
ਭਾਰਤ ਨੇ ਕੋਈ ਹਮਲਾ ਨਹੀਂ ਕੀਤਾ, ਸਿਰਫ਼ ਝੂਠੇ ਦਾਅਵੇ
ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਕਿ ਉਸ ਨੇ ਬਾਲਾਕੋਟ ਲਾਗਲੇ ਅਤਿਵਾਦੀ ਕੈਂਪ ਨੂੰ ਨਿਸ਼ਾਨਾ ਬਣਾਇਆ ਅਤੇ ਭਾਰੀ ਨੁਕਸਾਨ ਕੀਤਾ। ਨਾਲ ਹੀ ਪਾਕਿਸਤਾਨ ਨੇ ਅਹਿਦ ਲਿਆ ਕਿ ਭਾਰਤ ਦੇ 'ਗ਼ੈਰ-ਜ਼ਰੂਰੀ ਹਮਲਾਵਰ ਰੁਖ਼' ਦਾ ਜਵਾਬ ਉਹ ਅਪਣੀ ਪਸੰਦ ਦੇ ਸਮੇਂ ਅਤੇ ਸਥਾਨ 'ਤੇ ਦੇਵੇਗਾ। ਇਸਲਾਮਾਬਾਦ ਵਿਚ ਐਨਐਸਸੀ ਦੀ ਬੈਠਕ ਮਗਰੋਂ ਜਾਰੀ ਬਿਆਨ ਵਿਚ ਕਿਹਾ ਗਿਆ, 'ਫ਼ੋਰਮ ਭਾਰਤ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦਾ ਹੈ ਕਿ ਉਸ ਨੇ ਬਾਲਾਕੋਟ ਲਾਗੇ ਹਮਲਾ ਕੀਤਾ ਅਤੇ ਨੁਕਸਾਨ ਪਹੁੰਚਾਇਆ।
ਭਾਰਤ ਦੀ ਸਰਕਾਰ ਨੇ ਇਕ ਵਾਰ ਫਿਰ ਕਾਲਪਨਿਕ ਦਾਅਵੇ ਕੀਤੇ ਹਨ।' ਦਾਅਵਾ ਕੀਤਾ ਗਿਆ ਕਿ ਚੋਣ ਮਾਹੌਲ ਵਿਚ ਅਪਣੇ ਘਰੇਲੂ ਫ਼ਾਇਦੇ ਲਈ ਕਾਰਵਾਈ ਕੀਤੀ ਗਈ ਜਿਸ ਨਾਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਗੰਭੀਰ ਖ਼ਤਰਾ ਪੁੱਜਾ ਹੈ। ਐਨਐਸਸੀ ਨੇ ਦੁਨੀਆਂ ਭਰ ਦੇ ਮੀਡੀਆ ਨੂੰ ਜ਼ਮੀਨੀ ਹਕੀਕਤ ਵਿਖਾਉਣ ਲਈ ਸੱਦਾ ਦਿਤਾ ਅਤੇ ਘਟਨਾ ਸਥਾਨ ਦਾ ਦੌਰਾ ਕਰਨ ਲਈ ਕਿਹਾ। ਇਹ ਵੀ ਕਿਹਾ ਗਿਆ ਕਿ ਦੇਸ਼ ਨੂੰ ਵਿਸ਼ਵਾਸ ਵਿਚ ਲੈਣ ਲਈ ਸਰਕਾਰ ਨੇ ਸੰਸਦ ਦਾ ਸਾਂਝਾ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। (ਏਜੰਸੀ)