
ਭਾਵੇਂ ਕਾਂਗਰਸ ਵੇਲੇ ਵੀ ਏਜੰਸੀਆਂ ਨੂੰ ‘ਪਾਲਤੂ ਤੋਤਾ’ ਆਖਿਆ ਜਾਂਦਾ ਸੀ ਪਰ ਅਸਲ ਮਿਲਾਵਟ ਦਾ ਸਹੀ ਮੰਜ਼ਰ ਹੁਣ ਵੇਖਣ ਨੂੰ ਮਿਲ ਰਿਹਾ ਹੈ।
ਅੱਜ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਭਾਜਪਾ ਵਲੋਂ ਦਿੱਲੀ ਵਿਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਚੁਕਣ ਦਾ ਮੁੱਖ ਕਾਰਨ ਇਹ ਦਸਿਆ ਗਿਆ ਕਿ ਉਹ ਠੀਕ ਤਰ੍ਹਾਂ ਜਵਾਬ ਨਹੀਂ ਦੇ ਰਹੇ ਸਨ। ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੰਤਰੀ ਸਤਿੰਦਰ ਜੈਨ ਜੇਲ੍ਹ ਵਿਚ ਹਨ ਤੇ ‘ਆਪ’ ਦੇ ਪ੍ਰਮੁੱਖ ਮੀਡੀਆ ਸਲਾਹਕਾਰ ਵਿਜੇ ਨਈਅਰ ਵੀ ਜੇਲ੍ਹ ਵਿਚ ਹਨ ਪਰ ਉਨ੍ਹਾਂ ਕੋਲੋਂ ਕੋਈ ਸਬੂਤ ਨਹੀਂ ਮਿਲਿਆ ਤੇ ਹੁਣ ਸੀ.ਬੀ.ਆਈ. ਨੇ ਮਨੀਸ਼ ਸਿਸੋਦੀਆ ਨੂੰ ਚੁਕ ਲਿਆ। ਅੱਜ ਤਕ ਇਹ ਨਹੀਂ ਪਤਾ ਲੱਗਾ ਕਿ ਕਿੰਨਾ ਪੈਸਾ ਕਿਥੇ ਗਿਆ ਹੈ ਪਰ ਫਿਰ ਵੀ ਉਹਨਾਂ ਨੂੰ ਲਗਦਾ ਹੈ ਕਿ ਕਿਤੇ ਘਪਲਾ ਹੋਇਆ ਜ਼ਰੂਰ ਹੈ।
ਇਸ ਪਿੱਛੇ ਅਸਲ ਵਿਚ ਕੋਈ ਘਪਲਾ ਹੈ ਵੀ ਜਾਂ ਸਿਰਫ਼ ‘ਆਪ’ ਨੂੰ ਕਾਬੂ ਕਰਨ ਵਾਸਤੇ ਸੀ.ਬੀ.ਆਈ. ਨੂੰ ਉਨ੍ਹਾਂ ਪਿੱਛੇ ਛਡਿਆ ਗਿਆ ਹੈ? ਪਰ ਜਦ ਸਾਰੇ ਦੇਸ਼ ਦਾ ਅਰਬਾਂ ਦਾ ਨੁਕਸਾਨ ਹੋ ਰਿਹਾ ਹੈ, ਜਦ ਅਡਾਨੀ ਨੂੰ ਮਿਲੀਆਂ ਰਿਆਇਤਾਂ ਨੇ ਸਨਸੈਕਸ ਨੂੰ ਹੇਠਾਂ ਡੇਗ ਕੇ ਤਬਾਹੀ ਮਚਾਈ ਹੋਈ ਹੈ ਤਾਂ ਅਜੀਬ ਗੱਲ ਹੈ ਕਿ ਸੀ.ਬੀ.ਆਈ. ਨੂੰ ਜਾਂਚ ਕਰਨ ਲਈ ਕੁੱਝ ਵੀ ਨਹੀਂ ਮਿਲ ਰਿਹਾ। ਅਜੇ ਤਕ ਜਨਤਾ ਨੂੰ ਇਹ ਨਹੀਂ ਪਤਾ ਕਿ ਅਡਾਨੀ ਕਾਰਨ ਐਲ.ਆਈ.ਸੀ. ਦਾ ਕਿੰਨਾ ਨੁਕਸਾਨ ਉਹਨਾਂ ਦੀ ਬੱਚਤ ਨੂੰ ਤਬਾਹ ਕਰੇਗਾ ਜਾਂ ਲੋਕਾਂ ਦਾ ਕਿੰਨਾ ਪੈਸਾ ਪੀ.ਐਨ.ਬੀ. ਵਲੋਂ ਅਡਾਨੀ ਨੂੰ ਦਿਤੇ ਪੈਸੇ ਨੂੰ ਬਚਾਉਣ ਵਾਸਤੇ ਐਨ.ਪੀ.ਏ. ਦੇ ਰੂਪ ਵਿਚ ਮਾਫ਼ ਕਰ ਦਿਤਾ ਜਾਵੇਗਾ? ਪਰ ਸੀ.ਬੀ.ਆਈ. ਨੂੰ ਇਹੀ ਲਗਦਾ ਹੈ ਕਿ ਭਾਵੇਂ ਦਿੱਲੀ ਦਾ ਖ਼ਜ਼ਾਨਾ ਭਰਿਆ ਹੋਇਆ ਹੈ ਪਰ ਫਿਰ ਵੀ ਕਿਤੇ ਕੁੱਝ ਅਜਿਹਾ ਹੈ ਜੋ ਫੜਿਆ ਜਾ ਸਕਦਾ ਹੈ ਤੇ ਅਡਾਨੀ ਵਲੋਂ ਧਿਆਨ ਹਟਾਇਆ ਜਾ ਸਕਦਾ ਹੈ।
ਜਿਵੇਂ ਜਿਵੇਂ ਦੇਸ਼ ਵਿਚ ਚੋਣਾਂ ਨਜ਼ਦੀਕ ਆਉਂਦੀਆਂ ਹਨ, ਵਿਜੀਲੈਂਸ, ਸੀ.ਬੀ.ਆਈ., ਈ.ਡੀ., ਆਈ.ਟੀ. ਦੇ ਛਾਪੇ ਸ਼ੁਰੂ ਹੋ ਜਾਂਦੇ ਹਨ ਪਰ ਅਫ਼ਸੋਸ ਹੈ ਕਿ ਇਹ ਕਿਸੇ ਤਣ ਪੱਤਣ ਘੱਟ ਹੀ ਲਗਦੇ ਹਨ। ਬਸ ਸੁਰਖ਼ੀਆਂ ਬਟੋਰਨ, ਸਿਆਸੀ ਦੂੁਸ਼ਣਬਾਜ਼ੀ ਕਰਨ ਤੇ ਕੁੱਝ ਦੇਰ ਕਿਸੇ ਨੂੰ ਜੇਲ੍ਹ ਵਿਚ ਸੁਟ ਦੇਣ ਦੇ ਇਲਾਵਾ ਕੋਈ ਸਫ਼ਲਤਾ ਨਹੀਂ ਮਿਲਦੀ। ਜੇ ਕੇਂਦਰੀ ਏਜੰਸੀਆਂ ਵਲੋਂ ਟੀ.ਐਮ.ਸੀ. ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਵੀ ਭਾਜਪਾ ਦੇ ਵਰਕਰਾਂ ਨੂੰ ਜਾਨੋਂ ਮਾਰਨ ਤਕ ਗਏ। ਕਾਂਗਰਸ ’ਚ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਅਪਣਿਆਂ ਮੁਕਾਬਲੇ ਵਿਰੋਧੀਆਂ ਤੋਂ ਘੱਟ ਖ਼ਤਰਾ ਲਗਦਾ ਹੈ। ਉਨ੍ਹਾਂ ਦਾ ਸਾਰਾ ਧਿਆਨ ਅਪਣੇ ਸਾਥੀਆਂ ਨੂੰ ਮਾਰਨ ਵਿਚ ਲਗਿਆ ਰਹਿੰਦਾ ਹੈ ਤੇ ਉਨ੍ਹਾਂ ਨੇ ਕਦੇ ਜਾਂਚ ਸੰਸਥਾਵਾਂ ਨੂੰ ਇਸ ਕਦਰ ਵਿਰੋਧੀਆਂ ਤੇ ਇਸਤੇਮਾਲ ਨਹੀਂ ਕੀਤਾ।
ਭਾਵੇਂ ਕਾਂਗਰਸ ਵੇਲੇ ਵੀ ਏਜੰਸੀਆਂ ਨੂੰ ‘ਪਾਲਤੂ ਤੋਤਾ’ ਆਖਿਆ ਜਾਂਦਾ ਸੀ ਪਰ ਅਸਲ ਮਿਲਾਵਟ ਦਾ ਸਹੀ ਮੰਜ਼ਰ ਹੁਣ ਵੇਖਣ ਨੂੰ ਮਿਲ ਰਿਹਾ ਹੈ। ਜੇ ਅੰਕੜੇ ਵੇਖੇ ਜਾਣ ਤਾਂ ਪਿਛਲੇ 7 ਸਾਲਾਂ ਵਿਚ ਈ.ਡੀ. ਵਲੋਂ 95 ਫ਼ੀ ਸਦੀ ਛਾਪੇ ਵਿਰੋਧੀਆਂ ਤੇ ਹੀ ਪਏ ਹਨ ਪਰ ਸਫ਼ਲਤਾ ਦੀ ਦਰ ਨਾ ਹੋਇਆਂ ਜਿੰਨੀ ਹੀ ਰਹੀ। ਈ.ਡੀ. ਦੇ ਛਾਪਿਆਂ ਵਿਚ ਸਫ਼ਲਤਾ 0.5 ਫ਼ੀ ਸਦੀ ਹੀ ਰਹੀ ਹੈ।
ਇਸ ਨਾਲ ਸਿਆਸੀ ਖੇਤਰ ਵਿਚ ਫ਼ਾਇਦੇ ਹੋ ਸਕਦੇ ਹਨ। ਕਿਸੇ ਸਿਆਸੀ ਪਾਰਟੀ ਨੂੰ ਨੀਵਾਂ ਵਿਖਾਇਆ ਜਾ ਸਕਦਾ ਹੈ ਪਰ ਜੋ ਨੁਕਸਾਨ ਸੰਵਿਧਾਨ ਤੇ ਆਜ਼ਾਦੀ ਦਾ ਅੱਜ ਦੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਹਨ, ਉਸ ਨਾਲ ਆਮ ਨਾਗਰਿਕ ਦਾ ਸਰਕਾਰੀ ਸੰਸਥਾਵਾਂ ਤੇ ਵਿਸ਼ਵਾਸ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਨਾ ਸਿਆਸੀ ਫ਼ਾਇਦਾ, ਨਾ ਸੱਚ ਦੀ ਜਾਂਚ, ਬਸ ਰਾਸ਼ਟਰੀ ਸੋਚ ਨੂੰ ਦਬਾਉਣ ਵਾਲਾ ਸ਼ੋਰ ਬਣ ਕੇ ਰਹਿ ਜਾਵੇਗਾ।
- ਨਿਮਰਤ ਕੌਰ