
ਵਿਗਿਆਨੀਆਂ ਨੇ 550 ਸਾਲ ਪੁਰਾਣੀਆਂ ਲਾਸ਼ਾਂ ਹੋਣ ਦਾ ਦਾਅਵਾ ਕੀਤਾ
ਪੇਰੂ, 28 ਅਪ੍ਰੈਲ : ਲੈਟਿਨ ਅਮਰੀਕੀ ਦੇਸ਼ ਪੇਰੂ ਦੇ ਉੱਤਰੀ ਤਟ 'ਤੇ ਪੁਰਾਤਤਵ ਵਿਗਿਆਨੀਆਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਖੁਦਾਈ ਸਮੇਂ ਲਗਭਗ 140 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਮਨੁੱਖੀ ਇਤਿਹਾਸ ਦਾ ਸੱਭ ਤੋਂ ਵੱਡਾ ਮਾਮਲਾ ਦਸਿਆ ਜਾ ਰਿਹਾ ਹੈ, ਜਦੋਂ ਇੰਨੀ ਵੱਡੀ ਗਿਣਤੀ 'ਚ ਬੱਚਿਆਂ ਦੇ ਅਵਸ਼ੇਸ਼ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਦੀਆਂ ਪਸਲੀਆਂ ਤੋੜ ਕੇ ਦਿਲ ਬਾਹਰ ਕੱਢ ਲਏ ਗਏ ਸਨ ਅਤੇ ਇਹ ਕਿਸੇ ਧਾਰਮਕ ਬਲੀ ਜਿਹਾ ਲੱਗ ਰਿਹਾ ਹੈ। ਟੀਮ ਨੂੰ ਖੁਦਾਈ ਦੌਰਾਨ 200 ਲਾਮਾ (ਇਕ ਤਰ੍ਹਾਂ ਦਾ ਜਾਨਵਰ) ਦੇ ਅਵਸ਼ੇਸ਼ ਵੀ ਮਿਲੇ ਹਨ।ਟੀਮ ਨੇ ਕਿਹਾ ਕਿ ਜਿਨ੍ਹਾਂ 140 ਬੱਚਿਆਂ ਦੇ ਕੰਕਾਲ ਮਿਲੇ ਹਨ, ਉਨ੍ਹਾਂ ਦੀ ਉਮਰ 5 ਤੋਂ 14 ਸਾਲ ਵਿਚਕਾਰ ਹੈ। ਰਿਸਰਚ ਟੀਮ ਅਨੁਸਾਰ ਲਗਭਗ 550 ਸਾਲ ਪਹਿਲਾਂ ਬੱਚਿਆਂ ਦੀ ਬਲੀ ਦਿਤੀ ਗਈ ਸੀ। ਭੌਤਿਕ ਮਨੁੱਖੀ ਵਿਗਿਆਨ ਜਾਨ ਵਰਾਨੋ ਨੇ ਕਿਹਾ, ''ਮੈਂ ਇਸ ਚੀਜ ਦੀ ਉਮੀਦ ਕਦੇ ਨਹੀਂ ਕੀਤੀ ਸੀ।
Bodies in PERU
ਮੈਨੂੰ ਇਸ ਖੇਤਰ 'ਚ ਅਜਿਹੀਆਂ ਚੀਜਾਂ ਦਾ ਕਈ ਦਹਾਕਿਆਂ ਦਾ ਅਨੁਭਵ ਹਾਸਲ ਹੈ।'' ਪੇਰੂ ਦੇ ਇਸ ਪੁਰਾਤਤਵ ਸਥਾਨ, ਜਿਸ ਨੂੰ ਰਸਮੀ ਤੌਰ ਉਤੇ 'ਹੁਆਨਚਾਕਿਟੋ-ਲਾਸ ਲਾਮਾਸ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਥਾਂ ਯੂਨੇਸਕੋ ਦੀ ਵਰਲਡ ਹੇਰੀਟੇਜ ਸਾਈਟ ਚਾਨ ਚਾਨ ਤੋਂ ਅੱਧੇ ਮੀਲ ਦੀ ਦੂਰੀ 'ਤੇ ਸਥਿਤ ਹੈ।ਇਹ ਥਾਂ ਪਹਿਲੀ ਵਾਰ 2011 ਵਿਚ ਖੁਦਾਈ ਮੁਲਾਜ਼ਮਾਂ ਵਲੋਂ ਖਿੱਚ ਦੇ ਕੇਂਦ 'ਚ ਲਿਆਂਦਾ ਗਿਆ ਸੀ। ਉਸ ਦੌਰਾਨ ਸਥਾਨਕ ਲੋਕਾਂ ਨੇ ਮਨੁੱਖੀ ਅਵਸ਼ੇਸ਼ਾਂ ਨੂੰ ਉਥੇ ਵੇਖਿਆ ਸੀ। ਉਸ ਦੌਰਾਨ ਸਿਰਫ਼ 42 ਬੱਚਿਆਂ ਤੇ 76 ਲਾਮਾ ਦੇ ਅਵਸ਼ੇਸ਼ ਉਥੇ ਮਿਲੇ ਸਨ। ਰੇਡੀਉਕਾਰਬਨ ਤਕਨੀਕ ਤੋਂ ਪਤਾ ਲਗਾਇਆ ਕਿ ਇਹ ਘਟਨਾ ਸਾਲ 1400 ਤੋਂ 1450 ਵਿਚਕਾਰ ਦੀ ਹੈ। (ਏਜੰਸੀ)