
ਸਿੱਖ ਸਟੱਡੀ ਦੇ ਦੋ ਕੋਰਸ ਹੋਣਗੇ ਤੇ ਇਹ 3 ਸਾਲ ਦਾ ਪਾਇਲਟ ਪ੍ਰੋਗਰਾਮ ਹੋਵੇਗਾ
ਟੋਰਾਂਟੋ— ਕੈਨੇਡਾ ਦੀ ਸਭ ਤੋਂ ਵੱਡੀ 'ਯੂਨੀਵਰਸਿਟੀ ਆਫ਼ ਟੋਰਾਂਟੋ' ਆਪਣੇ ਸਿਲੇਬਸ ਵਿੱਚ ਸਿੱਖ ਵਿੱਦਿਆ ਅਤੇ ਖੋਜ ਦੇ ਕੋਰਸ ਸ਼ੁਰੂ ਕਰਨ ਵਾਲੀ ਕੈਨੇਡਾ ਦੀ ਪਹਿਲੀ ਵਿੱਦਿਅਕ ਸੰਸਥਾ ਬਣ ਗਈ ਹੈ। ਕੈਨੇਡਾ 'ਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਹਨ, ਜਿਨ੍ਹਾਂ ਲਈ ਇਹ ਗੱਲ ਵੱਡੀ ਅਹਿਮੀਅਤ ਵੀ ਰੱਖਦੀ ਹੈ। 'ਸਿੱਖ ਫਾਊਂਡੇਸ਼ਨ ਆਫ ਕੈਨੇਡਾ' ਅਤੇ ਸਮਾਜ ਸੇਵੀ ਸਿੱਖ ਸੰਸਥਾਵਾਂ ਦੀ ਕੋਸ਼ਿਸ਼ ਸਦਕਾ 'ਸਿੱਖ ਸਟੱਡੀ' ਪ੍ਰੋਗਰਾਮ ਸਤੰਬਰ ਵਿੱਚ ਸ਼ੁਰੂ ਹੋਵੇਗਾ, ਜਿਸ ਲਈ ਯੂਨੀਵਰਸਿਟੀ ਨੇ ਧਾਰਮਿਕ ਸਾਹਿਤ, ਸਿੱਖ ਇਤਿਹਾਸ ਤੋਂ ਇਲਾਵਾ ਆਧੁਨਿਕ ਪੰਜਾਬੀ ਵਿੱਚ ਮਾਹਿਰ ਖੋਜਾਰਥੀ ਪ੍ਰੋ. ਜੂਲੀ ਵਿਗ ਨੂੰ ਨਿਯੁਕਤ ਕੀਤਾ ਹੈ।
ਇਸ ਨੂੰ ਇਕ ਵੱਡਾ ਕਦਮ ਕਿਹਾ ਜਾ ਸਕਦਾ ਹੈ ਕਿਓਂਕਿ ਵਿਦੇਸ਼ੀ ਯੂਨੀਵਰਸਿਟੀ 'ਚ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ 1.4 ਫ਼ੀਸਦੀ ਹੈ ਤੇ ਟੋਰਾਂਟੋ ਵਿੱਚ ਦੋ ਲੱਖ ਦੇ ਕਰੀਬ ਸਿੱਖ ਰਹਿੰਦੇ ਹਨ। 'ਸਿੱਖ ਫਾਊਂਡੇਸ਼ਨ ਆਫ ਕੈਨੇਡਾ' ਦੇ ਬੋਰਡ ਮੈਂਬਰ ਡਾ. ਅੰਮ੍ਰਿਤਪਾਲ ਪੰਨੂ ਨੇ ਦੱਸਿਆ ਕਿ ਕਈ ਸਾਲਾਂ ਤੋਂ ਯੂਨੀਵਰਸਿਟੀ ਨਾਲ ਸਿੱਖ ਵਿੱਦਿਆ ਦੇ ਕੋਰਸ ਸ਼ੁਰੂ ਕਰਨ ਬਾਰੇ ਗੱਲਬਾਤ ਚੱਲ ਰਹੀ ਸੀ ਤੇ ਹੁਣ ਯੂਨੀਵਰਸਿਟੀ ਅਧਿਕਾਰੀਆਂ ਨੇ ਹਾਮੀ ਭਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਬਹੁ-ਕਰੋੜੀ ਪ੍ਰੋਜੈਕਟ ਬਾਰੇ ਅਗਲੇ ਤਿੰਨ ਸਾਲਾਂ ਬਾਅਦ ਮੁਲਾਂਕਣ ਕੀਤਾ ਜਾਵੇਗਾ। 'ਸਟੱਡੀ ਆਫ ਰਿਲੀਜਨ ਡਿਪਾਰਟਮੈਂਟ' (ਧਾਰਮਿਕ ਗਿਆਨ ਸੰਬੰਧੀ ਵਿਭਾਗ) ਤਹਿਤ ਸਿੱਖ ਸਟੱਡੀ ਦੇ ਦੋ ਕੋਰਸ ਹੋਣਗੇ ਤੇ ਇਹ 3 ਸਾਲ ਦਾ ਪਾਇਲਟ ਪ੍ਰੋਗਰਾਮ ਹੋਵੇਗਾ। ਵਿਭਾਗ ਦੇ ਚੇਅਰਪਰਸਨ ਪ੍ਰੋ. ਜੌਹਨ ਕਲੌਪੈਨਬਰਗ ਨੇ ਦੱਸਿਆ ਕਿ ਦੁਨੀਆਂ ਦੇ ਪੰਜਵੇਂ ਵੱਡੇ ਸਿੱਖ ਭਾਈਚਾਰੇ ਬਾਰੇ ਵਿੱਦਿਆ ਅਤੇ ਖੋਜ ਨੂੰ ਆਪਣੇ ਕੋਰਸਾਂ ਵਿੱਚ ਸ਼ਾਮਲ ਕਰਕੇ ਉਹ ਮਾਣ ਮਹਿਸੂਸ ਕਰਦੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਖ ਭਾਈਚਾਰੇ ਦਾ ਅਗਲਾ ਕਦਮ ਇਸ ਯੂਨੀਵਰਸਿਟੀ ਵਿੱਚ 'ਸਿੱਖ ਸੈਂਟਰ' ਬਣਵਾਉਣ ਲਈ ਯਤਨ ਕਰਨਾ ਹੈ, ਜਿਸ ਵਿੱਚ ਰੈਫਰੈਂਸ ਲਾਇਬ੍ਰੇਰੀ ਅਤੇ ਅਜਾਇਬ ਘਰ ਆਦਿ ਸ਼ਾਮਿਲ ਹੋਵੇਗਾ।