
ਅਗੱਸਤ ਦੀ ਸ਼ੁਰੂਆਤ ਤਕ, 13,35,878 ਭਾਰਤੀ ਵਿਦਿਆਰਥੀ 2024 ’ਚ ਵਿਦੇਸ਼ਾਂ ’ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।
Those who wish to study in Canada should make a thoughtful decision: ਭਾਰਤ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀ ਘਟੀਆ ਪੱਧਰ ਦੇ ਕਾਲਜਾਂ ਵਿਚ ਦਾਖਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਨੌਕਰੀਆਂ ਦਾ ਕੋਈ ਮੌਕਾ ਨਹੀਂ ਮਿਲਦਾ, ਜਿਸ ਦੇ ਨਤੀਜੇ ਵਜੋਂ ਉਹ ਨਿਰਾਸ਼ਾ ’ਚ ਚਲੇ ਜਾਂਦੇ ਹਨ ਅਤੇ ਖੁਦਕੁਸ਼ੀ ਵਰਗੇ ਕਦਮ ਚੁਕਣ ਲਈ ਮਜਬੂਰ ਹੋ ਜਾਂਦੇ ਹੈ।
ਭਾਰਤ ਵਲੋਂ ਕੈਨੇਡਾ ਤੋਂ ਵਾਪਸ ਬੁਲਾਏ ਗਏ ਡਿਪਲੋਮੈਟ ਸੰਜੇ ਵਰਮਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੇਰੇ ਕਾਰਜਕਾਲ ਦੌਰਾਨ ਇਕ ਸਮਾਂ ਸੀ ਜਦੋਂ ਹਰ ਹਫ਼ਤੇ ਘੱਟੋ-ਘੱਟ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਬਾਡੀ ਬੈਗਾਂ ’ਚ ਭਾਰਤ ਭੇਜਿਆ ਜਾਂਦਾ ਸੀ।’’ ਉਨ੍ਹਾਂ ਕਿਹਾ, ‘‘ਅਸਫਲ ਹੋਣ ਤੋਂ ਬਾਅਦ ਅਪਣੇ ਮਾਪਿਆਂ ਦਾ ਸਾਹਮਣਾ ਕਰਨ ਦੀ ਬਜਾਏ, ਉਹ ਖੁਦਕੁਸ਼ੀ ਕਰ ਲੈਂਦੇ।’’
ਖਾਲਿਸਤਾਨੀ ਵੱਖਵਾਦੀ ਮੁੱਦੇ ’ਤੇ ਕੈਨੇਡਾ ਨਾਲ ਵਧਦੇ ਕੂਟਨੀਤਕ ਵਿਵਾਦ ਦੇ ਵਿਚਕਾਰ ਵਰਮਾ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਪਰਤ ਆਏ ਸਨ। ਜੂਨ 2023 ਵਿਚ ਇਕ ਕੈਨੇਡੀਅਨ ਨਾਗਰਿਕ ਦੇ ਕਤਲ ਦੇ ਸਬੰਧ ਵਿਚ ਕੈਨੇਡਾ ਨੇ ਹਾਲ ਹੀ ਵਿਚ ਕਿਹਾ ਸੀ ਕਿ ਵਰਮਾ ਨੂੰ ਜਾਂਚ ਅਧੀਨ ਨਿਗਰਾਨੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਵਰਮਾ ਨੇ ਕਿਹਾ ਕਿ ਕੈਨੇਡਾ ’ਚ ਪੜ੍ਹਾਈ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਮਾਪਿਆਂ ਨੂੰ ਕਾਲਜਾਂ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਬੇਈਮਾਨ ਏਜੰਟ ਉਨ੍ਹਾਂ ਵਿਦਿਆਰਥੀਆਂ ਦੀ ਬੁਰੀ ਹਾਲਤ ਲਈ ਵੀ ਜ਼ਿੰਮੇਵਾਰ ਹਨ ਜੋ ਘੱਟ ਜਾਣੇ-ਪਛਾਣੇ ਕਾਲਜਾਂ ’ਚ ਦਾਖਲਾ ਲੈਂਦੇ ਹਨ ਜੋ ਸ਼ਾਇਦ ਹਫ਼ਤੇ ’ਚ ਇਕੋ ਕਲਾਸ ਲਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿਉਂਕਿ ਇਹ ਬੱਚੇ ਚੰਗੇ ਪਰਵਾਰਾਂ ਤੋਂ ਹੁੰਦੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਪਰਵਾਰ ਕ ਮੈਂਬਰਾਂ ਨੇ ਉਨ੍ਹਾਂ ਦੀ ਸਿੱਖਿਆ ’ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਹੈ। ਉਨ੍ਹਾਂ ਕਿਹਾ, ‘‘ਕਿਉਂਕਿ ਹਫ਼ਤੇ ’ਚ ਇਕ ਵਾਰ ਕਲਾਸ ਹੁੰਦੀ ਹੈ, ਉਹ ਓਨੀ ਹੀ ਰਕਮ ਦੀ ਪੜ੍ਹਾਈ ਕਰਨਗੇ ਅਤੇ ਉਨ੍ਹਾਂ ਦਾ ਹੁਨਰ ਵਿਕਾਸ ਵੀ ਉਸੇ ਅਨੁਸਾਰ ਹੋਵੇਗਾ। ਜਿਵੇਂ, ਜੇਕਰ ਕੋਈ ਵਿਦਿਆਰਥੀ ਇੰਜੀਨੀਅਰਿੰਗ ’ਚ ਉੱਚ ਸਿੱਖਿਆ ਪੂਰੀ ਕਰਦਾ ਹੈ, ਤਾਂ ਮੈਂ ਮੰਨ ਲਵਾਂਗਾ ਕਿ ਉਹ ਇੰਜੀਨੀਅਰਿੰਗ ਦੇ ਖੇਤਰ ’ਚ ਕੰਮ ਕਰੇਗਾ। ਪਰ ਤੁਸੀਂ ਦੇਖੋਗੇ ਕਿ ਉਹ ਟੈਕਸੀ ਚਲਾ ਰਿਹਾ ਹੈ ਜਾਂ ਕਿਸੇ ਦੁਕਾਨ ’ਤੇ ਚਾਹ-ਸਮੋਸਾ ਵੇਚ ਰਿਹਾ ਹੈ। ਇਸ ਲਈ ਉੱਥੋਂ ਦੀ ਜ਼ਮੀਨੀ ਹਕੀਕਤ ਬਹੁਤ ਉਤਸ਼ਾਹਜਨਕ ਨਹੀਂ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ, ਉਨ੍ਹਾਂ ਕਿਹਾ, ‘‘ਬਿਲਕੁਲ।’’
ਕੈਨੇਡਾ ਅਤੇ ਅਮਰੀਕਾ ਭਾਰਤੀਆਂ ਲਈ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੋ ਚੋਟੀ ਦੇ ਸਥਾਨ ਹਨ। ਉਨ੍ਹਾਂ ’ਚੋਂ ਬਹੁਤ ਸਾਰੇ ਟੋਰਾਂਟੋ ਯੂਨੀਵਰਸਿਟੀ, ਮੈਕਗਿਲ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਜਾਂ ਅਲਬਰਟਾ ਯੂਨੀਵਰਸਿਟੀ ਆਦਿ ਦੀ ਚੋਣ ਕਰਦੇ ਹਨ। ਪਰ ਹਰ ਸਾਲ ਉੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸੈਂਕੜੇ ’ਚ ਹੈ।
ਅਗੱਸਤ ਦੇ ਸ਼ੁਰੂ ’ਚ ਸੰਸਦ ’ਚ ਭਾਰਤ ਸਰਕਾਰ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਅਗੱਸਤ ਦੀ ਸ਼ੁਰੂਆਤ ਤਕ, 13,35,878 ਭਾਰਤੀ ਵਿਦਿਆਰਥੀ 2024 ’ਚ ਵਿਦੇਸ਼ਾਂ ’ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅੰਕੜਿਆਂ ਮੁਤਾਬਕ ਮੌਜੂਦਾ ਸਾਲ ’ਚ ਇਨ੍ਹਾਂ ’ਚੋਂ 4,27,000 ਕੈਨੇਡਾ ’ਚ ਅਤੇ 3,37,630 ਅਮਰੀਕਾ ’ਚ, 8,580, ਚੀਨ ’ਚ, 8 ਗ੍ਰੀਸ ’ਚ, 900 ਇਜ਼ਰਾਈਲ ’ਚ, 14 ਪਾਕਿਸਤਾਨ ’ਚ ਅਤੇ ਯੂਕਰੇਨ ’ਚ 2,510 ਵਿਦਿਆਰਥੀ ਪੜ੍ਹ ਰਹੇ ਹਨ।
ਡਿਪਲੋਮੈਟ ਨੇ ਕਿਹਾ ਕਿ ਇਕ ਭਾਰਤੀ ਕੌਮਾਂਤਰੀ ਵਿਦਿਆਰਥੀ ਕੈਨੇਡੀਅਨ ਵਿਦਿਆਰਥੀ ਵਲੋਂ ਅਦਾ ਕੀਤੀ ਗਈ ਫੀਸ ਦਾ ਚਾਰ ਗੁਣਾ ਭੁਗਤਾਨ ਕਰਦਾ ਹੈ। ਵਰਮਾ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ’ਚ ਉਨ੍ਹਾਂ ਨੇ ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀਡੀਉ ਰੀਕਾਰਡ ਕਰਵਾ ਕੇ ਯੂ-ਟਿਊਬ ’ਤੇ ਪੋਸਟ ਕੀਤਾ ਹੈ। (ਪੀਟੀਆਈ)