
10 ਲੱਖ ਏਕੜ ਇਲਾਕਾ ਹੋਇਆ ਖ਼ਾਕ, 5 ਲੋਕਾਂ ਦੀ ਮੌਤ
ਕੈਲੇਫੋਰਨੀਆ: ਆਸਟ੍ਰੇਲੀਆ ਤੋਂ ਬਾਅਦ ਹੁਣ ਅਮਰੀਕਾ ਦੇ ਕੈਲੇਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਮਹਿਜ਼ ਇਕ ਹਫ਼ਤੇ ਵਿਚ ਇਸ ਭਿਆਨਕ ਅੱਗ ਨੇ ਕਰੀਬ 10 ਲੱਖ ਏਕੜ ਦੇ ਇਲਾਕੇ ਨੂੰ ਖਾਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਹੀ ਬਸ ਨਹੀਂ, ਇਸ ਭਿਆਨਕ ਅੱਗ ਦੀ ਵਜ੍ਹਾ ਨਾਲ ਹਜ਼ਾਰਾਂ ਘਰਾਂ ਨੂੰ ਵੀ ਨੁਕਸਾਨ ਪੁੱਜਿਆ।
California
ਭਾਵੇਂ ਕਿ ਫਾਇਰ ਬ੍ਰਿਗੇਡ ਕਰਮਚਾਰੀ ਲਗਾਤਾਰ ਅੱਗ ਬੁਝਾਉਣ ਵਿਚ ਲੱਗੇ ਹੋਏ ਨੇ ਪਰ ਮੌਸਮ ਬਦਲਣ ਕਾਰਨ ਅੱਗ ਹੋਰ ਤੇਜ਼ੀ ਫੜਦੀ ਜਾ ਰਹੀ ਹੈ। ਉਧਰ ਇਸ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਸੰਘੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਵੱਡਾ ਐਲਾਨ ਕਰ ਦਿੱਤਾ।
California
ਰਾਜ ਦੇ ਗਵਰਨਰ ਗੇਵਿਨ ਨਿਊਜਾਮ ਨੇ ਅਪਣੇ ਇਕ ਬਿਆਨ ਵਿਚ ਆਖਿਆ ਕਿ ਸਰਕਾਰ ਵੱਲੋਂ ਅੱਗ ਤੋਂ ਪ੍ਰਭਾਵਤ ਲੋਕਾਂ ਦੇ ਘਰ ਬਣਾਉਣ ਅਤੇ ਹੋਰ ਸਮਾਜਿਕ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ। ਇਸ ਭਿਆਨਕ ਅੱਗ ਨਾਲ ਕੈਲੇਫੋਰਨੀਆ ਦਾ ਸਭ ਤੋਂ ਪੁਰਾਣਾ ਪਾਰਕ ਬਿਗ ਬੇਸਿਨ ਰੈਡਵੁੱਡਸ ਸੜ ਕੇ ਸੁਆਹ ਹੋ ਗਿਆ ਅਤੇ ਇਸ ਅੱਗ ਨੇ ਹੁਣ ਤਕ 5 ਲੋਕਾਂ ਦੀ ਜਾਨ ਲੈ ਲਈ ਐ ਜਦਕਿ 700 ਦੇ ਕਰੀਬ ਘਰਾਂ ਨੂੰ ਨੁਕਸਾਨ ਪੁੱਜਿਆ ਏ।
California
ਅੱਗ ਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੁੰ ਅਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੌਸਮ ਦੀ ਤਬਦੀਲੀ ਅਤੇ ਹਵਾਵਾਂ ਦੇ ਰੁਖ਼ ਬਦਲਣ ਨਾਲ ਇਹ ਅੱਗ ਹੋਰ ਭਿਆਨਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਜੋਖ਼ਮ ਭਰੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਅਪਣਾ ਇਲਾਕਾ ਖ਼ਾਲੀ ਕਰਨ ਲਈ ਆਖਿਆ ਗਿਆ ਹੈ।
California
ਕੈਲੇਫੋਰਨੀਆ ਦੇ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 15 ਅਗਸਤ ਦੇ ਬਾਅਦ ਤੋਂ ਸੂਬੇ ਭਰ ਵਿਚ 12 ਹਜ਼ਾਰ ਤੋਂ ਜ਼ਿਆਦਾ ਬਿਜਲੀ ਡਿਗਣ ਦੀਆਂ ਘਟਨਾਵਾਂ ਵਾਪਰੀਆਂ ਨੇ, ਜਿਸ ਨਾਲ ਜੰਗਲ ਵਿਚ 500 ਤੋਂ ਜ਼ਿਆਦਾ ਥਾਵਾਂ 'ਤੇ ਅੱਗ ਲੱਗ ਗਈ। ਸੈਨ ਫਰਾਂਸਿਸਕੋ ਦੇ ਖਾੜੀ ਖੇਤਰ ਵਿਚ ਅਤੇ ਉਸ ਦੇ ਆਸਪਾਸ ਦੇ ਜੰਗਲਾਂ ਅਤੇ ਦਿਹਾਤੀ ਇਲਾਕਿਆਂ ਵਿਚ ਅੱਗ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ।
ਜੰਗਲ ਵਿਚ ਲੱਗੀ ਇਹ ਭਿਆਨਕ ਅੱਗ ਹੁਣ ਤਕ 1120 ਵਰਗ ਮੀਲ ਖੇਤਰ ਨੂੰ ਅਪਣੀ ਲਪੇਟ ਵਿਚ ਲੈ ਚੁੱਕੀ ਹੈ। ਦੱਸ ਦਈਏ ਕਿ ਇਸ ਤੋਂ ਕੁੱਝ ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਵੀ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਲੱਖਾਂ ਦੇ ਹਿਸਾਬ ਨਾਲ ਜੰਗਲੀ ਜੀਵ ਮਾਰੇ ਗਏ ਸਨ।