ਦੇ ਸ਼ੁਰੂ ਵਿਚ ਬਰਾਮਦ ਕੀਤੀਆਂ ਗਈਆਂ ਸਨ।