
Canadian Street Festival News : ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
Speeding Car Plows into Crowd at Canadian Street Festival Latest News in Punjabi : ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਕੁਚਲ ਦਿਤਾ ਹੈ। ਇਹ ਘਟਨਾ ਬੀਤੀ ਰਾਤ 8 ਵਜੇ ਵਾਪਰੀ ਜਦੋਂ ਸਥਾਨਕ ਲੋਕ ਵੈਨਕੂਵਰ ਵਿਚ ਇਕ ਸਟ੍ਰੀਟ ਫ਼ੈਸਟੀਵਲ ਮਨਾ ਰਹੇ ਸਨ। ਉਸ ਸਮੇਂ ਤੇਜ਼ ਰਫ਼ਤਾਰ ਕਾਰ ਮੇਲੇ ਵਿਚ ਦਾਖ਼ਲ ਹੋ ਗਈ ਅਤੇ ਕਈ ਲੋਕਾਂ ਨੂੰ ਕੁਚਲ ਦਿਤਾ। ਇਸ ਹਾਦਸੇ ਵਿਚ ਕਈ ਲੋਕਾਂ ਦੇ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਕਾਰ ਚਲਾ ਰਹੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੈਨਕੂਵਰ ਪੁਲਿਸ ਨੇ ਕਿਹਾ ਕਿ ਇਹ ਸਟ੍ਰੀਟ ਫ਼ੈਸਟੀਵਲ ਵੈਨਕੂਵਰ ਦੇ ਈ. 41ਵੇਂ ਐਵੇਨਿਊ ਅਤੇ ਫੇਜ਼ਰ ਮਨਾਇਆ ਜਾ ਰਿਹਾ ਸੀ। ਰਾਤ ਨੂੰ ਲਗਭਗ 8 ਵਜੇ, ਇਕ ਤੇਜ਼ ਰਫ਼ਤਾਰ ਕਾਰ ਨੇ ਭੀੜ ਨੂੰ ਅਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਭਗਦੜ ਮਚ ਗਈ ਅਤੇ ਕਾਰ ਲੋਕਾਂ ਨੂੰ ਕੁਚਲਦੀ ਹੋਈ ਕਾਫ਼ੀ ਅੱਗੇ ਤਕ ਚਲੀ ਗਈ। ਪੁਲਿਸ ਨੇ ਕਾਰ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੈਨਕੂਵਰ ਦੇ ਮੇਅਰ ਕਿਮ ਸਿਮ ਨੇ ਵੀ ਇਸ ਘਟਨਾ 'ਤੇ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ‘ਮੈਂ ਇਸ ਹਾਦਸੇ ਤੋਂ ਹੈਰਾਨ ਹਾਂ। ਇਹ ਇਕ ਭਿਆਨਕ ਘਟਨਾ ਸੀ। ਲਾਪੂ-ਲਾਪੂ ਦਿਵਸ ਸਮਾਗਮ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਦੀ ਜਾਨ ਲੈ ਲਈ। ਮੈਂ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।’
ਇਸ ਘਟਨਾ ਤੋਂ ਬਾਅਦ ਕੈਨੇਡਾ ਦੇ ਵੈਨਕੂਵਰ ਵਿਚ ਵਾਪਰੇ ਇਸ ਹਾਦਸੇ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ। ਇਸ ਵੀਡੀਉ ਵਿਚ ਲੋਕਾਂ ਦੀ ਮੌਤ ਦਾ ਦ੍ਰਿਸ਼ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਘਟਨਾ ਤੋਂ ਪੂਰੀ ਸਟ੍ਰੀਟ ਵਿਚ ਸੰਨਾਟਾ ਪਸਰਿਆ ਹੋਇਆ ਹੈ। ਲੋਕਾਂ ਦਾ ਸਮਾਨ ਹਰ ਪਾਸੇ ਖਿੰਡਿਆ ਹੋਇਆ ਹੈ। ਹਾਲਾਂਕਿ, ਇਸ ਘਟਨਾ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।