
ਪੁਲਾੜ ਬਲ ਅਮਰੀਕੀ ਫ਼ੌਜ ਦਾ 6ਵਾਂ ਅਧਿਕਾਰਿਤ ਬਲ ਹੋਵੇਗਾ
ਵਾਸ਼ਿੰਗਟਨ : ਅਮਰੀਕਾ ਨੇ ਰਖਿਆ ਮੰਤਰਾਲੇ ਦੇ ਤਹਿਤ ਪੂਰਨ ਵਿਕਸਿਤ ਅਮਰੀਕੀ ਪੁਲਾੜ ਬਲ ਦਾ ਗਠਨ ਕਰ ਕੇ ਚੀਨ ਤੇ ਰੂਸ ਤੋਂ ਲਗਾਤਾਰ ਮਿਲ ਰਹੀਆਂ 21ਵੀਂ ਸਦੀ ਦੀਆਂ ਰਣਨੀਤਿਕ ਚੁਣੌਤੀਆਂ ਦਾ ਤੋੜ ਲੱਭ ਲਿਆ ਹੈ।
ਅਮਰੀਕੀ ਰਾਸ਼ਟਰਪਤੀ ਦੀ ਸੋਚ 'ਤੇ ਕੰਮ ਕਰਦੇ ਹੋਏ ਵਾਈਟ ਹਾਊਸ ਨੇ ਸੰਕੇਤ ਦਿਤਾ ਹੈ ਕਿ ਉਹ ਸਟਾਰ ਵਾਰ ਵਿਚ ਮਤਲਬ ਉਪਗ੍ਰਹਿ ਰੋਕੂ ਹਥਿਆਰ ਤੇ ਉਪਗ੍ਰਹਿ ਨੂੰ ਢੇਰ ਕਰਨ ਵਾਲੇ ਹਥਿਆਰ ਦੇ ਲਿਹਾਜ਼ ਨਾਲ ਵੀ ਅਪਣੀ ਹਕੂਮਤ ਨੂੰ ਕਿਸੇ ਵੀ ਤਰ੍ਹਾਂ ਕਾਇਮ ਰੱਖੇਗਾ। ਟਰੰਪ ਦੀ ਇਸ ਇੱਛਾ ਦਾ ਪਹਿਲਾਂ ਵਿਰੋਧ ਕੀਤਾ ਗਿਆ ਸੀ।
ਟਰੰਪ ਨੇ ਪੁਲਾੜ ਬਲ ਦੇ ਗਠਨ ਨੂੰ ਅਸਲੀਅਤ ਵਿਚ ਬਦਲਣ ਲਈ 2020 ਰਾਸ਼ਟਰੀ ਰਖਿਆ ਕਾਨੂੰਨ 'ਤੇ ਦਸਤਖ਼ਤ ਕੀਤੇ, ਜੋ ਪੈਂਟਾਗਨ ਬਲ ਦੇ ਲਈ ਸ਼ੁਰੂਆਤੀ ਬਜਟ ਤੈਅ ਕਰੇਗਾ, ਜੋ ਫੌਜ ਦੀਆਂ ਪੰਜ ਹੋਰ ਬ੍ਰਾਂਚਾਂ ਦੇ ਲਈ ਬਰਾਬਰ ਹੋਵੇਗੀ।
ਟਰੰਪ ਨੇ ਦਸਤਖ਼ਤ ਲਈ ਇਕੱਠੇ ਹੋਏ ਫ਼ੌਜ ਦੇ ਮੈਂਬਰਾਂ ਨੂੰ ਕਿਹਾ ਕਿ ਸਪੇਸ ਵਿਚ ਬਹੁਤ ਕੁਝ ਹੋਣ ਜਾ ਰਿਹਾ ਹੈ ਕਿਉਂਕਿ ਸਪੇਸ ਵਿਸ਼ਵ ਦਾ ਨਵਾਂ ਜੰਗੀ ਖੇਤਰ ਹੈ। ਪੁਲਾੜ ਬਲ ਅਮਰੀਕੀ ਫ਼ੌਜ ਦਾ 6ਵਾਂ ਅਧਿਕਾਰਿਤ ਬਲ ਹੋਵੇਗਾ। ਹੋਰ ਬਲਾਂ ਵਿਚ ਥਲ ਸੈਨਾ, ਹਵਾਈ ਫ਼ੌਜ, ਸੰਮੁਦਰੀ ਫ਼ੌਜ, ਮਰੀਨ ਤੇ ਕੋਸਟ ਗਾਰਡ ਬਲ ਸ਼ਾਮਲ ਹਨ।
ਰਖਿਆ ਮੰਤਰੀ ਮਾਰਕ ਐਸਪਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਸਮਰਥਾਵਾਂ 'ਤੇ ਸਾਡੀ ਨਿਰਭਰਤਾ ਬਹੁਤ ਤੇਜ਼ੀ ਨਾਲ ਵਧੀ ਹੈ ਤੇ ਅੱਜ ਬਾਹਰੀ ਪੁਲਾੜ ਅਪਣੇ ਆਪ ਵਿਚ ਕਿਸੇ ਜੰਗੀ ਖੇਤਰ ਵਿਚ ਤਬਦੀਲ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਉਸ ਖੇਤਰ ਵਿਚ ਅਮਰੀਕੀ ਹਕੂਮਤ ਨੂੰ ਬਰਕਰਾਰ ਰੱਖਣਾ ਹੁਣ ਅਮਰੀਕੀ ਪੁਲਾੜ ਬਲ ਦਾ ਮਿਸ਼ਨ ਹੈ।