ਕਿਸਾਨਾਂ ਮਗਰੋਂ ਕਰੋੜਪਤੀ ਵਪਾਰੀ ਵੀ ਖ਼ੁਦਕੁਸ਼ੀਆਂ ਦੇ ਰਾਹ? 
Published : Aug 2, 2019, 1:30 am IST
Updated : Aug 2, 2019, 1:30 am IST
SHARE ARTICLE
VG Siddhartha
VG Siddhartha

ਕੇਂਦਰ ਲਈ ਸੋਚਣ ਤੇ ਫ਼ਿਕਰ ਕਰਨ ਦੀ ਲੋੜ

ਚਾਹ ਦੀ ਪਿਆਲੀ ਦੀਆਂ ਚੁਸਕੀਆਂ ਲੈਣ ਵਾਲੇ ਦੇਸ਼ ਨੂੰ ਕੌਫ਼ੀ ਦਾ ਸਵਾਦ 'ਕੈਫ਼ੇ ਕੌਫ਼ੀ ਡੇ' ਨੇ ਚੜ੍ਹਾਇਆ। ਵਿਦੇਸ਼ਾਂ ਵਿਚ ਕੌਫ਼ੀ ਸ਼ਾਪ ਵਾਂਗ 1996 'ਚ ਦੱਖਣ ਦੇ ਇਕ ਉੱਦਮੀ ਨੌਜੁਆਨ ਨੇ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਇਹ ਲਹਿਰ ਚਲਾਈ ਜੋ ਅੱਗ ਵਾਂਗ ਏਨੀ ਫੈਲ ਗਈ ਕਿ ਅੱਜ ਹਰ ਸੜਕ, ਹਰ ਛੋਟੇ ਸ਼ਹਿਰ ਵਿਚ ਘੱਟ ਤੋਂ ਘੱਟ ਇਕ 'ਕੈਫ਼ੇ ਕੌਫ਼ੀ ਡੇ' ਤਾਂ ਹੈ ਹੀ। 'ਸੀ.ਸੀ.ਡੀ.' ਨੌਜੁਆਨਾਂ ਦਾ ਅੱਡਾ ਬਣ ਗਿਆ ਅਤੇ ਜਦੋਂ ਇਕ ਸਾਲ ਪਹਿਲਾਂ ਵਿਦੇਸ਼ੀ ਲੜੀ 'ਸਟਾਰਬੱਕ' ਭਾਰਤ ਵਿਚ ਆਈ ਤਾਂ ਉਸ ਦਾ ਮੁਕਾਬਲਾ ਸੀ.ਸੀ.ਡੀ. ਕਰ ਰਹੀ ਸੀ।

VG Siddhartha missingVG Siddhartha

ਪਰ ਜਿਸ ਤਰ੍ਹਾਂ ਉਸ ਉੱਦਮੀ ਵਪਾਰੀ ਵੀ.ਜੀ. ਸਿਧਾਰਥ ਨੇ ਖ਼ੁਦਕੁਸ਼ੀ ਕਰ ਕੇ ਅਪਣੀ ਜ਼ਿੰਦਗੀ ਵਿਚ ਹਾਰ ਮੰਨੀ ਹੈ, ਸਮਝਣਾ ਪਵੇਗਾ ਕਿ ਉਸ ਦਾ ਕਾਰਨ ਕੀ ਹੈ। ਪਹਿਲਾਂ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਸਨ, ਹੁਣ ਵਪਾਰੀ ਵੀ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਦੇਸ਼ ਦੀ ਵਾਗਡੋਰ ਸੰਭਾਲਣ ਵਾਲਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਸਿਧਾਰਥ ਨੇ ਖ਼ੁਦਕੁਸ਼ੀ ਕਰ ਕੇ ਸਾਫ਼ ਕਰ ਦਿਤਾ ਹੈ ਕਿ ਉਸ ਦੇ ਫ਼ੈਸਲੇ ਪਿੱਛੇ ਕੋਈ ਪ੍ਰਵਾਰਕ ਜਾਂ ਭਾਵੁਕ ਕਾਰਨ ਨਹੀਂ ਬਲਕਿ ਸਿਰਫ਼ ਅਤੇ ਸਿਰਫ਼ ਭਾਰਤੀ ਆਰਥਕ ਸਿਸਟਮ ਹੈ ਜੋ ਇਕ ਉੱਦਮੀ ਨੂੰ ਵਧਣ-ਫੁੱਲਣ ਨਹੀਂ ਦਿੰਦਾ।

VG Siddhartha missingVG Siddhartha

ਉਨ੍ਹਾਂ ਨੇ ਅਪਣੀ ਚਿੱਠੀ ਵਿਚ ਤਿੰਨ ਕਾਰਨ ਦੱਸੇ ਹਨ - ਉਨ੍ਹਾਂ ਉਤੇ ਨਿਵੇਸ਼ਕਾਂ ਦਾ ਦਬਾਅ, ਬੈਂਕਾਂ ਦਾ ਕਰਜ਼ਾ ਅਤੇ ਆਮਦਨ ਟੈਕਸ ਵਿਭਾਗ ਵਲੋਂ ਜਾਂਚ। ਸੀ.ਸੀ.ਡੀ. ਅਜਿਹੇ ਦਰਮਿਆਨੇ ਉਦਯੋਗ ਵਾਂਗ ਹੈ ਜੋ ਅੱਜ ਭਾਰਤ ਦੇ ਮੱਧ ਵਰਗ ਅਤੇ ਗ਼ਰੀਬਾਂ ਵਾਂਗ ਤੜਪ ਰਿਹਾ ਹੈ ਜਾਂ ਤੜਪਾਇਆ ਜਾ ਰਿਹਾ ਹੈ। 1990ਵਿਆਂ 'ਚ ਜਦੋਂ ਭਾਰਤ ਦੇ ਵਿਕਾਸ ਦੀ ਵਾਗਡੋਰ ਡਾ. ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਉ ਦੇ ਹੱਥਾਂ ਵਿਚ ਆਈ ਤਾਂ ਵਿਕਾਸ ਦਰ 8 ਫ਼ੀ ਸਦੀ ਨਾਲ ਵਧਣ ਲੱਗੀ ਅਤੇ ਉਦਯੋਗਪਤੀਆਂ ਨੇ ਸੁਪਨੇ ਵੇਖਣੇ ਸ਼ੁਰੂ ਕਰ ਦਿਤੇ।

Vijay Mallya arrives at the oval cricket ground to watch Ind vs Aus matchVijay Mallya

ਵਿਜੈ ਮਾਲਿਆ ਨੇ ਜਦੋਂ ਸਿਧਾਰਥ ਦੀ ਖ਼ੁਦਕੁਸ਼ੀ ਉਤੇ ਦੁੱਖ ਪ੍ਰਗਟਾਉਂਦਿਆਂ ਰਿਸ਼ਤਾ ਜਤਾਇਆ ਤਾਂ ਉਹ ਉਸ ਦੌਰ ਦੇ ਉੱਦਮੀਆਂ ਦੇ ਰਿਸ਼ਤੇ ਦੀ ਗੱਲ ਕਰ ਰਹੇ ਸਨ ਜਦੋਂ ਸੀ.ਸੀ.ਡੀ., ਕਿੰਗਫ਼ਿਸ਼ਰ, ਡੀ.ਐਚ.ਐਲ., ਰਿਲਾਇੰਸ ਕੈਪੀਟਲ ਵਰਗਿਆਂ ਨੇ ਅਪਣੀਆਂ ਯੋਜਨਾਵਾਂ ਬਣਾਈਆਂ। ਜਦੋਂ ਕੋਈ ਉਦਯੋਗ ਸ਼ੁਰੂ ਕਰਦਾ ਹੈ ਤਾਂ ਇਕ ਅੰਦਾਜ਼ਾ ਲਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਥਿਤੀ ਕਿਸ ਤਰ੍ਹਾਂ ਦੀ ਰਹੀ ਹੋਵੇਗੀ। ਸਥਿਤੀ ਬਦਲੀ ਭਾਵੇਂ ਚੰਗੇ ਵਾਸਤੇ ਨਹੀਂ। ਪਿਛਲੇ 5-6 ਸਾਲਾਂ ਵਿਚ ਜੋ ਝਟਕੇ ਕਮਜ਼ੋਰ ਅਰਥਚਾਰੇ ਨੂੰ ਝਲਣੇ ਪਏ ਹਨ, ਉਹ ਨਾਕਾਬਲੇ ਬਰਦਾਸ਼ਤ ਸਾਬਤ ਹੋਏ। ਉਸ ਤੋਂ ਬਾਅਦ ਜੋ ਨਿਵੇਸ਼ਕ ਹੈ, ਉਹ ਭਾਰਤੀ ਉਦਯੋਗ ਦੇ ਵਧਣ ਫੁੱਲਣ ਵਾਸਤੇ ਪੈਸਾ ਨਹੀਂ ਲਗਾ ਰਿਹਾ, ਬਲਕਿ ਅਪਣੀ ਲਾਗਤ ਚੌਗੁਣੀ ਕਰ ਕੇ ਕੱਢਣ ਦੀ ਤਾਕ ਵਿਚ ਹੈ। ਜਿਸ ਸਥਿਤੀ ਵਿਚ ਉਦਯੋਗ ਸਿਰਫ਼ ਤਨਖ਼ਾਹਾਂ ਹੀ ਕੱਢ ਰਿਹਾ ਹੋਵੇ, ਉਥੇ ਮੁਨਾਫ਼ਾ ਕਿਥੋਂ ਆਵੇਗਾ?

VG Siddhartha missingVG Siddhartha

ਬੈਂਕਾਂ ਨੇ ਪੈਸਾ ਵੀ ਅੰਨ੍ਹੇਵਾਹ ਦਿਤਾ ਪਰ ਉਸ ਉਤੇ ਵਿਆਜ ਬਹੁਤ ਵੱਧ ਰਖਿਆ। ਜਦੋਂ ਅਰਥਚਾਰਾ ਕਮਜ਼ੋਰ ਹੋ ਰਿਹਾ ਸੀ ਤਾਂ ਬੈਂਕਾਂ ਨੇ ਅਪਣੇ ਹੱਥ ਘੁੱਟ ਲਏ, ਇਹ ਨਾ ਸਮਝਦੇ ਹੋਏ ਕਿ ਸਮਾਂ ਢਿੱਲ ਦੇਣ ਦਾ ਸੀ। ਆਮਦਨ ਟੈਕਸ ਵਿਭਾਗ ਵਿਚ ਇਕ ਮਾਫ਼ੀਆ ਤਾਂ ਚਲਦਾ ਹੈ ਪਰ ਚੰਗੇ ਦਿਲ ਵਾਲੇ ਵੀ ਇਕ ਕੰਪਿਊਟਰ ਵਾਂਗ ਕੰਮ ਕਰਦੇ ਹਨ। ਇਕ ਲਾਲ ਝੰਡੀ ਦੇ ਪਿੱਛੇ ਪਏ ਸਾਂਢ ਵਾਂਗ ਇਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਉਹ ਕਿਹੜੀ ਖ਼ਤਰੇ ਵਾਲੀ ਸਥਿਤੀ 'ਚੋਂ ਲੰਘ ਰਹੇ ਹਨ। ਸਿਧਾਰਥ ਉਤੇ ਸਿਆਸੀ ਦਬਾਅ ਵੀ ਘੱਟ ਨਹੀਂ ਸੀ ਜਿਸ ਕਰ ਕੇ ਉਸ ਦਾ ਸਹੁਰਾ, ਕਰਨਾਟਕ ਦਾ ਸਾਬਕਾ ਕਾਂਗਰਸੀ ਮੁੱਖ ਮੰਤਰੀ, ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। ਪਰ ਫਿਰ ਵੀ ਸਿਧਾਰਥ ਅਪਣੇ ਪਿੱਛੇ ਪਏ ਵਸੂਲਦਾਰਾਂ ਸਾਹਮਣੇ ਹਾਰ ਗਿਆ। ਸਿਧਾਰਥ ਅਪਣੀ ਅਲਵਿਦਾ ਚਿੱਠੀ ਵਿਚ ਅਪਣੀ ਜਾਇਦਾਦ ਦਾ ਵੇਰਵਾ ਦੇ ਗਿਆ ਹੈ ਜਿਸ ਵਿਚ 16 ਹਜ਼ਾਰ ਕਰੋੜ ਦੀ ਜਾਇਦਾਦ ਹੈ। ਭਾਰਤ ਦੀ ਅੱਜ ਦੀ ਅਰਥਵਿਵਸਥਾ ਵਿਚ ਸਿਰਫ਼ ਅੰਕੜੇ ਹਨ ਪਰ ਮੂਲ ਧਨ ਨਹੀਂ ਰਿਹਾ। 

Body of Cafe Coffee Day owner V.G. Siddhartha found Body of Cafe Coffee Day owner V.G. Siddharth

ਇਹ ਕਹਾਣੀ ਹਰ ਉਸ ਵਪਾਰੀ ਦੀ ਹੈ ਜੋ ਕਿ ਉਨ੍ਹਾਂ 10 ਘਰਾਣਿਆਂ 'ਚ ਨਹੀਂ ਜਿਹੜੇ ਸਿਆਸਤਦਾਨਾਂ ਨੂੰ ਖ਼ਰੀਦ ਚੁੱਕੇ ਹਨ। ਭਾਰਤ ਵਿਚ ਵਪਾਰੀਆਂ ਨੂੰ ਚੋਰ ਮੰਨਦੇ ਹਨ, ਕਿਸਾਨਾਂ ਨੂੰ ਫ਼ਜ਼ੂਲ ਖ਼ਰਚੀ ਕਰਨ ਵਾਲੇ, ਗ਼ਰੀਬ ਨੂੰ ਭਾਰਤ ਪਰ ਇਹੀ ਅਸੂਲ ਆਮ ਭਾਰਤੀ ਦੇ ਹਨ ਜੋ ਉਸ ਉਪਰਲੇ 1% ਵਿਚ ਨਹੀਂ ਆਉਂਦੇ। ਸਿਧਾਰਥ, ਵਿਜੈ ਮਾਲਿਆ ਵਾਂਗ ਅਪਣਾ ਕਰਜ਼ਾ ਚੁਕਾਉਣਾ ਚਾਹੁੰਦਾ ਸੀ ਪਰ ਭਾਰਤੀ ਸਿਸਟਮ ਨੂੰ ਦੂਜੇ ਦੀ ਤਬਾਹੀ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਸਰਕਾਰ ਦੀ ਆਰਥਕ ਯੋਜਨਾਬੰਦੀ ਵਿਚ ਜੇ ਤਬਦੀਲੀ ਨਾ ਆਈ ਤਾਂ ਕਿਸਾਨਾਂ ਤੋਂ ਬਾਅਦ ਹੁਣ ਛੋਟੇ ਅਤੇ ਦਰਮਿਆਨੇ ਉਦਯੋਗਪਤੀ ਹਾਰ ਮੰਨਣੀ ਸ਼ੁਰੂ ਕਰ ਦੇਣਗੇ।  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement