
ਹਮਲੇ ਓਦੋਂ ਹੋਏ ,ਜਦੋਂ ਲੋਕ ਕੰਮ ਤੋਂ ਨਿਕਲ ਰਹੇ ਸਨ ਅਤੇ ਵਿਦਿਆਰਥੀ ਸਕੂਲ ਤੋਂ ਘਰ ਜਾ ਰਹੇ ਸਨ
Israeli strike : ਇਜ਼ਰਾਈਲ ਨੇ ਲੇਬਨਾਨ ਵਿੱਚ ਇੱਕ ਵਾਰ ਫਿਰ ਤਬਾਹੀ ਮਚਾਈ ਹੈ। ਰਾਜਧਾਨੀ ਬੇਰੂਤ 'ਚ ਕੀਤੇ ਹਵਾਈ ਹਮਲੇ 'ਚ ਘੱਟੋ-ਘੱਟ 59 ਲੋਕ ਜ਼ਖਮੀ ਹੋਏ ਹਨ, ਜਦਕਿ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ 'ਚ ਹਿਜ਼ਬੁੱਲਾ ਦਾ ਚੋਟੀ ਦਾ ਕਮਾਂਡਰ ਇਬਰਾਹਿਮ ਅਕੀਲ ਮਾਰਿਆ ਗਿਆ ਹੈ। ਉਹ ਹਿਜ਼ਬੁੱਲਾ ਦੀ ਰਦਵਾਨ ਯੂਨਿਟ ਦਾ ਮੁਖੀ ਸੀ। ਇਸ ਤੋਂ ਪਹਿਲਾਂ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ 'ਤੇ ਕਈ ਰਾਕੇਟ ਦਾਗੇ ਸਨ, ਜਿਸ ਤੋਂ ਬਾਅਦ ਇਜ਼ਰਾਈਲ ਨੇ ਇਹ ਹਮਲੇ ਕੀਤੇ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬੇਰੂਤ ਦੇ ਭੀੜ-ਭੜੱਕੇ ਵਾਲੇ ਦੱਖਣੀ ਉਪਨਗਰਾਂ ਵਿੱਚ ਇਜ਼ਰਾਈਲ ਦਾ ਲਕਸ਼ ਕੀ ਸੀ। ਹਮਲੇ ਓਦੋਂ ਹੋਏ ,ਜਦੋਂ ਲੋਕ ਕੰਮ ਤੋਂ ਨਿਕਲ ਰਹੇ ਸਨ ਅਤੇ ਵਿਦਿਆਰਥੀ ਸਕੂਲ ਤੋਂ ਘਰ ਜਾ ਰਹੇ ਸਨ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਪੀੜਤਾਂ ਦੀ ਪਛਾਣ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।
ਲੇਬਨਾਨ ਦੇ ਨਿਊਜ਼ ਚੈਨਲਾਂ ਨੇ ਜ਼ਖਮੀ ਲੋਕਾਂ ਨੂੰ ਢਹਿ-ਢੇਰੀ ਇਮਾਰਤ ਤੋਂ ਬਾਹਰ ਕੱਢੇ ਜਾਣ ਦੀ ਫੁਟੇਜ ਪ੍ਰਸਾਰਿਤ ਕੀਤੀ, ਜਦੋਂ ਕਿ ਐਂਬੂਲੈਂਸਾਂ ਹਮਲੇ ਵਾਲੀ ਥਾਂ 'ਤੇ ਪਹੁੰਚੀਆਂ। ਇਸ ਤੋਂ ਪਹਿਲਾਂ ਹਿਜ਼ਬੁੱਲਾ ਨੇ ਸ਼ੁੱਕਰਵਾਰ ਨੂੰ ਉੱਤਰੀ ਇਜ਼ਰਾਈਲ 'ਤੇ 140 ਤੋਂ ਜ਼ਿਆਦਾ ਰਾਕੇਟ ਦਾਗੇ ਸਨ, ਜਿਸ ਦੇ ਜਵਾਬ 'ਚ ਇਜ਼ਰਾਇਲੀ ਫੌਜ ਨੇ ਲੇਬਨਾਨ ਦੇ ਬੇਰੂਤ 'ਚ 'ਟਾਰਗੇਟ ਸਟ੍ਰਾਈਕ' ਸ਼ੁਰੂ ਕੀਤੀ ਸੀ।