
ਉਤਰ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਸਿਖਰ ਵਾਰਤਾ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਬੇਹੱਦ ਅਫ਼ਸੋਸਜਨਕ ਦਸਿਆ ਅਤੇ ...
ਉਤਰ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਸਿਖਰ ਵਾਰਤਾ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਬੇਹੱਦ ਅਫ਼ਸੋਸਜਨਕ ਦਸਿਆ ਅਤੇ ਕਿਹਾ ਕਿ ਉਹ ਅਜੇ ਵੀ ਵਾਸ਼ਿੰਗਟਨ ਨਾਲ ਗੱਲਬਾਤ ਦਾ ਇਛੁਕ ਹੈ। ਇਕ ਸਮਾਚਾਰ ਏਜੰਸੀ ਨੇ ਉਤਰੀ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਕਿਮ ਕੇ-ਗਵਾਨ ਦੇ ਹਵਾਲੇ ਤੋਂ ਕਿਹਾ, ''ਬੈਠਕ ਰੱਦ ਕਰਨ ਦੀ ਘੋਸ਼ਣਾ ਬਾਰੇ ਅਸੀਂ ਸੋਚਿਆ ਨਹੀਂ ਸੀ ਅਤੇ ਅਸੀਂ ਇਸ ਨੂੰ ਬਹੁਤ ਅਫ਼ਸੋਸਜਨਕ ਮੰਨਦੇ ਹਾਂ।''
ਗਵਾਨ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਅਮਰੀਕਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਵੀ ਸਮੇਂ ਕਿਸੇ ਵੀ ਰੂਪ ਵਿਚ ਆਹਮੋ-ਸਾਹਮਣੇ ਬੈਠ ਕੇ ਸਮੱਸਿਆਵਾਂ ਦਾ ਹੱਲ ਕਰਨ ਲਈ ਤਿਆਰ ਹਾਂ। ਡੋਨਾਲਡ ਟਰੰਪ ਨੇ ਕਿਮ ਜੋਂਗ-ਉਨ ਨਾਲ ਹੋਣ ਵਾਲੀ ਸਿਖਰ ਵਾਰਤਾ ਨੂੰ ਬੀਤੇ ਦਿਨੀਂ ਰੱਦ ਕਰ ਦਿਤਾ ਅਤੇ ਇਸ ਲਈ ਉਤਰੀ ਕੋਰੀਆਈ ਸ਼ਾਸਨ ਦੀ ਖੁੱਲ੍ਹੀ ਦੁਸ਼ਮਣੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਨਾਲ ਹੀ ਪਿਉਂਗਯਾਂਗ ਨੂੰ ਵੀ ਮੁਰਖਤਾਪੂਰਨ ਅਤੇ ਲਾਪ੍ਰਵਾਹੀ ਭਰੀ ਕਾਰਵਾਈ ਕਰਨ ਵਿਰੁਧ ਚੇਤਾਵਨੀ ਦਿਤੀ।
Donald Trump
ਟਰੰਪ ਨੇ ਕਿਮ ਨੂੰ ਪੱਤਰ ਲਿਖ ਕੇ ਸੂਚਨਾ ਦਿਤੀ ਕਿ ਸਿੰਗਾਪੁਰ ਵਿਚ 12 ਜੂਨ ਨੂੰ ਹੋਣ ਵਾਲੀ ਉਚ ਪਧਰੀ ਬੈਠਕ ਵਿਚ ਉਹ ਹਿੱਸਾ ਨਹੀਂ ਲੈਣਗੇ। ਇਸ ਤੋਂ ਬਾਅਦ ਉਤਰੀ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਕਿਮ ਕੇ-ਗਵਾਨ ਨੇ ਅੱਜ ਅਪਣੇ ਬਿਆਨ ਵਿਚ ਕਿਹਾ ਕਿ ਉਤਰੀ ਕੋਰੀਆਈ ਨੇਤਾ ਸਿਖਰ ਵਾਰਤਾ ਦੀ ਤਿਆਰੀ ਕਰ ਰਹੇ ਸਨ।
ਉਨ੍ਹਾਂ ਕਿਹਾ, ''ਸਾਡੇ ਪ੍ਰਧਾਨ (ਕਿਮ ਜੋਂਗ-ਉਨ) ਨੇ ਵੀ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਨਾਲ ਇਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਇਸ ਦੀਆਂ ਤਿਆਰੀਆਂ ਲਈ ਉਹ ਮਿਹਨਤ ਵੀ ਕਰ ਰਹੇ ਸਨ।'' ਟਰੰਪ ਦੇ ਬੈਠਕ ਰੱਦ ਕਰਨ ਦੀ ਘੋਸ਼ਣਾ ਕਰਨ ਤੋਂ ਕੁੱਝ ਦੇਰ ਪਹਿਲਾਂ ਹੀ ਉਤਰੀ ਕੋਰੀਆ ਨੇ ਅਪਣੇ ਪ੍ਰਮਾਣੂ ਪ੍ਰੀਖਣ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਜਾਣਕਾਰੀ ਦਿਤੀ ਸੀ। (ਪੀ.ਟੀ.ਆਈ)