
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਉਹ 1 ਜਨਵਰੀ 2023 ਨੂੰ ਅਹੁਦਾ ਸੰਭਾਲਣਗੇ, ਉਦੋਂ ਤੱਕ ਬੋਲਸੋਨਾਰੋ ਕੇਅਰਟੇਕਰ ਰਾਸ਼ਟਰਪਤੀ ਬਣੇ ਰਹਿਣਗੇ।
ਨਵੀਂ ਦਿੱਲੀ: ਲੂਲਾ ਡਾ ਸਿਲਵਾ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਹੋਣਗੇ। ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਹਰਾਇਆ ਹੈ। ਲੂਲਾ ਖੱਬੇ ਪੱਖੀ ਵਰਕਰਜ਼ ਪਾਰਟੀ ਨਾਲ ਸਬੰਧਤ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਉਹ 1 ਜਨਵਰੀ 2023 ਨੂੰ ਅਹੁਦਾ ਸੰਭਾਲਣਗੇ, ਉਦੋਂ ਤੱਕ ਬੋਲਸੋਨਾਰੋ ਕੇਅਰਟੇਕਰ ਰਾਸ਼ਟਰਪਤੀ ਬਣੇ ਰਹਿਣਗੇ।
ਰਾਸ਼ਟਰਪਤੀ ਚੋਣ ਲਈ ਦੂਜੇ ਦੌਰ ਦੀ ਵੋਟਿੰਗ 30 ਅਕਤੂਬਰ ਨੂੰ ਹੋਈ। ਲੂਲਾ ਡਾ ਸਿਲਵਾ ਨੂੰ 50.90%, ਜਦਕਿ ਬੋਲਸੋਨਾਰੋ ਨੂੰ 49.10% ਵੋਟਾਂ ਮਿਲੀਆਂ। ਬ੍ਰਾਜ਼ੀਲ ਦੇ ਸੰਵਿਧਾਨ ਅਨੁਸਾਰ ਇਕ ਉਮੀਦਵਾਰ ਨੂੰ ਚੋਣ ਜਿੱਤਣ ਲਈ ਘੱਟੋ ਘੱਟ 50% ਵੋਟਾਂ ਪ੍ਰਾਪਤ ਕਰਨੀਆਂ ਹੁੰਦੀਆਂ ਹਨ। ਪਿਛਲੇ ਮਹੀਨੇ ਹੋਈ ਵੋਟਿੰਗ ਦੇ ਪਹਿਲੇ ਗੇੜ ਵਿਚ ਲੂਲਾ ਨੂੰ 48.4%, ਜਦਕਿ ਬੋਲਸੋਨਾਰੋ ਨੂੰ 43.23% ਵੋਟਾਂ ਮਿਲੀਆਂ।
77 ਸਾਲਾ ਲੂਲਾ ਡਾ ਸਿਲਵਾ ਨੇ ਚੋਣ ਮੈਦਾਨ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ। ਉਹਨਾਂ ਕਿਹਾ ਕਿ ਬੋਲਸੋਨਾਰੋ ਦੇ ਦੌਰ 'ਚ ਭ੍ਰਿਸ਼ਟਾਚਾਰ ਵਧਿਆ ਹੈ। 2 ਵਾਰ ਬ੍ਰਾਜ਼ੀਵ ਦੇ ਰਾਸ਼ਟਰਪਤੀ ਰਹਿ ਚੁੱਕੇ ਲੂਲਾ ਡਾ ਸਿਲਵਾ ਨੂੰ ਭ੍ਰਿਸ਼ਟਾਚਾਰ ਕਾਰਨ ਅਹੁਦਾ ਛੱਡਣਾ ਪਿਆ ਸੀ। ਭ੍ਰਿਸ਼ਟਾਚਾਰ ਦੇ ਦੋਸ਼ ਸਹੀ ਸਾਬਤ ਹੋਣ ਤੋਂ ਬਾਅਦ ਉਹਨਾਂ ਨੇ 580 ਦਿਨ ਜੇਲ੍ਹ ਵਿਚ ਬਿਤਾਏ।
ਇਸ ਸਾਲ ਲੂਲਾ 6ਵੀਂ ਵਾਰ ਰਾਸ਼ਟਰਪਤੀ ਚੋਣ ਲੜ ਰਹੇ ਸਨ, ਜਿਸ ਵਿਚ ਉਹਨਾਂ ਦੀ ਜਿੱਤ ਹੋਈ ਸੀ। ਉਹਨਾਂ ਨੇ ਪਹਿਲੀ ਵਾਰ 1989 'ਚ ਚੋਣ ਲੜੀ ਸੀ। ਇਹ ਤੀਜੀ ਵਾਰ ਹੋਵੇਗਾ ਜਦੋਂ ਲੂਲਾ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ 2003 ਤੋਂ 2010 ਦਰਮਿਆਨ ਦੋ ਵਾਰ ਰਾਸ਼ਟਰਪਤੀ ਚੁਣੇ ਗਏ ਸਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਇਕ ਫੈਕਟਰੀ ਵਿਚ ਕੰਮ ਕਰਦੇ ਸਨ।
ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਬੋਲਸੋਨਾਰੋ ਅਤੇ ਉਹਨਾਂ ਦੇ ਸਮਰਥਕਾਂ 'ਤੇ ਹਨ। ਬੋਲਸੋਨਾਰੋ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਹ ਚੋਣ ਹਾਰ ਜਾਂਦੇ ਹਨ ਤਾਂ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰਗ 'ਤੇ ਚੱਲਣਗੇ ਅਤੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ।