
ਸਾਰੀਆਂ ਸੂਬਾ ਪੱਧਰੀ ਪਾਰਟੀਆਂ ਦੇ ਉਭਾਰ ਨੂੰ ਵੇਖਣ ਮਗਰੋਂ, ਪੰਜਾਬ ਵਿਚ ਸੂਬਾਈ ਪਾਰਟੀ ਅਕਾਲੀ ਦਲ ਦਾ ਨਾਂ ਮਿਟਦਾ ਵੇਖ ਕੇ ਹੈਰਾਨੀ ਤਾਂ ਹੁੰਦੀ ਹੀ ਹੈ ਪਰ ਬੀ.ਜੇ.ਪੀ....
ਸਾਰੀਆਂ ਸੂਬਾ ਪੱਧਰੀ ਪਾਰਟੀਆਂ ਦੇ ਉਭਾਰ ਨੂੰ ਵੇਖਣ ਮਗਰੋਂ, ਪੰਜਾਬ ਵਿਚ ਸੂਬਾਈ ਪਾਰਟੀ ਅਕਾਲੀ ਦਲ ਦਾ ਨਾਂ ਮਿਟਦਾ ਵੇਖ ਕੇ ਹੈਰਾਨੀ ਤਾਂ ਹੁੰਦੀ ਹੀ ਹੈ ਪਰ ਬੀ.ਜੇ.ਪੀ. ਨਾਲ ਗੰਢ-ਚਤਰਾਵਾ ਕਰਨ ਵਾਲੀ ਪਾਰਟੀ, ਅਪਣੀ ਮੌਜੂਦਾ ਹਾਲਤ ਲਈ, ਕਿਸੇ ਦੂਜੀ ਪਾਰਟੀ ਨੂੰ ਦੋਸ਼ੀ ਵੀ ਤਾਂ ਨਹੀਂ ਠਹਿਰਾ ਸਕਦੀ। ਸ਼ਾਹਕੋਟ ਜ਼ਿਮਨੀ ਚੋਣ ਵਿਚ ਜ਼ੋਰ ਤਾਂ ਦੋਹਾਂ ਪਾਰਟੀਆਂ ਨੇ ਪੂਰਾ ਹੀ ਲਾਇਆ ਸੀ। ਸ਼ਾਹਕੋਟ ਨੂੰ ਅਕਾਲੀ ਦਲ ਦਾ ਗੜ੍ਹ ਮੰਨਦੇ ਹੋਏ, ਕਾਂਗਰਸ ਅਪਣਾ ਝੰਡਾ ਉਥੇ ਗਡਣਾ ਚਾਹੁੰਦੀ ਸੀ ਪਰ ਜਾਣਦੀ ਸੀ ਕਿ ਇਹ ਕੰਮ ਸੌਖਾ ਨਹੀਂ।
Narendra Modi
ਜ਼ਿਮਨੀ ਚੋਣਾਂ ਦੇ ਨਤੀਜਿਆਂ ਰਾਹੀਂ ਭਾਰਤ ਦੀ ਜਨਤਾ ਨੇ ਮੁੜ ਤੋਂ ਭਾਰਤੀ ਰਾਜਨੀਤੀ ਨੂੰ ਉਹੀ ਫ਼ੈਸਲਾ ਸੁਣਾਇਆ ਹੈ ਜੋ ਉਹ ਵਾਰ ਵਾਰ ਸੁਣਾਉਂਦੀ ਆ ਰਹੀ ਹੈ। ਪਰ ਸੱਤਾਧਾਰੀ ਲੋਕ, ਸਾਹਮਣੇ ਆ ਰਹੇ ਸੱਚ ਨੂੰ ਵੇਖ ਕੇ ਵੀ, ਠੀਕ ਸਬਕ ਸਿਖਣ ਨੂੰ ਤਿਆਰ ਨਹੀਂ ਹੁੰਦੇ। ਕਦੇ ਇੰਦਰਾ ਗਾਂਧੀ ਵਲੋਂ ਚਲਾਏ ਗਏ 'ਇੰਦਰਾ ਰਾਜ' ਵਿਰੁਧ ਸਾਰੇ ਦੇਸ਼ ਦੀਆਂ ਛੋਟੀਆਂ ਛੋਟੀਆਂ ਪਾਰਟੀਆਂ ਇਸੇ ਤਰ੍ਹਾਂ ਇਕੱਠੀਆਂ ਹੋ ਗਈਆਂ ਸਨ।
2014 ਵਿਚ ਭਾਜਪਾ ਨੂੰ ਮਿਲਿਆ ਬਹੁਮਤ ਹੁਣ ਖ਼ਤਮ ਹੁੰਦਾ ਦਿਸ ਰਿਹਾ ਹੈ। ਕਾਂਗਰਸ ਵਲੋਂ 11 ਸੀਟਾਂ ਵਿਚੋਂ 5 ਅਪਣੇ ਨਾਂ ਕਰਨ ਅਤੇ ਬਾਕੀ ਪੰਜ ਉਸ ਦੀਆਂ ਗਠਜੋੜ ਪਾਰਟੀਆਂ ਦੀ ਝੋਲੀ ਵਿਚ ਪੈਣ ਤੋਂ ਸਾਫ਼ ਹੈ ਕਿ ਵਿਰੋਧੀ ਧਿਰ ਮਿਲ ਕੇ ਡਟ ਜਾਵੇ ਤਾਂ ਜਿੱਤ ਇਨ੍ਹਾਂ ਦੇ ਏਕੇ ਤੋਂ ਬਹੁਤੀ ਦੂਰ ਨਹੀਂ ਰਹਿ ਗਈ।
ਮਹਾਰਾਸ਼ਟਰ ਵਿਚ ਭਾਜਪਾ ਅਤੇ ਵਿਰੋਧੀ ਧਿਰ ਵਾਸਤੇ ਸੁਨੇਹਾ ਅਜੇ ਸਾਫ਼ ਨਹੀਂ ਹੋ ਸਕਿਆ।
Mamta Banerjee
ਭਾਜਪਾ ਦੀ ਪਕੜ ਅਜੇ ਵੀ ਕਾਇਮ ਹੈ ਪਰ ਵਿਰੋਧੀ ਧਿਰ ਵੀ ਲੋਕਾਂ ਅੰਦਰ ਮਜ਼ਬੂਤੀ ਫੜ ਚੁੱਕੀ ਹੈ। ਪਰ ਸੱਭ ਤੋਂ ਵੱਡਾ ਸੁਨੇਹਾ ਉੱਤਰ ਪ੍ਰਦੇਸ਼ ਤੋਂ ਆਇਆ ਹੈ ਜਿਥੇ ਰਾਸ਼ਟਰੀ ਲੋਕ ਦਲ (ਅਜੀਤ ਸਿੰਘ) ਨੇ ਇਕ ਵੱਡੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਨੂੰ ਹਰਾਇਆ। ਇਸ ਸੀਟ ਉਤੇ ਭਾਜਪਾ ਦੇ ਵੱਡੇ ਮਹਾਂਰਥੀਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੇ ਆਪ ਰੋਡ ਸ਼ੋਅ ਕਰ ਕੇ, ਜਿੱਤ ਪੱਕੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਇਸ ਦੇ ਬਾਵਜੂਦ ਹੋਈ ਵੱਡੀ ਹਾਰ ਨਾਲ ਇਹ ਤਾਂ ਸਾਫ਼ ਹੈ ਕਿ ਜਨਤਾ ਧਰਮਨਿਰਪੱਖ ਸਿਆਸਤ ਦੀ ਚਾਹਵਾਨ ਹੈ। ਉਨ੍ਹਾਂ ਨੂੰ ਇਕ ਯੋਗੀ ਦੇ ਮੱਠ ਵਿਚ ਬਹੁਤ ਸ਼ਰਧਾ ਸੀ, ਪਰ ਸਰਕਾਰ ਚਲਾਉਣ ਵਿਚ ਉਹੀ ਯੋਗੀ ਪੂਰੀ ਤਰ੍ਹਾਂ ਫ਼ੇਲ੍ਹ ਹੈ।ਸਾਰੀਆਂ ਸੂਬਾ ਪੱਧਰੀ ਪਾਰਟੀਆਂ ਦੇ ਉਭਾਰ ਨੂੰ ਵੇਖਣ ਮਗਰੋਂ, ਪੰਜਾਬ ਵਿਚ ਸੂਬਾਈ ਪਾਰਟੀ ਅਕਾਲੀ ਦਲ ਦਾ ਨਾਂ ਮਿਟਦਾ ਵੇਖ ਕੇ ਹੈਰਾਨੀ ਤਾਂ ਹੁੰਦੀ ਹੀ ਹੈ ਪਰ ਬੀ.ਜੇ.ਪੀ. ਨਾਲ ਗੰਢ-ਚਤਰਾਵਾ ਕਰਨ ਵਾਲੀ ਪਾਰਟੀ, ਅਪਣੀ ਮੌਜੂਦਾ ਹਾਲਤ ਲਈ, ਕਿਸੇ ਦੂਜੀ ਪਾਰਟੀ ਨੂੰ ਦੋਸ਼ੀ ਵੀ ਤਾਂ ਨਹੀਂ ਠਹਿਰਾ ਸਕਦੀ। ਸ਼ਾਹਕੋਟ ਜ਼ਿਮਨੀ ਚੋਣ ਵਿਚ ਜ਼ੋਰ ਤਾਂ ਦੋਹਾਂ ਪਾਰਟੀਆਂ ਨੇ ਪੂਰਾ ਹੀ ਲਾਇਆ ਸੀ।
Akhilesh Yadav
ਸ਼ਾਹਕੋਟ ਨੂੰ ਅਕਾਲੀ ਦਲ ਦਾ ਗੜ੍ਹ ਮੰਨਦੇ ਹੋਏ, ਕਾਂਗਰਸ ਅਪਣਾ ਝੰਡਾ ਉਥੇ ਗਡਣਾ ਚਾਹੁੰਦੀ ਸੀ ਪਰ ਜਾਣਦੀ ਸੀ ਕਿ ਇਹ ਕੰਮ ਸੌਖਾ ਨਹੀਂ। ਪੰਜਾਬ ਵਿਚ ਸੱਤਾ ਸੰਭਾਲਣ ਤੋਂ ਬਾਅਦ ਉਹ ਅਪਣੇ ਕਈ ਵਾਅਦਿਆਂ ਨੂੰ ਵਿੱਤੀ ਸੰਕਟ ਕਰ ਕੇ ਪੂਰਾ ਨਹੀਂ ਕਰ ਸਕੀ। ਅਕਾਲੀ ਦਲ ਨੇ ਇਸੇ ਗੱਲ ਨੂੰ ਅਪਣੀ ਚੋਣ ਮੁਹਿੰਮ ਦਾ ਮੁੱਦਾ ਬਣਾਇਆ। ਨੌਜਵਾਨਾਂ ਨੂੰ ਸਮਾਰਟ ਫ਼ੋਨ ਨਾ ਮਿਲਣਾ, ਕਿਸਾਨਾਂ ਦੀ ਕਰਜ਼ਾ ਮਾਫ਼ੀ ਵਿਚ ਹੌਲੀ ਚਾਲ, ਨੌਕਰੀਆਂ ਵਿਚ ਦੇਰੀ ਵਰਗੇ ਮੁੱਦੇ ਚੁੱਕੇ ਗਏ। ਵੱਡੇ ਵਿਵਾਦ ਖੜੇ ਕੀਤੇ ਗਏ ਜਿਵੇਂ ਇਤਿਹਾਸ ਦੀਆਂ ਕਿਤਾਬਾਂ ਨਾਲ ਛੇੜਛਾੜ, ਲੰਗਰ ਉਤੇ ਜੀ.ਐਸ.ਟੀ. ਬਾਰੇ ਝੂਠੀਆਂ ਖ਼ਬਰਾਂ ਆਦਿ।
ਪਰ ਇਹ ਸਾਰੀਆਂ ਗੱਲਾਂ ਆਖ਼ਰ ਅਕਾਲੀ ਉਮੀਦਵਾਰ ਨੂੰ ਹੀ ਪੁੱਠੀਆਂ ਪਈਆਂ। ਅਕਾਲੀ ਦਲ ਅਪਣੇ ਹੀ ਗੜ੍ਹ, ਜਿਸ ਵਿਚ ਉਹ 2017 ਵਿਚ ਹੀ ਜਿੱਤਿਆ ਸੀ, ਅੱਜ ਬੁਰੀ ਤਰ੍ਹਾਂ ਹਾਰਿਆ ਹੈ। ਅਕਾਲੀ ਦਲ ਉਤੇ ਲੋਕ ਅਜੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਇਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਤੇ ਪਿਛਲੀਆਂ ਗ਼ਲਤੀਆਂ ਨੂੰ ਮੰਨਣ ਵਾਲਾ ਕੰਮ ਵੀ ਤਾਂ ਕੋਈ ਨਹੀਂ ਕੀਤਾ ਤੇ ਕਾਂਗਰਸ ਸਰਕਾਰ ਦੀਆਂ ਕਥਿਤ ਨਾਕਾਮੀਆਂ ਦੇ ਸਿਰ ਤੇ ਹੀ ਚਾਹੁੰਦਾ ਹੈ ਕਿ ਲੋਕ ਇਸ ਦੇ ਗ਼ਲਤ ਕੰਮਾਂ ਨੂੰ ਭੁੱਲ ਜਾਣ ਤੇ ਵਾਪਸ ਸੱਤਾ ਵਿਚ ਲੈ ਆਉਣ।
ਸਪੋਕਸਮੈਨ ਟੀ.ਵੀ. ਟੀਮ ਵਲੋਂ ਸ਼ਾਹਕੋਟ ਦੇ ਸਰਵੇਖਣ ਵਿਚ ਵੀ ਲੋਕਾਂ ਨੇ ਅਕਾਲੀ ਦਲ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਇਸੇ ਨਤੀਜੇ ਦੀ ਭਵਿੱਖਬਾਣੀ ਸਪੋਕਸਮੈਨ ਟੀਮ ਵਲੋਂ ਵੀ ਕੀਤੀ ਗਈ ਸੀ। ਪਰ ਜਦੋਂ ਦੇਸ਼ ਭਰ ਹੀ ਵਿਚ ਸੂਬਾਈ ਪਾਰਟੀਆਂ ਉਭਾਰ ਤੇ ਹਨ ਤਾਂ ਪੰਜਾਬ ਇਕੱਲਾ ਘੱਟ ਗਿਣਤੀ ਸੂਬਾ ਹੈ ਜਿਥੇ ਸੂਬਾਈ ਪਾਰਟੀ ਤੋਂ ਲੋਕ ਏਨੇ ਨਿਰਾਸ਼ ਹਨ। ਇਹ ਪੰਜਾਬ ਵਾਸਤੇ ਬੜੀ ਦੁਖ ਦੀ ਗੱਲ ਹੈ ਕਿਉਂਕਿ ਅਕਾਲੀ ਦਲ ਸਿਰਫ਼ ਪੰਜਾਬ ਨਹੀਂ, ਬਲਕਿ ਸਿੱਖ ਹਿਤਾਂ ਦੀ ਰਾਖੀ ਕਰਨ ਵਾਸਤੇ ਕਾਇਮ ਕੀਤਾ ਗਿਆ ਸੀ।
Badals
ਇਸ ਪਾਰਟੀ ਦਾ ਖ਼ਾਤਮਾ ਸਿੱਖਾਂ ਦੇ ਵਿਸ਼ੇਸ਼ ਅਧਿਕਾਰਾਂ ਦੇ ਖ਼ਾਤਮੇ ਦੇ ਰੂਪ ਵਿਚ ਵੀ ਸਾਹਮਣੇ ਆ ਸਕਦਾ ਹੈ ਪਰ ਲੋਕ ਇਹ ਨਹੀਂ ਭੁੱਲ ਸਕਦੇ ਕਿ ਬੀ.ਜੇ.ਪੀ. ਦੀ 'ਬੀ' ਟੀਮ ਬਣਨ ਮਗਰੋਂ ਇਸ ਖ਼ਤਰੇ ਦੇ ਆਗਾਜ਼ ਦਾ ਨੀਂਹ ਪੱਥਰ ਵੀ ਇਸੇ 'ਪੰਜਾਬੀ ਅਕਾਲੀ ਦਲ' ਨੇ ਹੀ ਰਖਿਆ ਸੀ ਤੇ ਇਸ ਦਾ ਵੱਡਾ ਆਪ੍ਰੇਸ਼ਨ ਕੀਤੇ ਬਿਨਾਂ, ਇਹ ਸਿੱਖਾਂ ਦਾ ਹੋਰ ਨੁਕਸਾਨ ਤਾਂ ਕਰ ਸਕਦਾ ਹੈ, ਫ਼ਾਇਦਾ ਨਹੀਂ। ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੌਜੂਦਾ ਰੂਪ ਵਿਚ ਇਸ ਪਾਰਟੀ ਦੇ ਰਹਿਣ ਨਾਲ ਵੀ ਸਿੱਖਾਂ ਨੂੰ ਸਗੋਂ ਵੱਡਾ ਖ਼ਤਰਾ ਬਣਿਆ ਰਹੇਗਾ।
ਜੇ ਲੋਕਤੰਤਰ ਦੀ ਗੱਲ ਕਰੀਏ ਤਾਂ ਇਹ ਜਿੱਤਾਂ ਜਨਤਾ ਦੀਆਂ ਨਹੀਂ, ਬਸ ਪਾਰਟੀਆਂ ਦੀਆਂ ਜਿੱਤਾਂ-ਹਾਰਾਂ ਹਨ। ਜਨਤਾ ਉਸ ਵੇਲੇ ਜਿੱਤੇਗੀ ਜਦੋਂ ਭਾਰਤ ਦੀ ਸਿਆਸਤ ਅਪਣੀ ਸੋਚ ਵਿਚੋਂ ਕੱਟੜਵਾਦ ਕੱਢ ਕੇ ਵਿਕਾਸ ਦੀ ਸਿਆਸਤ ਕਰੇਗੀ। ਜਨਤਾ ਵਿਕਾਸ ਦੀ ਭੁੱਖੀ ਹੈ ਪਰ ਇਹ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਦੀ ਭੁੱਖ ਦਾ ਫ਼ਾਇਦਾ ਉਠਾ ਕੇ ਧਰਮ ਦੀ ਰਾਜਨੀਤੀ ਖੇਡੀ ਜਾਵੇ। 2019 ਤਕ ਅਜੇ ਕਾਫ਼ੀ ਸਮਾਂ ਪਿਆ ਹੈ। ਸੱਭ ਕੁੱਝ ਆਉਣ ਵਾਲੇ ਸਮੇਂ ਵਿਚ ਵਿਰੋਧੀ ਧਿਰ ਵਲੋਂ ਇਕੱਠੇ ਹੋ ਕੇ, ਅਪਣੀ ਤਾਕਤ ਨੂੰ ਲੋਹੇ ਦੀ ਲੱਠ ਵਾਂਗ ਮਜ਼ਬੂਤ ਕਰਨ ਤੇ ਨਿਰਭਰ ਕਰਦਾ ਹੈ। -ਨਿਮਰਤ ਕੌਰ