
ਇਸ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ।
ਮੈਲਬਰਨ: 12 ਸਾਲ ਦੀ ਉਡੀਕ ਮਗਰੋਂ ਆਸਟ੍ਰੇਲੀਆ ਤੋਂ ਸਿੱਖਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਉੱਤਰ-ਪੱਛਮੀ ਸਿਡਨੀ ’ਚ ਰਾਊਜ਼ ਹਿੱਲ ਵਿਖੇ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਪ੍ਰਵਾਨਗੀ ਇਸੇ ਮਹੀਨੇ ਦੇ ਅਰੰਭ ਵਿੱਚ ਦੇਸ਼ ਦੇ ਯੋਜਨਾਬੰਦੀ ਤੇ ਜਨਤਕ ਸਥਾਨਾਂ ਬਾਰੇ ਮੰਤਰੀ ਰੌਬ ਸਟੋਕਸ ਨੇ ਦਿੱਤੀ ਹੈ। ਇਸ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ।
Sikh school
ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਾਈ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ ਜੁੜੇ ਕੰਵਰਜੀਤ ਸਿੰਘ ਨੇ ਦੱਸਿਆ, "ਹੁਣ ਆਸਟ੍ਰੇਲੀਆ ਦੇ ਸਿੱਖ ਬੱਚੇ ਵੀ ਜੱਜ, ਸਿਆਸੀ ਆਗੂ ਤੇ ਖਿਡਾਰੀ ਬਣ ਸਕਣਗੇ। ਇੱਥੇ ਸਿੱਖ ਧਰਮਾਂ ਦੇ ਨਾਲ-ਨਾਲ ਹੋਰਨਾਂ ਧਰਮਾਂ ਦੇ ਬੱਚੇ ਵੀ ਦਾਖ਼ਲਾ ਲੈ ਕੇ ਸਿੱਖਿਆ ਹਾਸਲ ਕਰ ਸਕਣਗੇ।"
sikh school
ਸਿੱਖ ਬੱਚੇ ਇੱਥੇ ਕੀਰਤਨ ਤੇ ਗੁਰਬਾਣੀ ਵੀ ਸਿੱਖ ਸਕਣਗੇ, ਜਦ ਕਿ ਹੋਰਨਾਂ ਧਰਮਾਂ ਦੇ ਬੱਚੇ ਉਸ ਦੌਰਾਨ ਹੋਰ ਗਤੀਵਿਧੀਆਂ ਕਰਨਗੇ। ਮੰਤਰੀ ਰੌਬ ਸਟੋਕਸ ਨੇ ਦੱਸਿਆ ਕਿ ਇਸ ਸਕੂਲ ਦਾ ਨਿਰਮਾਣ ਉੱਤਰ-ਪੱਛਮੀ ਲਾਈਨ 'ਤੇ ਟੈਲਾਵੌਂਗ ਮੈਟਰੋ ਸਟੇਸ਼ਨ ਨੇੜੇ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਵੱਖ-ਵੱਖ ਧਾਰਮਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਸਨ ਪਰ ਸਿੱਖ ਸਕੂਲ ਅਪਣੀ ਕਿਸਮ ਦਾ ਨਿਵੇਕਲਾ ਸਕੂਲ ਹੋਵੇਗਾ।
ਦੱਸਣਯੋਗ ਹੈ ਕਿ ਇਸ ਦੀ ਮੰਗ ਵੀ ਸਿੱਖਾਂ ਵੱਲੋਂ ਕਾਫ਼ੀ ਦੇਰ ਤੋਂ ਕੀਤੀ ਜਾ ਰਹੀ ਸੀ। ਇਸ ਸਕੂਲ ਅੰਦਰ ਸਿੱਖ ਇਤਿਹਾਸ ਨਾਲ ਜੁੜੇ ਅਤੇ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ। ਇਹ ਸਕੂਲ 2023 ਤੱਕ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਸਮੇਂ ਦੌਰਾਨ ਹੀ ਇਸ ਵਿਚ ਪੜ੍ਹਾਈ ਸ਼ੁਰੂ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ।
sikh school
10 ਏਕੜ ਦੇ ਰਕਬੇ ਵਿਚ ਬਣਾਏ ਜਾਣ ਵਾਲੇ ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਨੇ 167 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਬਜਟ ਦਿੱਤਾ ਹੈ। ਇਸ ਵਿਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ਼ ਅਤੇ ਵਿਦਿਆਰਥੀਆਂ, ਦੋਹਾਂ ਲਈ ਹੀ ਉਪਲਭਧ ਹੋਣਗੀਆਂ ਅਤੇ ਇਸ ਤੋਂ ਇਲਾਵਾ ਅੰਦਰ ਅਤੇ ਬਾਹਰ ਦੀਆਂ ਖੇਡਾਂ ਦੇ ਇੰਤਜ਼ਾਮ, ਲਾਇਬ੍ਰੇਰੀ ਅਤੇ ਪੂਜਾ ਅਰਚਨਾ ਦੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ 280 ਤਾਂ ਉਸਾਰੀ ਲਈ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਤੋਂ ਬਾਅਦ 120 ਆਪ੍ਰੇਸ਼ਨਲ ਰੋਜ਼ਗਾਰ ਵੀ ਮੁਹਈਆ ਕਰਵਾਏ ਜਾਣਗੇ ਅਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ’ਤੇ ਫ਼ਾਇਦਾ ਹੋਵੇਗਾ।
SIKH SCHOOL