
ਚੀਨ ਨੇ ਕੀਤਾ ਪਾਕਿਸਤਾਨ ਦਾ ਸਮਰਥਨ
ਬੀਜਿੰਗ, 20 ਅਪ੍ਰੈਲ: ਚੀਨ ਨੇ ਅਪਣੇ ਦੋਸਤ ਦੇਸ਼ ਪਾਕਿਸਤਾਨ ਦਾ ਸਮਰਥਨ ਕੀਤਾ ਹੈ। ਇਸ ਨਾਲ ਹੀ ਉਸ ਨੇ ਪਾਕਿਸਤਾਨ ਦੀਆਂ ਅਤਿਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਅੰਤਰ-ਰਾਸ਼ਟਰੀ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ ਨੂੰ 'ਅਤਿਵਾਦ ਨਿਰਯਾਤ ਫ਼ੈਕਟਰੀ' ਦਸੇ ਜਾਣ ਮਗਰੋਂ ਚੀਨ ਵਲੋਂ ਇਹ ਪ੍ਰਤੀਕਿਰਿਆ ਆਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਤਿਵਾਦ ਰੂਪੀ ਦੁਸ਼ਮਣ ਦਾ ਸਾਹਮਣਾ ਸਾਰੇ ਕਰ ਰਹੇ ਹਨ। ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਇਸ ਵਿਰੁਧ ਲੜਨ ਲਈ ਕੰਮ ਕਰਨਾ ਚਾਹੀਦਾ ਹੈ। ਹੁਆ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਅੰਤਰ-ਰਾਸ਼ਟਰੀ ਭਾਈਚਾਰਾ ਅਤਿਵਾਦ ਦਾ ਮੁਕਾਬਲਾ ਕਰਨ ਵਿਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਸਕਦਾ ਹੈ ਅਤੇ ਇਸ ਬਾਰੇ ਵਿਚ ਉਸ ਨਾਲ ਪ੍ਰਭਾਵੀ ਸਹਿਯੋਗ ਕਰ ਸਕਦਾ ਹੈ।'' ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਹੁਆ ਦੀ ਇਹ ਟਿਪਣੀ ਆਈ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਲੰਡਨ ਵਿਚ 'ਭਾਰਤ ਕੀ ਬਾਤ, ਸੱਭ ਕੇ ਸਾਥ' ਪ੍ਰੋਗਰਾਮ ਵਿਚ ਕਿਹਾ ਸੀ ਕਿ ਭਾਰਤ ਅਤਿਵਾਦ ਦਾ ਨਿਰਯਾਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਉਸ ਭਾਸ਼ਾ ਵਿਚ ਜਵਾਬ ਦੇਵੇਗਾ ਜਿਸ ਨੂੰ ਉਹ ਸਮਝਦਾ ਹੈ।
China
ਐਸ.ਸੀ.ਓ. ਦੀ ਇਹ ਬੈਠਕ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਹੋਣ ਵਾਲੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 24 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਵਿਚ ਹਿੱਸਾ ਲੈਣ ਲਈ ਬੀਤੇ ਦਿਨੀਂ ਇਥੇ ਪਹੁੰਚ ਰਹੀ ਹੈ। ਇਥੇ ਉਹ ਅਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਐਤਵਾਰ ਨੂੰ ਮੁਲਾਕਾਤ ਕਰੇਗੀ। ਉਥੇ ਦੂਜੇ ਪਾਸੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਉਸੇ ਦਿਨ ਐਸ. ਸੀ. ਓ. ਰਖਿਆ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਵੇਗੀ। ਅੱਠ ਮੈਂਬਰੀ ਸੰਗਠਨ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਇਹ ਇਸ ਦੀ ਪਹਿਲੀ ਬੈਠਕ ਹੈ। ਇਸ ਸੰਗਠਨ ਵਿਚ ਚੀਨ ਅਤੇ ਰੂਸ ਖ਼ਾਸ ਭੂਮਿਕਾ ਨਿਭਾਉਂਦੇ ਹਨ। ਇਸ ਸਾਲ ਜੂਨ ਵਿਚ ਚੀਨ ਵਿਚ ਹੋਣ ਵਾਲੇ ਐਸ. ਸੀ. ਓ. ਦੇ ਸੰਮੇਲਨ ਵਿਚ ਮੋਦੀ ਵੀ ਸ਼ਾਮਲ ਹੋਣਗੇ। ਹੁਆ ਨੇ ਕਿਹਾ ਕਿ ਅਤਿਵਾਦ ਨਾਲ ਜੁੜੇ ਮੁੱਦਿਆਂ 'ਤੇ ਐਸ.ਸੀ.ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਚਰਚਾ ਹੋਵੇਗੀ। (ਪੀ.ਟੀ.ਆਈ)