ਸੰਪਾਦਕੀ: ਘੋਰ ਨਿਰਾਸ਼ਾ ਤੋਂ ਪ੍ਰਚੰਡ ਆਸ਼ਾ ਵਲ ਲਿਜਾਏਗਾ ਸਾਲ 2022?
Published : Jan 1, 2022, 9:50 am IST
Updated : Jan 1, 2022, 11:10 am IST
SHARE ARTICLE
Photo
Photo

'ਸੰਘਰਸ਼ ਦੀ ਅਸਲੀ ਤਾਕਤ ਆਮ ਕਿਸਾਨ ਸਨ ਜੋ ਅਸਲ ਵਿਚ ਸੜਕਾਂ ਤੇ ਟੈਂਟਾਂ ਵਿਚ , ਟਰਾਲੀਆਂ ਅੰਦਰ ਬੈਠੇ ਰਹਿੰਦੇ ਸਨ। ਅਸਲ ਤਾਕਤ ਉਹ ਸਨ'

 

ਹਰ ਨਵੇਂ ਸਾਲ ਵਾਂਗ ਸਾਲ 2022 ਵੀ ਨਵੀਆਂ ਉਮੀਦਾਂ ਲੈ ਕੇ ਸਾਡੇ ਵਿਹੜੇ ਵਿਚ ਉਤਰਿਆ ਹੈ। ਸਾਰੇ ਪਾਠਕਾਂ ਨੂੰ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਹੋਣ ਲਈ ਸ਼ੁਭਕਾਮਨਾਵਾਂ। ਪਰ ਉਮੀਦਾਂ ਵੀ ਤਦ ਹੀ ਉਠਦੀਆਂ ਹਨ ਜਦ ਬੀਤੇ ਕਲ ਨਾਲ ਨਿਰਾਸ਼ਾਵਾਂ ਜੁੜੀਆਂ ਹੋਣ। ਇਕ ਨਿੱਕੇ ਨਿਆਣੇ ਵਲ ਵੇਖੋ ਤਾਂ ਉਸ ਦੀਆਂ ਨਜ਼ਰਾਂ ਵਿਚ ਹਰ ਪਲ ਹੀ ਉਤਸ਼ਾਹ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਉਹ ਨਿਰਾਸ਼ਾ ਨੂੰ ਅਪਣੇ ਉਤੇ ਕਾਬੂ ਪਾਉਣ ਦੀ ਗੱਲ ਸੋਚ ਹੀ ਨਹੀਂ ਸਕਿਆ ਹੁੰਦਾ। ਮਨ ਇਕ ਸਾਫ਼ ਸਲੇਟ ਵਰਗਾ ਹੁੰਦਾ ਹੈ ਤੇ ਹਰ ਪਲ ਉਤਸ਼ਾਹ ਨਾਲ ਭਰਿਆ ਹੁੰਦਾ ਹੈ ਤੇ ਖ਼ੁਸ਼ ਰਹਿੰਦਾ ਹੈ।

 

New YearNew Year

ਅਸੀਂ ਵੀ ਉਹੀ ਖ਼ੁਸ਼ੀ ਮੰਗਦੇ ਹਾਂ ਪਰ ਅਪਣੀ ਨਿਰਾਸ਼ਾ ਦੀ ਪੋਟਲੀ ਨੂੰ ਸਿਰ ਤੋਂ ਕਦੇ ਲਾਹ ਨਹੀਂ ਸਕਦੇ ਤੇ ਉਸ ਦੇ ਭਾਰ ਹੇਠ ਦੱਬੇ ਹੋਇਆਂ ਨੂੰ ਨਵਾਂ ਸਾਲ ਵੀ ਕਿਸ ਤਰ੍ਹਾਂ ਦੀਆਂ ਖ਼ੁਸ਼ੀਆਂ ਦੇਵੇਗਾ? ਆਖ਼ਰਕਾਰ ਖ਼ੁਸ਼ੀ ਦੀ ਤਾਕਤ ਤਾਂ ਕੁਦਰਤ ਨੇ ਇਨਸਾਨ ਦੇ ਅਪਣੇ ਅੰਦਰ ਭਰ ਛੱਡੀ ਹੈ ਪਰ ਅਸੀਂ ਅਪਣੀ ਨਿਰਾਸ਼ਾ ਨੂੰ ਅਪਣੀਆਂ ਉਮੀਦਾਂ ਨਾਲੋਂ ਜ਼ਿਆਦਾ ਵੱਡੀ ਸਮਝਣ ਦੇ ਆਦੀ ਹੋ ਗਏ ਹਾਂ। ਫਿਰ ਵੀ ਆਸ ਜ਼ਰੂਰ ਰਖਦੇ ਹਾਂ ਕਿ ਇਕ ਹੋਰ ਨਵਾਂ ਸਾਲ ਸ਼ਾਇਦ ਸਾਡੇ ਵਾਸਤੇ ਖ਼ੁਸ਼ੀਆਂ ਦਾ ਵੱਡਾ ਪਿਟਾਰਾ ਲੈ ਆਵੇਗਾ। ਪਰ ਜਿਵੇਂ-ਜਿਵੇਂ 2022 ਦੇ ਦਿਨ ਬੀਤਣੇ ਸ਼ੁਰੂ ਹੋ ਜਾਣਗੇ, ਸਾਡੀਆਂ ਨਿਰਾਸ਼ਾਵਾਂ ਦੀ ਪੋਟਲੀ ਹੋਰ ਭਾਰੀ ਹੋ ਚੁੱਕੀ ਹੋਵੇਗੀ। ਪਟਿਆਲਾ ਦੇ ਇਕ ਪਿੰਡ ਵਿਚ ਇਕ ਸੱਥ ਲਾਉਣ ਲਈ ਗਏ ਤਾਂ ਉਥੇ 20 ਸਰਪੰਚ ਇਕੱਠੇ ਹੋ ਗਏ।

 

New YearNew Year

 

ਸਾਰਿਆਂ ਦੀਆਂ ਗੱਲਾਂ ਵਿਚ ਤਕਲੀਫ਼ਾਂ ਸਨ, ਦੁਖ ਸਨ, ਸਰਕਾਰਾਂ ਪ੍ਰਤੀ ਰੋਸ ਸੀ, ਸਿਵਾਏ ਇਕ ਸਰਪੰਚ ਦੇ। ਇਹ ਸਰਪੰਚ ਬੜੇ ਸਿੱਧੇ ਸਾਧੇ ਜਾਪਦੇ ਸਨ ਤੇ ਉਨ੍ਹਾਂ ਦੀਆਂ ਗੱਲਾਂ ਵਿਚ ਓਨਾ ਹੀ ਵਜ਼ਨ ਵੀ ਸੀ। ਉਨ੍ਹਾਂ ਅਪਣੇੇ ਪਿੰਡ ਦੇ ਸਕੂਲ ਬਾਰੇ ਦਸਿਆ, ਪਿੰਡ ਦੀ ਡਿਸਪੈਂਸਰੀ ਬਾਰੇ ਦਸਿਆ ਤੇ ਇਹ ਵੀ ਦਸਿਆ ਕਿ ਸਰਕਾਰ ਤੋਂ ਫ਼ੰਡ ਲੈਣ ਦੀ ਲੋੜ ਹੀ ਨਹੀਂ ਰਹੀ। ਕੁੱਝ ਪੰਚਾਇਤ ਦੀ ਆਮਦਨ ਤੇ ਕੁੱਝ ਪਿੰਡ ਦੇ ਐਨਆਰਆਈ ਤੇ ਪਿੰਡ ਵਾਸੀਆਂ ਦਾ ਸਹਿਯੋਗ ਤੇ ਸਾਰੀਆਂ ਮੁਸ਼ਕਲਾਂ ਆਪੇ ਹਲ ਹੋ ਗਈਆਂ। ਇਕ ਮੰਗ ਸੀ ਸਕੂਲ ਨੂੰ 10 ਵੀਂ ਤੋਂ 12ਵੀਂ ਤਕ ਲਿਜਾਣ ਦੀ। ਉਨ੍ਹਾਂ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਇਹ ਲੋੜ ਵੀ ਉਹ ਆਪੇ ਹੀ ਪੂਰੀ ਕਰ ਵਿਖਾਉਣਗੇ। ਉਨ੍ਹਾਂ ਵਾਸਤੇ ਤਾਂ ਹਰ ਦਿਨ ਹੀ ਨਵਾਂ ਦਿਨ ਹੁੰਦਾ ਹੋਵੇਗਾ ਜਿਥੇ ਸੁਪਨੇ ਪੂਰੇ ਕਰਨ ਵਾਸਤੇ ਸਾਰੇ ਰਾਹ ਆਪੇ ਖੁਲ੍ਹ ਜਾਂਦੇ ਹਨ। ਨਾ ਸਰਕਾਰ ਤੋਂ ਨਿਰਾਸ਼ ਸਨ, ਨਾ ਸਿਸਟਮ ਤੋਂ ਕਿਉਂਕਿ ਉਨ੍ਹਾਂ ਨੂੰ ਅਪਣੇ ਆਪ ’ਤੇ ਵਿਸ਼ਵਾਸ ਸੀ। 

New YearNew Year

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਕ ਪ੍ਰਸਿੱਧ ਸੂਫ਼ੀ ਦੀ ਗੱਲ ਯਾਦ ਆਈ ਕਿ ਜਿਸ ਨੂੰ ਤੁਸੀਂ ਖ਼ੁਰਾਕ ਪਾਉਗੇ, ਉਹੀ ਇਨਸਾਨ ਫਲੇਗਾ। ਤੇ ਅੱਜ ਸਾਡੇ ਸਮਾਜ ਵਿਚ ਇਹੀ ਸੱਭ ਤੋਂ ਵਡੀ ਬੀਮਾਰੀ ਹੈ। ਅਸੀਂ ਅਪਣੀਆਂ ਨਿਰਾਸ਼ਾਵਾਂ ਨੂੰ ਇਸ ਕਦਰ ਧਿਆਨ ਦੇ ਕੇ ਉਨ੍ਹਾਂ ਨੂੰ ਪਾਲ ਰਹੇ ਹਾਂ ਕਿ ਸਾਡੇ ਸਮਾਜ ਵਿਚ ਨਿਰਾਸ਼ਾ ਸੱਭ ਪਾਸੇ ਛਾ ਗਈ ਹੈ। ਅੱਜ ਕਿਸੇ ਰਾਹ ਚਲਦੇ ਨੂੰ ਪੁੱਛੋ ਤਾਂ ਉਹ ਅਪਣਾ ਦੁੱਖ ਦੀ ਪਟਾਰੀ ਉਥੇ ਹੀ ਖੋਲ੍ਹ ਬੈਠੇਗਾ। ਨਿਰਾਸ਼ਾ ਨਾਲ ਹੱਲ ਤਾਂ ਨਿਕਲੇਗਾ ਨਹੀਂ। 2021 ਸੱਭ ਤੋਂ ਵਡਾ ਸਬਕ ਵੀ ਦੇ ਕੇ ਜਾ ਰਿਹਾ ਹੈ। ਸਬਕ ਹੈ ਕਿਸਾਨੀ ਸੰਘਰਸ਼ ਦੀ ਜਿੱਤ। ਜਿੱਤ ਦੇ ਪਿੱਛੇ ਭੜਕਾਊ ਭਾਸ਼ਣ ਕਰਨ ਵਾਲੇ ਆਗੂ ਨਹੀਂ ਸਨ ਜੋ ਅੱਜ ਸਿਆਸਤ ਦੇ ਵਿਹੜੇ ਵਿਚ ਜਾ ਕੇ ਅਪਣੀ ਤਾਕਤ ਲੱਭ ਰਹੇ ਹਨ।

 

PhotoPhoto

ਸੰਘਰਸ਼ ਦੀ ਅਸਲੀ ਤਾਕਤ ਆਮ ਕਿਸਾਨ ਸਨ ਜੋ ਅਸਲ ਵਿਚ ਸੜਕਾਂ ਤੇ ਟੈਂਟਾਂ ਵਿਚ , ਟਰਾਲੀਆਂ ਅੰਦਰ ਬੈਠੇ ਰਹਿੰਦੇ ਸਨ। ਅਸਲ ਤਾਕਤ ਉਹ ਸਨ ਜਿਨ੍ਹਾਂ ਨੇ ਅਪਣੇ ਘਰ ਛੱਡ ਕੇ ਸੜਕਾਂ ਨੂੰ ਘਰ ਬਣਾਇਆ । ਤੇ ਜਦ ਵੀ ਉਥੇ ਜਾ ਕੇ ਤੁਸੀਂ ਕਿਸੇ ਆਮ ਕਿਸਾਨ ਨਾਲ ਗੱਲ ਕਰਨੀ ਤਾਂ ਉਸ ਨੇ ਕਦੇ ਵੀ ਅਪਣੀਆਂ ਤਕਲੀਫ਼ਾਂ ਦੀ ਕਹਾਣੀ ਨਾ ਛੇੜਨੀ, ਨਾ ਕਿਸੇ ਨੇ ਖਾਣਾ ਨਾ ਮਿਲਣ ਦੀ ਜਾਂ ਅਤਿ ਦੀ ਸਰਦੀ ਜਾਂ ਅਤਿ ਦੀ ਗਰਮੀ ਦੀ ਕਹਾਣੀ ਸੁਣਾਉਣੀ। ਉਨ੍ਹਾਂ ਸਿਰਫ਼ ਤੇ ਸਿਰਫ਼ ਅਪਣੇ ਮਕਸਦ ਤੇ ਜਿੱਤ ਬਾਰੇ ਗੱਲ ਕਰਨੀ। ਉਨ੍ਹਾਂ ਅਪਣੀ ਔਖੀ ਜ਼ਿੰਦਗੀ ਦਾ ਦੁਖੜਾ ਵੀ ਕਦੇ ਨਾ ਰੋੋਇਆ। ਤੇ ਇਹੀ ਉਨ੍ਹਾਂ ਦੀ ਜਿੱਤ ਦਾ ਕਾਰਨ ਵੀ ਸੀ। ਉਨ੍ਹਾਂ ਅਪਣੀ ਜਿੱਤ ਨੂੰ ਖ਼ੁਰਾਕ ਪਾਈ ਨਾ ਕਿ ਅਪਣੇ ਦੁੱਖਾਂ ਨੂੰ ਤੇ ਇਹੀ ਸਬਕ ਮੈਂ ਅਪਣੇ ਦਿਲ ਵਿਚ ਸਮੋਅ ਕੇ ਰੱਖ ਲਿਆ। ਕੂੜੇ ਦੇ ਢੇਰ ਵਿਚ ਵੀ ਖ਼ੂਬਸੂਰਤੀ ਮਿਲ ਜਾਂਦੀ ਹੈ ਜੇ ਤੁਸੀਂ ਅਪਣੇ ਦਿਲ ਵਿਚ ਪਿਆਰ ਨੂੰ ਖ਼ੁਰਾਕ ਪਾਉ। ਤੁਸੀਂ ਨਿਰਾਸ਼ਾਵਾਂ ਦੀਆਂ ਗਿਣਤੀ ਕਰਨੀ ਹੋਵੇ ਜਾਂ ਅਪਣੇ ਉਤੇ ਹੋਈਆਂ ਮਿਹਰਬਾਨੀਆਂ ਦੀ, ਜਿਸ ਦੀ ਵੀ ਗਿਣਤੀ ਕਰੋਗੇ, ਉਹੀ ਮਿਲੇਗਾ। 2022 ਦੇ ਆਉਣ ਤੋਂ ਪਹਿਲਾਂ 2021 ਦੀਆਂ ਨਿਰਾਸ਼ਾਵਾਂ ਨੂੰ ਪਿੱਛੇ ਛੱਡ, ਅਪਣੇ ਅੰਦਰ ਇਕ ਬੱਚੇ ਦੀ ਉਮੰਗ ਜਗਾ ਕੇ ਇਸ ਸਾਲ ਕੁਦਰਤ ਦੇ ਚਮਤਕਾਰਾਂ ਦਾ ਆਨੰਦ ਤੁਹਾਨੂੰ ਸਾਰਿਆਂ ਨੂੰ ਮਿਲੇ।     -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement