
ਕਿਹਾ - ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਾਂਗਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਮੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ 'ਵਿਸਫ਼ੋਟਕ' ਹਾਲਤ ਬਾਰੇ ਇਕ ਵਾਰ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਕ ਹਫ਼ਤੇ ਦੇ ਅੰਦਰ ਇਹ ਮੁੱਦਾ ਚੁੱਕਣਗੇ। ਅਮਰੀਕਾ ਨੇ ਮੋਦੀ ਨੂੰ ਕਸ਼ਮੀਰ 'ਚ ਤਣਾਅ ਘੱਟ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
Jammu and Kashmir
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਕਸ਼ਮੀਰ ਬਹੁਤ ਸੰਵੇਦਨਸ਼ੀਲ ਥਾਂ ਹੈ। ਇਥੇ ਹਿੰਦੂ ਹਨ ਅਤੇ ਮੁਸਲਮਾਨ ਵੀ। ਮੈਂ ਨਹੀਂ ਕਹਾਂਗਾ ਕਿ ਉਨ੍ਹਾਂ ਵਿਚਕਾਰ ਕਾਫ਼ੀ ਮੇਲਜੋਲ ਹੈ। ਵਿਚੋਲਗੀ ਲਈ ਜੋ ਵੀ ਵਧੀਆ ਹੋ ਸਕੇਗਾ, ਮੈਂ ਉਹ ਕਰਾਂਗਾ।" ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਕਸ਼ਮੀਰ ਬਾਰੇ ਭਾਰਤ ਵਿਰੁੱਧ ਬਿਆਨਬਾਜ਼ੀ 'ਚ ਸਾਵਧਾਨੀ ਵਰਤਣ ਨੂੰ ਕਿਹਾ ਸੀ।
Donald Trump with Imran Khan
ਟਰੰਪ ਨੇ ਨਰਿੰਦਰ ਮੰਦੀ ਨਾਲ ਸੋਮਵਾਰ ਨੂੰ ਫ਼ੋਨ 'ਤੇ ਲਗਭਗ 30 ਮਿੰਟ ਗੱਲ ਕਰਨ ਤੋਂ ਬਾਅਦ ਇਮਰਾਨ ਖ਼ਾਨ ਨਾਲ ਗੱਲਬਾਤ ਕੀਤੀ ਸੀ। ਮੋਦੀ ਨੇ ਗੱਲਬਾਤ ਦੌਰਾਨ ਪਾਕਿਸਤਾਨੀ ਆਗੂਆਂ ਵੱਲੋਂ ਭਾਰਤ ਵਿਰੁਧ ਹਿੰਸਾ ਲਈ ਭੜਕਾਊ ਬਿਆਨਬਾਜ਼ੀ ਅਤੇ ਉਕਸਾਉਣ ਦਾ ਮੁੱਦਾ ਚੁੱਕਿਆ ਸੀ। ਵ੍ਹਾਈਟ ਹਾਊਸ ਮੁਤਾਬਕ ਟਰੰਪ ਨੇ ਇਮਰਾਨ ਖ਼ਾਨ ਨਾਲ ਜੰਮੂ-ਕਸ਼ਮੀਰ ਮਾਮਲੇ 'ਤੇ ਭਾਰਤ ਵਿਰੁਧ ਬਿਆਨਬਾਜ਼ੀ 'ਚ ਨਰਮੀ ਵਰਤਣ ਅਤੇ ਤਣਾਅ ਘੱਟ ਕਰਨ ਬਾਰੇ ਚਰਚਾ ਕੀਤੀ।
Donald Trump & Narendra modi
ਜ਼ਿਕਰਯੋਗ ਹੈ ਕਿ ਕਸ਼ਮੀਰ ਮੁੱਦੇ ਬਾਰੇ ਆਪਣੀ ਮੁਹਿੰਮ ਜਾਰੀ ਰੱਖਦਿਆਂ ਇਮਰਾਨ ਖ਼ਾਨ ਨੇ ਐਤਵਾਰ ਨੂੰ ਭਾਰਤ ਸਰਕਾਰ ਨੂੰ ਤਾਨਾਸ਼ਾਹ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਦੁਨੀਆ ਨੂੰ ਭਾਰਤ ਦੇ ਪ੍ਰਮਾਣੂੰ ਪ੍ਰੋਗਰਾਮ 'ਤੇ ਵੀ ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਨਾ ਸਿਰਫ਼ ਖੇਤਰ ਸਗੋਂ ਦੁਨੀਆ 'ਤੇ ਵੀ ਅਸਰ ਪਾਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਇਮਰਾਨ ਖ਼ਾਨ ਨਾਲ ਗੱਲਬਾਤ ਦੌਰਾਨ ਟਰੰਪ ਨੇ ਦੋਹਾਂ ਧਿਰਾਂ ਨੂੰ ਸ਼ਾਂਤੀ ਬਣਾਉਣ ਲਈ ਕਿਹਾ ਸੀ।