
ਪਾਕਿਸਤਾਨ ਨੇ ਕਿਹਾ - 'ਜੇ ਭਾਰਤ ਸਾਨੂੰ ਕਹੇਗਾ ਤਾਂ ਉਸ ਨੂੰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਜਾਂਚ ਦੀ ਇਜ਼ਾਜਤ ਦਿਆਂਗੇ'
ਇਸਲਾਮਾਬਾਦ : ਪੁਲਵਾਮਾ ਅਤਿਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਚਾਉਣ ਲਈ ਪਾਕਿਸਤਾਨ ਨੇ ਇਕ ਵਾਰ ਫਿਰ ਝੂਠ ਬੋਲਿਆ ਹੈ। ਪਾਕਿਸਤਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਗ੍ਰਿਫ਼ਤਾਰ 54 ਸ਼ੱਕੀ ਲੋਕਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਹਮਲੇ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪਤਾ ਨਹੀਂ ਲੱਗਿਆ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਜਿਨ੍ਹਾਂ 22 ਥਾਵਾਂ ਬਾਰੇ ਦੱਸਿਆ ਹੈ ਉਥੇ ਕੋਈ ਅਤਿਵਾਦੀ ਕੈਂਪ ਨਹੀਂ ਹੈ। ਪਾਕਿਸਤਾਨ ਨੇ ਬੁਧਵਾਰ ਨੂੰ ਸ਼ੁਰੂਆਤੀ ਜਾਂਚ ਦੀ ਜਾਣਕਾਰੀ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨਾਲ ਸਾਂਝੀ ਕੀਤੀ।
Army
ਇਸ ਤੋਂ ਪਹਿਲਾਂ ਭਾਰਤ ਨੇ 27 ਫ਼ਰਵਰੀ ਨੂੰ ਦਿੱਲੀ 'ਚ ਪਾਕਿ ਹਾਈ ਕਮਿਸ਼ਨ ਨੂੰ ਪੁਲਵਾਮਾ ਹਮਲੇ ਦੇ ਸਬੰਧ 'ਚ ਡੋਜ਼ੀਅਰ ਦਿੱਤਾ ਸੀ। ਭਾਰਤ ਨੇ ਬਾਲਾਕੋਟ ਸਮੇਤ ਪੀ.ਓ.ਕੇ. 'ਚ 22 ਥਾਵਾਂ 'ਤੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਹੋਣ ਦੇ ਸਬੂਤ ਵੀ ਦਿੱਤੇ ਸਨ। ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵੱਲੋਂ ਦੱਸੀਆਂ 22 ਥਾਵਾਂ 'ਤੇ ਜਾਂਚ ਕੀਤੀ ਪਰ ਉਨ੍ਹਾਂ ਨੂੰ ਕੋਈ ਅਤਿਵਾਦੀ ਕੈਂਪ ਨਹੀਂ ਮਿਲਿਆ। ਜੇ ਭਾਰਤ ਸਾਨੂੰ ਕਹੇਗਾ ਤਾਂ ਉਸ ਨੂੰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਜਾਂਚ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ।
Pulwama attack
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਅਤਿਵਾਦੀ ਹਮਲਾ ਹੋਇਆ ਸੀ, ਜਿਸ 'ਚ 40 ਜਵਾਨ ਸ਼ਹੀਦ ਹੋਏ ਸਨ। ਹਮਲੇ ਤੋਂ ਬਾਅਦ ਪਾਕਿਸਤਾਨੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਖ਼ੁਦ ਕਬੂਲ ਕੀਤਾ ਸੀ ਕਿ ਹਮਲੇ ਨੂੰ ਉਨ੍ਹਾਂ ਨੇ ਅੰਜਾਮ ਦਿੱਤਾ ਹੈ। ਭਾਰਤ ਨੇ ਵੀ ਹਮਲੇ 'ਚ ਪਾਕਿਸਤਾਨੀ ਅਤਿਵਾਦੀਆਂ ਦੇ ਹੱਥ ਹੋਣ ਦੇ ਸਬੂਤ ਦਿੱਤੇ ਸਨ। ਭਾਰਤ ਨੇ ਸਬਕ ਸਿਖਾਉਣ ਲਈ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।