
ਅਮਰੀਕੀ ਸਰਹੱਦ ਦੇ ਗਸ਼ਤ ਅਧਿਕਾਰੀਆਂ ਨੇ ਦੋ ਭਾਰਤੀਆਂ ਨੂੰ ਦੇਸ਼ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ..............
ਵਾਸ਼ਿੰਗਟਨ : ਅਮਰੀਕੀ ਸਰਹੱਦ ਦੇ ਗਸ਼ਤ ਅਧਿਕਾਰੀਆਂ ਨੇ ਦੋ ਭਾਰਤੀਆਂ ਨੂੰ ਦੇਸ਼ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਦੋਹਾਂ ਨੂੰ ਇਸ ਹਫ਼ਤੇ ਦੇ ਅਖੀਰ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਸਰਹੱਦ ਗਸ਼ਤ ਦਲ ਨੇ ਵਾਸ਼ਿੰਗਟਨ ਦੇ ਸਪੋਕੇਨ ਵਿਚ ਬੱਸ ਟਰਮੀਨਲ 'ਤੇ ਰੋਜ਼ਾਨਾ ਇਮੀਗ੍ਰੇਸ਼ਨ ਜਾਂਚ ਮੁਹਿੰਮ ਦੌਰਾਨ ਦੋਹਾਂ ਭਾਰਤੀਆਂ ਨੂੰ ਫੜਿਆ। ਅਧਿਕਾਰੀਆਂ ਨੇ ਦੋਹਾਂ ਭਾਰਤੀਆਂ ਦਾ ਨਾਂ ਨਹੀਂ ਦਸਿਆ।ਇਕ ਬਿਆਨ 'ਚ ਕਿਹਾ ਗਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨਾਲ ਗੱਲਬਾਤ ਕੀਤੀ,
ਜਿਸ ਨੇ ਬੀ-2 ਸੈਰ-ਸਪਾਟਾ ਵੀਜ਼ਾ ਵਿਖਾਇਆ। ਵੀਜ਼ਾ ਕਰੀਬ ਇਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਉਸ ਦਾ ਸਮਾਂ ਖ਼ਤਮ ਹੋ ਚੁੱਕਾ ਸੀ। ਇਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੀ-2 ਸੈਰ-ਸਪਾਟਾ ਵੀਜ਼ਾ ਅਮਰੀਕਾ ਵਿਚ ਛੁੱਟੀਆਂ ਬਿਤਾਉਣ ਜਾਂ ਇਲਾਜ ਲਈ ਜਾਰੀ ਕੀਤਾ ਜਾਂਦਾ ਹੈ। ਦੂਜੇ ਮਾਮਲੇ 'ਚ ਅਧਿਕਾਰੀਆਂ ਨੇ ਵੇਖਿਆ ਕਿ ਇਕ ਹੋਰ ਵਿਅਕਤੀ ਸਾਲ 2011 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦੇ ਰਸਤਿਉਂ ਅਮਰੀਕਾ ਆਇਆ ਸੀ। ਜਾਂਚ 'ਚ ਪਤਾ ਲੱਗਾ ਕਿ ਉਨ੍ਹਾਂ ਦੋਹਾਂ ਕੋਲ ਨਕਲੀ ਸਮਾਜਕ ਸੁਰੱਖਿਆ ਕਾਰਡ ਵੀ ਹੈ। ਦੋਹਾਂ ਨੂੰ ਵਾਪਸ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। (ਪੀਟੀਆਈ)