
ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ 23 ਅਕਤੂਬਰ ਨੂੰ ਰੂਸ ਦੇ ਕਜ਼ਾਨ ’ਚ ਹੋਈ ਸੀ ਮੁਲਾਕਾਤ
ਕੋਲਕਾਤਾ : ਭਾਰਤ ’ਚ ਚੀਨ ਦੇ ਰਾਜਦੂਤ ਸ਼ੂ ਫੀਹੋਂਗ ਨੇ ਬੁਧਵਾਰ ਨੂੰ ਕਿਹਾ ਕਿ ਰੂਸ ਦੇ ਕਜ਼ਾਨ ’ਚ ਹਾਲ ਹੀ ’ਚ ਸਮਾਪਤ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਬਹੁਤ ਮਹੱਤਵਪੂਰਨ ਰਹੀ।ਚੀਨੀ ਡਿਪਲੋਮੈਟ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਰਸਮੀ ਬੈਠਕ ਸੀ, ਜਿਸ ਵਿਚ ਮਹੱਤਵਪੂਰਨ ਸਹਿਮਤੀ ਬਣੀ ਅਤੇ ਦੋਹਾਂ ਗੁਆਂਢੀਆਂ ਵਿਚਾਲੇ ਸਬੰਧਾਂ ਨੂੰ ਹੋਰ ਵਿਕਸਤ ਕਰਨ ਲਈ ਦਿਸ਼ਾ ਨਿਰਧਾਰਤ ਕੀਤੀ ਗਈ।
ਮਰਚੈਂਟਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਚੀਨੀ ਡਿਪਲੋਮੈਟ ਨੇ ਕਿਹਾ ਕਿ ਦੋਵੇਂ ਨੇਤਾ ਭਾਰਤ-ਚੀਨ ਸਬੰਧਾਂ ਨੂੰ ਸੁਧਾਰਨ ਅਤੇ ਵਿਕਸਤ ਕਰਨ ’ਤੇ ਮਹੱਤਵਪੂਰਨ ਸਹਿਮਤੀ ’ਤੇ ਪਹੁੰਚੇ ਅਤੇ ਦੁਵਲੇ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਰੋਡਮੈਪ ਤੈਅ ਕੀਤਾ।
ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ 23 ਅਕਤੂਬਰ ਨੂੰ ਰੂਸ ਦੇ ਕਜ਼ਾਨ ’ਚ ਹੋਈ ਸੀ।
ਪੂਰਬੀ ਲੱਦਾਖ ’ਚ ਭਾਰਤ-ਚੀਨ ਸਰਹੱਦ ’ਤੇ ਪੂਰੀ ਤਰ੍ਹਾਂ ਪਿੱਛੇ ਹਟਣ ਬਾਰੇ ਇਕ ਸਵਾਲ ਦੇ ਜਵਾਬ ’ਚ ਜੈਂਟ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਸ ਸਹਿਮਤੀ ਦੇ ਮੱਦੇਨਜ਼ਰ ਭਵਿੱਖ ’ਚ ਸਬੰਧ ਸੁਚਾਰੂ ਢੰਗ ਨਾਲ ਅੱਗੇ ਵਧਣਗੇ ਅਤੇ ਦੋਹਾਂ ਪੱਖਾਂ ਦੇ ਸਬੰਧ ਸੀਮਤ ਨਹੀਂ ਹੋਣਗੇ ਜਾਂ ਵਿਸ਼ੇਸ਼ ਅਸਹਿਮਤੀ ਕਾਰਨ ਰੁਕਾਵਟ ਨਹੀਂ ਬਣਨਗੇ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਤਭੇਦਾਂ ਨੂੰ ਕਿਵੇਂ ਦੂਰ ਕੀਤਾ ਜਾਵੇ।’’
ਚੀਨ ਅਤੇ ਭਾਰਤ ਵਿਚਾਲੇ ਸਿੱਧੀਆਂ ਉਡਾਣਾਂ ਦੀ ਬਹਾਲੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘‘ਰਾਜਦੂਤ ਹੋਣ ਦੇ ਨਾਤੇ ਮੈਂ ਇਸ ਦਾ ਇੰਤਜ਼ਾਰ ਕਰ ਰਿਹਾ ਹਾਂ ਕਿਉਂਕਿ ਇਸ ਨਾਲ ਸਮੇਂ ਦੀ ਬਚਤ ਹੋਵੇਗੀ। ਮੈਂ ਨਾ ਸਿਰਫ ਰਾਜਨੀਤੀ ’ਚ ਬਲਕਿ ਕਾਰੋਬਾਰ ’ਚ ਵੀ ਸੁਚਾਰੂ ਸਹਿਯੋਗ ਦੀ ਉਮੀਦ ਕਰ ਰਿਹਾ ਹਾਂ।’