
ਜੈਸਨ ਕੈਨੀ ਦੀ ਪਾਰਟੀ ਨੇ 87 ਸੀਟਾਂ ਵਿਚੋਂ 63 'ਤੇ ਜਿੱਤ ਪ੍ਾਪਤ ਕੀਤੀ
ਅਲਬਰਟਾ : ਸਾਬਕਾ ਫ਼ੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਅਲਬਰਟਾ ਦੀਆਂ ਵਿਧਾਨ ਸਭਾ ਚੋਣਾਂ 'ਚ ਬਹੁਗਿਣਤੀ ਨਾਲ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਰੇਚਲ ਨੌਟਲੇ ਦੀ ਅਗਵਾਈ ਵਾਲੀ ਐਨਡੀਪੀ ਸਰਕਾਰ ਨੂੰ ਸ਼ਿਕਸਤ ਦਿੱਤੀ। ਜੈਸਨ ਕੈਨੀ ਦੀ ਪਾਰਟੀ ਹੂੰਝਾਫ਼ੇਰ ਜਿੱਤ ਹਾਸਲ ਕਰਦਿਆਂ 87 ਸੀਟਾਂ ਵਿਚੋਂ 63 'ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਜਦਕਿ ਸੱਤਾਧਾਰੀ ਐਨ.ਡੀ.ਪੀ. ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 24 ਸੀਟਾਂ 'ਤੇ ਸਿਮਟ ਕੇ ਰਹਿ ਗਈ।
Alberta election: UCP wins majority victory over NDP
ਇਨ੍ਹਾਂ ਚੋਣਾਂ 'ਚ ਕੁਲ 7 ਭਾਰਤੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਿਨ੍ਹਾਂ 'ਚ 4 ਪੰਜਾਬੀ ਹਨ। ਕੈਲਗਰੀ-ਫ਼ਾਲਕਨਬ੍ਰਿਜ ਸੀਟ 'ਤੇ ਪੰਜਾਬੀ ਉਮੀਦਵਾਰਾਂ ਦਰਮਿਆਨ ਬੇਹੱਦ ਫ਼ਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ, ਜਿਥੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਦਵਿੰਦਰ ਤੂਰ 200 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ੍ਹਾਂ ਨੇ ਐਨ.ਡੀ.ਪੀ. ਦੇ ਪਰਮੀਤ ਸਿੰਘ ਬੋਪਾਰਾਏ ਨੂੰ ਹਰਾਇਆ। ਐਲਬਰਟਾ ਪਾਰਟੀ ਦੇ ਜਸਬੀਰ ਸਿੰਘ ਅਤੇ ਲਿਬਰਲ ਪਾਰਟੀ ਦੇ ਦੀਪਕ ਸ਼ਰਮਾ ਲੜੀਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ।
Alberta election: UCP wins majority victory over NDP
ਐਡਮਿੰਟਨ-ਮੀਡੋਜ਼ ਰਾਈਡਿੰਗ ਵਿਚ ਐਨ.ਡੀ.ਪੀ. ਦੇ ਜਸਵੀਰ ਦਿਉਲ 6803 ਵੋਟਾਂ ਲੈ ਕੇ ਜੇਤੂ ਰਹੇ, ਜਿਨ੍ਹਾਂ ਨੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਲੈਨ ਰੋਡਜ਼ ਨੂੰ 1902 ਵੋਟਾਂ ਦੇ ਫ਼ਰਕ ਨਾਲ ਹਰਾਇਆ। ਐਲਬਰਟਾ ਪਾਰਟੀ ਦੇ ਅਮਰਜੀਤ ਮਠਾੜੂ ਨੂੰ 1449 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ 'ਤੇ ਰਹੇ। ਉਧਰ ਐਡਮਿੰਟਨ-ਸਟ੍ਰੈਥਕੌਨਾ ਸੀਟ 'ਤੇ ਪੰਜਾਬੀ ਮੂਲ ਦੀ ਯੂ.ਸੀ.ਪੀ. ਉਮੀਦਵਾਰ ਕੁਲਸ਼ਾਨ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਕੁਲਸ਼ਾਨ ਗਿੱਲ ਦਾ ਮੁਕਾਬਲਾ ਪ੍ਰੀਮੀਅਰ ਰੇਚਲ ਨੌਟਲੇ ਨਾਲ ਸੀ। ਰੇਚਲ ਨੌਟਲੇ ਨੂੰ 9373 ਵੋਟਾਂ ਮਿਲੀਆਂ ਜਦਕਿ ਕੁਲਸ਼ਾਨ ਗਿੱਲ 2329 ਵੋਟਾਂ ਹੀ ਹਾਸਲ ਕਰ ਸਕੀ।
Alberta election: UCP wins majority victory over NDP
ਇਸ ਤੋਂ ਇਲਾਵਾ ਐਡਮਿੰਟਨ ਵ੍ਹਾਈਟ ਮਡ ਤੋਂ ਰਾਖੀ ਪੰਚੋਲੀ, ਕੈਲਗਰੀ ਈਸਟ ਤੋਂ ਪੀਟਰ ਸਿੰਘ, ਕੈਲਗਰੀ ਐੱਚ ਮਾਊਂਟ ਤੋਂ ਪ੍ਰਸਾਦ ਪਾਂਡਾ, ਕੈਲਗਰੀ ਨਾਰਥ ਤੋਂ ਰੰਜਨ ਸਾਹਨੀ, ਕੈਲਗਰੀ ਤੋਂ ਲੀਲਾ ਅਹੀਰ ਜੇਤੂ ਰਹੇ। ਉਧਰ 2015 ਦੀਆਂ ਚੋਣਾਂ ਵਿਚ 3 ਸੀਟਾਂ 'ਤੇ ਜੇਤੂ ਰਹੀ ਐਲਬਰਟਾ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ। ਇਸ ਤੋਂ ਵੀ ਮਾੜਾ ਹਾਲ ਲਿਬਰਲ ਪਾਰਟੀ ਦਾ ਹੋਇਆ ਜੋ ਕੁਲ ਵੋਟਾਂ ਦਾ ਇਕ ਫ਼ੀ ਸਦੀ ਹਾਸਲ ਕਰਨ ਵਿਚ ਵੀ ਸਫ਼ਲ ਨਾ ਹੋਈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਇਸ ਸੂਬੇ 'ਚ ਜਿੱਤ ਹਾਸਲ ਕਰ ਕੇ ਸਰਕਾਰ ਬਣਾਈ ਸੀ। ਪਿਛਲੀ ਵਾਰ 54 ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ 24 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ।