
ਕਿਹਾ, ਅਫ਼ਗ਼ਾਨਿਸਤਾਨ 'ਚ ਗੁਰਦਵਾਰੇ ਵਰਗੇ ਪਵਿੱਤਰ ਸਥਾਨ 'ਤੇ ਹਮਲਾ ਉਨ੍ਹਾਂ ਦੀ 'ਖ਼ਤਰਨਾਕ ਹਾਲਤ' ਨੂੰ ਦਰਸਾਉਂਦਾ ਹੈ
ਵਾਸ਼ਿੰਗਟਨ, 20 ਮਈ : ਅਫ਼ਗ਼ਾਨਿਸਤਾਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਿੱਖ ਅਤੇ ਹਿੰਦੂ ਭਾਈਚਾਰਿਆਂ ਨਾਲ ਇਕਜੁਟਤਾ ਵਿਖਾਉਂਦਿਆਂ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਜੋ ਬਾਈਡੇਨ ਨੇ ਕਿਹਾ ਕਿ ਇਕ ਗੁਰਦਵਾਰੇ ਨੂੰ ਨਿਸ਼ਾਨਾ ਬਣਾਉਣ ਸਮੇਤ ਹਾਲ ਹੀ ਵਿਚ ਹੋਏ ਯੁੱਧ ਤੋਂ ਪ੍ਰਭਾਵਤ ਇਸ ਦੇਸ਼ ਵਿਚ ਧਾਰਮਕ ਘੱਟਗਿਣਤੀਆਂ ਦੇ 'ਖ਼ਤਰਨਾਕ ਹਾਲਾਤ' ਨੂੰ ਵਿਖਾਉਂਦੇ ਹਨ। ਨਾਲ ਹੀ ਉਨ੍ਹਾਂ ਟਰੰਪ ਪ੍ਰਸ਼ਾਸਨ ਤੋਂ ਐਮਰਜੈਂਸੀ ਸ਼ਰਨਾਰਥੀ ਸੁਰੱਖਿਆ ਲਈ ਬੇਨਤੀ 'ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਹਿੰਦੂ ਅਤੇ ਸਿੱਖ ਭਾਈਚਾਰਾ ਅਫ਼ਗ਼ਾਨੀ ਹੈ ਅਤੇ ਦੇਸ਼ ਦੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਘੱਟਗਿਣਤੀਆਂ ਨੇ ਜਿਸ ਭਿਆਨਕ ਪ੍ਰੇਸ਼ਾਨੀ ਦਾ ਸਾਹਮਣਾ ਕੀਤਾ ਹੈ ਉਹ ਅਜਿਹੀ ਤ੍ਰਾਸਦੀ ਹੈ ਜਿਸ ਦਾ ਸ਼ਬਦਾਂ ਵਿਚ ਵਰਨਣ ਨਹੀਂ ਕੀਤਾ ਜਾ ਸਕਦਾ। ਬਾਈਡੇਨ ਨੇ ਇਕ ਆਨਲਾਈਨ ਮੰਚ 'ਮੀਡੀਅਮ' 'ਤੇ ਹਾਲ ਹੀ ਵਿਚ ਕੀਤੇ ਗਏ ਪੋਸਟ ਵਿਚ ਕਿਹਾ, ''ਇਸ ਹਫ਼ਤੇ ਹਸਪਾਤਲ ਵਿਚ ਇਕ ਵਾਰਡ 'ਤੇ ਭਿਆਨਕ ਹਮਲੇ ਸਮੇਤ ਅਫ਼ਗ਼ਾਨਿਸਤਾਨ ਵਿਚ ਹਾਲ ਹੀ ਵਿਚ ਵਧੀ ਹਿੰਸਾ ਦੇ ਮੱਦੇਨਜ਼ਰ ਮੈਂ ਉਥੇ ਸਿੱਖਾਂ ਅਤੇ ਹਿੰਦੂਆਂ ਸਾਹਮਣੇ ਪੈਦਾ ਹੋਏ ਹਾਲਾਤ ਨੂੰ ਲੈ ਕੇ ਚਿੰਤਾ ਜਤਾਉਂਦਾ ਹਾਂ। ਇਸ ਹਿੰਸਾ ਦੌਰਾਨ ਮਾਰਚ ਵਿਚ ਕਾਬੁਲ ਸਥਿਤ ਪਵਿੱਤਰ ਅਸਥਾਨ ਗੁਰਦਵਾਰਾ ਹਰ ਰਾਇ ਸਾਹਿਬ ਵਿਚ ਸਿੱਖਾਂ 'ਤੇ ਅਤਿਵਾਦੀ ਹਮਲਾ ਵੀ ਸ਼ਾਮਲ ਹੈ। ਸਿੱਖ ਅਤੇ ਹਿੰਦੂ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਬਾਹਰੀ ਲੋਕ ਨਹੀਂ ਹਨ।''
ਉਨ੍ਹਾਂ ਕਿਹਾ, ''ਮੈਂ ਅਫ਼ਗ਼ਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਇਕਜੁਟਤਾ ਵਿਖਾਉਂਦਿਆਂ ਉਨ੍ਹਾਂ ਦੇ ਪਰਵਾਰਾਂ ਲਈ ਸੁਰਖਿਆ ਅਤੇ ਅਪਣੇ ਧਰਮ ਨੂੰ ਮਾਨਣ ਦੀ ਆਜ਼ਾਦੀ ਦੇਣ ਦੀ ਮੰਗ ਕਰਦਾ ਹਾਂ ਅਤੇ ਵਿਦੇਸ਼ ਵਿਭਾਗ ਤੋਂ ਐਮਰਜੈਂਸੀ ਸ਼ਰਨਾਰਥੀ ਸੁਰੱਖਿਆ ਦੀ ਬੇਨਤੀ ਤੇ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ।''
ਸਿੱਖ ਅਮਰੀਕੀ ਪੈਰੋਕਾਰ ਸਮੂਹ 'ਸਿੱਖ ਕੋਲੀਸ਼ਨ' ਨੇ ਇਕ ਬਿਆਨ ਵਿਚ ਬਾਈਡੇਨ ਦੀ ਟਿਪਣੀ ਦਾ ਸਵਾਗਤ ਕੀਤਾ ਹੈ। ਇਹ ਸਮੂਹ ਅਮਰੀਕਾ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਂਦਾ ਹੈ। (ਏਜੰਸੀ)