
ਸਰਕਾਰੀ ਟੀਵੀ ਨੇ ਕਿਹਾ, ‘ਕਿਸੇ ਦੀ ਜਿਊਂਦੇ ਬਚਣ ਦਾ ਸੰਕੇਤ ਨਹੀਂ’
Iran helicopter crash: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਇਕ ਦਿਨ ਬਾਅਦ ਸਥਾਨਕ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਦਸਿਆ ਕਿ ਹਾਦਸੇ ਵਾਲੀ ਥਾਂ 'ਤੇ ‘ਕਿਸੇ ਦੇ ਜਿਊਂਦੇ ਬਚਣ ਦਾ ਕੋਈ ਸੰਕੇਤ ਨਹੀਂ’ ਹੈ।
ਉਧਰ ਅਲ ਜਜ਼ੀਰਾ ਨੇ ਦਸਿਆ ਹੈ ਕਿ ਰੈੱਡ ਕ੍ਰੀਸੈਂਟ ਬਚਾਅ ਦਲ ਹੈਲੀਕਾਪਟਰ ਦੇ ਕਰੈਸ਼ ਸਾਈਟ 'ਤੇ ਪਹੁੰਚ ਗਿਆ ਹੈ। ਹਾਲਾਂਕਿ ਇਹ ਨਹੀਂ ਦਸਿਆ ਗਿਆ ਹੈ ਕਿ ਇਹ ਕਿਸ ਹਾਲਤ 'ਚ ਹੈ ਅਤੇ ਜਹਾਜ਼ 'ਚ ਸਵਾਰ 9 ਲੋਕ ਜ਼ਿੰਦਾ ਹਨ ਜਾਂ ਨਹੀਂ।
ਮੀਡੀਆ ਰੀਪੋਰਟਾਂ ਅਨੁਸਾਰ ਮਲਬਾ ਮਿਲਣ ਤੋਂ ਬਾਅਦ ਇਬਰਾਹਿਮ ਰਾਇਸੀ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹੈਲੀਕਾਪਟਰ ਹਾਦਸੇ 'ਚ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ। ਈਰਾਨੀ ਬਚਾਅ ਸਮੂਹ ਰੈੱਡ ਕ੍ਰੀਸੈਂਟ ਨੇ ਇਕ ਬਿਆਨ ਵਿਚ ਕਿਹਾ, 'ਰੈੱਡ ਕ੍ਰੀਸੈਂਟ ਦੀ ਖੋਜ ਅਤੇ ਬਚਾਅ ਟੀਮਾਂ ਰਾਸ਼ਟਰਪਤੀ ਰਈਸੀ ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ’। ਹਾਲਾਂਕਿ ਇਸ ਨੇ ਇਹ ਜਾਣਕਾਰੀ ਨਹੀਂ ਦਿਤੀ ਕਿ ਰਾਸ਼ਟਰਪਤੀ ਰਈਸੀ ਅਤੇ ਉਨ੍ਹਾਂ ਦੇ ਸਾਥੀ ਜ਼ਿੰਦਾ ਹਨ ਜਾਂ ਨਹੀਂ।
ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਦੁਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰਾਸ਼ਟਰਪਤੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਦੇਸ਼ ਵਿਚ ਵਾਪਸ ਲਿਆਵੇਗਾ। ਇਹ ਹਾਦਸਾ ਹੈ ਜਾਂ ਕੋਈ ਸਾਜ਼ਿਸ਼ ਇਸ ਬਾਰੇ ਬਹਿਸ ਜਾਰੀ ਹੈ ਪਰ ਅਜੇ ਤਕ ਕੋਈ ਸਾਰਥਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।