
'ਗ੍ਰਾਊਂਡਸਵੈੱਲ ਨਿਊਜ਼ੀਲੈਂਡ' ਗਰੁੱਪ ਦੇ ਸਹਿਯੋਗ ਨਾਲ ਦੇਸ਼ ਭਰ ਦੇ ਕਸਬਿਆਂ ਅਤੇ ਸ਼ਹਿਰਾਂ ਵਿਚ 50 ਤੋਂ ਵੱਧ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ ਗਏ।
ਵੈਲਿੰਗਟਨ - ਨਿਊਜ਼ੀਲੈਂਡ ਸਰਕਾਰ ਦੀ ਗਊਆਂ ਦੇ ਡਕਾਰ ਅਤੇ ਹੋਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ 'ਤੇ ਟੈਕਸ ਲਾਉਣ ਦੀ ਯੋਜਨਾ ਵਿਰੁੱਧ ਸਥਾਨਕ ਕਿਸਾਨ ਭਾਈਚਾਰਾ ਸੜਕਾਂ 'ਤੇ ਉੱਤਰ ਆਇਆ। ਹਾਲਾਂਕਿ ਇਸ ਦੌਰਾਨ ਨਿੱਕਲੀਆਂ ਰੈਲੀਆਂ ਓਨੀਆਂ ਵੱਡੀਆਂ ਨਹੀਂ ਸਨ ਜਿੰਨੀ ਉਮੀਦ ਜਤਾਈ ਜਾ ਰਹੀ ਸੀ 'ਗ੍ਰਾਊਂਡਸਵੈੱਲ ਨਿਊਜ਼ੀਲੈਂਡ' ਗਰੁੱਪ ਦੇ ਸਹਿਯੋਗ ਨਾਲ ਦੇਸ਼ ਭਰ ਦੇ ਕਸਬਿਆਂ ਅਤੇ ਸ਼ਹਿਰਾਂ ਵਿਚ 50 ਤੋਂ ਵੱਧ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ ਗਏ।
ਪਿਛਲੇ ਹਫ਼ਤੇ, ਸਰਕਾਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਆਪਣੀ ਯੋਜਨਾ ਤਹਿਤ ਇੱਕ ਨਵੇਂ ਖੇਤੀਬਾੜੀ ਟੈਕਸ ਦਾ ਪ੍ਰਸਤਾਵ ਦਿੱਤਾ ਸੀ। ਇਸ ਵਿੱਚ ਗਊਆਂ ਦੇ ਡਕਾਰ 'ਤੇ ਟੈਕਸ ਲਗਾਉਣ ਦੀ ਯੋਜਨਾ ਵੀ ਸ਼ਾਮਲ ਹੈ। ਗਊਆਂ ਦੇ ਡਕਾਰ ਲੈਣ ਨਾਲ ਮੀਥੇਨ ਗੈਸ ਨਿੱਕਲਦੀ ਹੈ, ਜਿਸ ਨਾਲ ਪ੍ਰਦੂਸ਼ਣ ਫ਼ੈਲਦਾ ਹੈ।
ਨਿਊਜ਼ੀਲੈਂਡ ਵਿੱਚ ਬਹੁ-ਗਿਣਤੀ ਜਨਸੰਖਿਆ ਖੇਤੀਬਾੜੀ ਨਾਲ ਜੁੜੀ ਹੋਈ ਹੈ। ਦੇਸ਼ ਦੀ ਆਬਾਦੀ 50 ਲੱਖ ਦੇ ਕਰੀਬ ਹੈ ਪਰ ਇਸ ਦੇ ਮੁਕਾਬਲੇ ਇੱਥੇ ਇੱਕ ਕਰੋੜ ਤੋਂ ਵੱਧ ਗਊਆਂ, ਮੱਝਾਂ ਤੇ 2.6 ਕਰੋੜ ਭੇਡਾਂ ਹਨ। ਦੇਸ਼ ਵਿਚਲਾ ਲਗਭਗ ਅੱਧਾ ਗ੍ਰੀਨਹਾਉਸ ਗੈਸਾਂ ਦਾ ਨਿਕਾਸ ਖੇਤਾਂ ਤੋਂ ਆਉਂਦਾ ਹੈ, ਖ਼ਾਸ ਕਰਕੇ ਪਾਲਤੂ ਪਸ਼ੂਆਂ ਦੇ ਡਕਾਰ ਲੈਣ ਨਾਲ ਨਿੱਕਲਣ ਵਾਲੀ ਮੀਥੇਨ ਵੱਡਾ ਯੋਗਦਾਨ ਪਾਉਂਦੀ ਹੈ।
ਵੈਲਿੰਗਟਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ, ਡੇਵ ਮੈਕਰਡੀ ਨਾਂਅ ਦੇ ਇੱਕ ਕਿਸਾਨ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਨਿਰਾਸ਼ ਹੈ। ਉਸ ਨੇ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਸਾਰਾ ਸਾਲ, ਖ਼ਾਸ ਕਰਕੇ ਬਸੰਤ ਰੁੱਤ ਵਿੱਚ ਆਪਣੇ ਖੇਤਾਂ 'ਚ ਸਖ਼ਤ ਮਿਹਨਤ ਕੀਤੀ ਹੈ। ਮੈਕਰਡੀ ਨੇ ਕਿਹਾ ਕਿ ਸਰਕਾਰ ਨੂੰ ਯੋਜਨਾ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ 2050 ਤੱਕ ਦੇਸ਼ ਨੂੰ ਕਾਰਬਨ ਮੁਕਤ ਬਣਾਉਣ ਦੀ ਯੋਜਨਾ ਬਣਾਈ ਹੈ। ਯੋਜਨਾ ਵਿੱਚ 2030 ਤੱਕ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵਜੋਂ ਪਾਲ਼ੇ ਜਾਂਦੇ ਪਸ਼ੂਆਂ ਤੋਂ ਹੋਣ ਵਾਲੀ ਮੀਥੇਨ ਨਿਕਾਸੀ 'ਚ 2050 ਤੱਕ 47 ਫ਼ੀਸਦੀ ਕਟੌਤੀ ਸ਼ਾਮਲ ਹੈ।