
ਪਹਿਲੇ ਯੁੱਧ ਦੇ ਖ਼ਤਮ ਹੋਣ ਮਗਰੋਂ ਵੱਡੀ ਮੁਸੀਬਤ ਬਣਿਆ ਸੀ ਸਪੇਨਿਸ਼ ਫਲੂ
ਚੰਡੀਗੜ੍ਹ: ਮੌਜੂਦਾ ਸਮੇਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ, ਹੁਣ ਤਕ ਇਸ ਖ਼ਤਰਨਾਕ ਵਾਇਰਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਇਸ ਦੀ ਲਪੇਟ ਵਿਚ ਆਏ ਹੋਏ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਖ਼ਤਰਨਾਕ ਵਾਇਰਸ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ, ਜਿਸ ਦੇ ਅੱਗੇ ਕੋਰੋਨਾ ਵਾਇਰਸ ਵੀ ਕੁੱਝ ਨਹੀਂ ਅਤੇ ਇਸ ਖ਼ਤਰਨਾਕ ਵਾਇਰਸ ਨੇ 5 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ।
Photo
ਆਓ ਜਾਣਦੇ ਹਾਂ ਇਸ ਖ਼ਤਰਨਾਕ ਵਾਇਰਸ ਦਾ ਨਾਂਅ ਅਤੇ ਇਹ ਕਿੱਥੇ ਫੈਲਿਆ ਸੀ? ਗੱਲ ਕਰੀਬ 100 ਸਾਲ ਪਹਿਲਾਂ ਨਵੰਬਰ 1918 ਦੀ ਹੈ, ਜਦੋਂ ਦੁਨੀਆ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ 2 ਕਰੋੜ ਲੋਕਾਂ ਦੇ ਦੁੱਖ ਤੋਂ ਉਭਰ ਹੀ ਰਹੀ ਸੀ ਕਿ ਉਨ੍ਹਾਂ ਨੂੰ ਇਕ ਹੋਰ ਮੁਸੀਬਤ ਨੇ ਆਣ ਘੇਰਿਆ। ਇਹ ਖ਼ਤਰਨਾਕ ਮੁਸੀਬਤ ਇਕ ਫਲੂ ਸੀ, ਜਿਸ ਨੂੰ ਸਪੇਨਿਸ਼ ਫਲੂ ਦਾ ਨਾਂਅ ਦਿੱਤਾ ਗਿਆ।
Photo
ਮੰਨਿਆ ਜਾਂਦਾ ਹੈ ਕਿ ਇਸ ਫਲੂ ਦੀ ਸ਼ੁਰੂਆਤ ਭੀੜ ਭੜੱਕੇ ਵਾਲੇ ਜੰਗ ਦੇ ਪੱਛਮੀ ਮੋਰਚੇ 'ਤੇ ਸਥਿਤ ਫ਼ੌਜੀ ਟ੍ਰੇਨਿੰਗ ਕੈਂਪਾਂ ਵਿਚ ਹੋਈ। ਫਰਾਂਸ ਦੀ ਸਰਹੱਦ ਨਾਲ ਲੱਗਦੇ ਹਿੱਸਿਆਂ ਵਿੱਚ ਮਾੜੇ ਸਾਫ਼-ਸਫ਼ਾਈ ਵਾਲੇ ਹਾਲਾਤਾਂ ਕਾਰਨ ਇਹ ਫਲੂ ਉੱਥੇ ਪੈਦਾ ਹੋਇਆ ਅਤੇ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ। ਨਵੰਬਰ 1918 ਵਿਚ ਜੰਗ ਤਾਂ ਖ਼ਤਮ ਹੋ ਗਈ ਪਰ ਖ਼ਤਰਾ ਨਹੀਂ ਟਲਿਆ। ਇਹ ਖ਼ਤਰਾ ਸੀ, ਫ਼ੌਜੀਆਂ ਵੱਲੋਂ ਲਿਆਂਦੀ ਗਈ ਭਿਆਨਕ ਬਿਮਾਰੀ ਦਾ।
Photo
ਇਸ ਫਲੂ ਕਾਰਨ ਜਿੱਥੇ ਵੱਡੀ ਮਾਤਰਾ ਵਿਚ ਆਰਥਿਕ ਨੁਕਸਾਨ ਹੋਇਆ, ਉਥੇ ਹੀ ਇਸ ਨਾਲ 5 ਕਰੋੜ ਤੋਂ 10 ਕਰੋੜ ਦੇ ਵਿਚਕਾਰ ਲੋਕਾਂ ਦੀ ਮੌਤ ਹੋ ਜਾਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਭਾਵੇਂ ਕਿ ਦੁਨੀਆ ਵਿੱਚ ਪਹਿਲਾਂ ਵੀ ਕਈ ਵਾਰ ਮਹਾਮਾਰੀਆਂ ਫੈਲੀਆਂ ਪਰ ਇਹ ਮਹਾਂਮਾਰੀ ਕਿਸੇ ਵੀ ਹੋਰ ਫਲੂ ਨਾਲੋਂ ਸਭ ਤੋਂ ਵੱਧ ਖ਼ਤਰਨਾਕ ਸੀ ਜੋ ਲੋਕਾਂ ਨੂੰ ਨਿਗਲਦੀ ਹੀ ਜਾ ਰਹੀ ਸੀ।
Photo
ਜਿਸ ਤਰ੍ਹਾਂ ਮੌਜੂਦਾ ਸਮੇਂ ਕੋਵਿਡ-19 ਨਾਲ ਮਰਨ ਵਾਲੇ ਲੋਕ ਇਕ ਤਰ੍ਹਾਂ ਦੇ ਨਮੂਨੀਆ ਨਾਲ ਜੂਝਦੇ ਹਨ। ਸਰੀਰ ਵਿਚ ਵਾਇਰਸ ਦੇ ਫੈਲਣ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਨਮੂਨੀਏ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਇਹੋ ਚੀਜ਼ ਸਪੈਨਿਸ਼ ਫਲੂ ਵਿੱਚ ਵੀ ਦੇਖਣ ਨੂੰ ਮਿਲਦੀ ਸੀ। ਹਾਲਾਂਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੈਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕਿਤੇ ਘੱਟ ਹੈ।
Photo
ਜਦੋਂ ਸਪੈਨਿਸ਼ ਫਲੂ ਫੈਲਿਆ, ਉਸ ਵੇਲੇ ਹਵਾਈ ਉਡਾਨ ਆਪਣੀ ਹੋਂਦ ਦੇ ਮੁੱਢਲੇ ਸਾਲਾਂ ਵਿਚ ਹੀ ਸੀ। ਇਸ ਕਰਕੇ ਦੁਨੀਆ ਦੇ ਕੁਝ ਹਿੱਸੇ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚੇ ਰਹੇ। ਰੇਲਗੱਡੀਆਂ ਵਿਚ ਸਫ਼ਰ ਕਰਨ ਵਾਲਿਆਂ ਦੇ ਨਾਲ ਇਹ ਬਿਮਾਰੀ ਮੱਧਮ ਦਰ 'ਤੇ ਦੁਨੀਆ ਦੇ ਕਈ ਸ਼ਹਿਰਾਂ ਵਿਚ ਫੈਲੀ। ਕਈ ਥਾਵਾਂ 'ਤੇ ਤਾਂ ਫਲੂ ਨੇ ਆਪਣੀ ਹੋਂਦ ਦੇ ਕਈ ਮਹੀਨਿਆਂ ਤੇ ਸਾਲਾਂ ਬਾਅਦ ਕਹਿਰ ਮਚਾਇਆ ਪਰ ਕਈ ਦੇਸ਼ਾਂ ਨੇ ਸਾਵਧਾਨੀ ਵਰਤ ਕੇ ਇਸ ਫਲੂ ਨੂੰ ਆਪਣੇ ਤੋਂ ਦੂਰ ਰੱਖਿਆ।
Photo
ਡਾਕਟਰਾਂ ਮੁਤਾਬਕ, ਸਪੈਨਿਸ਼ ਫਲੂ ਨਾਲ 'ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ' ਹੋਈ। ਹੋਰ ਤਾਂ ਹੋਰ ਇਸ ਬਿਮਾਰੀ ਨਾਲ ਮਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਲੋਕ ਜਵਾਨ ਤੇ ਤੰਦਰੁਸਤ ਸਨ। ਅਕਸਰ ਮਨੁੱਖ ਦਾ ਇਮਿਊਨ ਸਿਸਟਮ ਕਿਸੇ ਵੀ ਤਰ੍ਹਾਂ ਦੇ ਫਲੂ ਨਾਲ ਆਸਾਨੀ ਨਾਲ ਲੜ ਲੈਂਦਾ ਹੈ ਪਰ ਸਪੈਨਿਸ਼ ਫਲੂ ਵਿਚ ਫੈਲਣ ਵਾਲਾ ਵਾਇਰਸ ਇੰਨੀ ਤੇਜ਼ੀ ਨਾਲ ਇਮਿਊਨ ਸਿਸਟਮ 'ਤੇ ਹਮਲਾ ਕਰਦਾ ਸੀ ਕਿ ਇਸ ਦੀ ਤੁਲਨਾ ਇਕ ਤੂਫ਼ਾਨ ਨਾਲ ਕਰਦਿਆਂ ਇਸ ਦੇ ਹਮਲੇ ਨੂੰ 'ਕਾਏਟੋਕਾਇਨ ਸਟਰੋਮ' ਦਾ ਨਾਂਅ ਦਿੱਤਾ ਗਿਆ।
Photo
ਇਸ ਦਾ ਹਮਲਾ ਹੁੰਦਿਆਂ ਹੀ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਅਤੇ ਕੁੱਝ ਦਿਨਾਂ ਵਿਚ ਹੀ ਵਿਅਕਤੀ ਦੀ ਮੌਤ ਹੋ ਜਾਂਦੀ। ਸਪੈਨਿਸ਼ ਫਲੂ ਤੋਂ ਬਜ਼ੁਰਗਾਂ ਨੂੰ ਘੱਟ ਖ਼ਤਰਾ ਸੀ ਕਿਉਂਕਿ ਉਨ੍ਹਾਂ ਨੇ 1830 ਦੇ ਦਹਾਕੇ ਵਿਚ ਫੈਲੀਆਂ ਇਹੋ ਜਿਹੀਆਂ ਕੁੱਝ ਬਿਮਾਰੀਆਂ ਦਾ ਸਾਹਮਣਾ ਕੀਤਾ ਹੋਇਆ ਸੀ ਪਰ ਇਸ ਦੇ ਉਲਟ ਕੋਰੋਨਾ ਵਾਇਰਸ ਜ਼ਿਆਦਾਤਰ ਬਜ਼ੁਰਗਾਂ ਵਿਚ ਫੈਲ ਰਿਹਾ ਹੈ। ਇਸ ਨਾਲ ਮਰਨ ਵਾਲੇ ਵਧੇਰੇ ਲੋਕਾਂ ਦੀ ਗਿਣਤੀ 80 ਸਾਲਾ ਤੋਂ ਵਧ ਉਮਰ ਦੇ ਬਜ਼ੁਰਗਾਂ ਦੀ ਹੈ।
Photo
ਸਪੈਨਿਸ਼ ਫਲੂ ਨਾਲ ਮਰਨ ਵਾਲੇ ਵਧੇਰੇ ਲੋਕ ਗਰੀਬ ਸਨ। ਉਹ ਮਾੜੇ ਹਾਲਾਤਾਂ ਵਿਚ ਰਹਿੰਦੇ ਸਨ। ਨਾ ਤਾਂ ਉਨ੍ਹਾਂ ਕੋਲ ਚੰਗਾ ਭੋਜਨ ਸੀ ਤੇ ਨਾ ਰਹਿਣ ਲਈ ਸਾਫ਼-ਸੁਥਰਾ ਮਾਹੌਲ। ਇਸ ਬਿਮਾਰੀ ਦੇ ਫੈਲਣ ਮਗਰੋਂ ਹੀ ਲੋਕਾਂ ਦੀ ਸਿਹਤ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਵਿਗਿਆਨੀਆਂ ਤੇ ਸਰਕਾਰਾਂ ਨੇ ਮਹਾਮਾਰੀਆਂ ਨਾਲ ਜੂਝਣ ਲਈ ਲੋਕਾਂ ਨੂੰ ਵਧੀਆ ਪ੍ਰਬੰਧ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ।
Photo
ਉਨ੍ਹਾਂ ਦਾ ਮੰਨਣਾ ਸੀ ਕਿ ਪਹਿਲਾਂ ਨਾਲੋਂ ਹੁਣ ਮਹਾਮਾਰੀਆਂ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ। ਇੱਕ-ਇੱਕ ਮਰੀਜ਼ ਨੂੰ ਬਿਮਾਰੀ ਤੋਂ ਬਚਾਉਣ ਦੀ ਥਾਂ ਜ਼ਰੂਰੀ ਸੀ ਕਿ ਸਰਕਾਰ ਆਪਣੇ ਸਾਰੇ ਸਰੋਤ ਲੋਕਾਂ ਨੂੰ ਬਚਾਉਣ ਵਿਚ ਲਾਵੇ। ਜ਼ਰੂਰੀ ਸੀ ਕਿ ਮਹਾਂਮਾਰੀ ਦੀ ਸਥਿਤੀ ਨੂੰ ਵੀ ਕਿਸੇ ਜੰਗ ਤੋਂ ਘੱਟ ਨਾ ਸਮਝਿਆ ਜਾਵੇ। ਬਿਮਾਰੀ ਨਾਲ ਪੀੜਤ ਲੋਕਾਂ ਨੂੰ ਬਾਕੀਆਂ ਤੋਂ ਵੱਖਰਾ ਕਰ ਦਿੱਤਾ ਜਾਵੇ, ਤੇ ਲੋਕਾਂ ਨੂੰ ਘੱਟ ਤੋਂ ਘੱਟ ਘਰੋਂ ਨਿਕਲਣ ਦੀ ਇਜ਼ਾਜਤ ਦਿੱਤੀ ਜਾਵੇ। ਕੋਰੋਨਾ ਵਾਇਰਸ ਤੋਂ ਬਚਣ ਲਈ ਜਿਹੜੇ ਕਦਮ ਅੱਜ ਚੁੱਕੇ ਜਾ ਰਹੇ ਨੇ, ਉਹ ਸਪੈਨਿਸ਼ ਫਲੂ ਦੀ ਹੀ ਦੇਣ ਨੇ। ਇਸ ਲਈ ਸਾਰਿਆਂ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ।