
ਪੰਜਾਬ ਵਿਚ ਪਹਿਲਾਂ ਵਿਦੇਸ਼ੀਂ ਫੇਰੀਆਂ ਲਾ ਕੇ ਆਉਣ ਵਾਲੇ ਜਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਦੇ
ਪੰਜਾਬ ਵਿਚ ਪਹਿਲਾਂ ਵਿਦੇਸ਼ੀਂ ਫੇਰੀਆਂ ਲਾ ਕੇ ਆਉਣ ਵਾਲੇ ਜਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਦੇ ਪੰਜਾਬ ਆਉਣ ਨਾਲ ਐਨ.ਆਰ.ਆਈਜ਼. ਵਿਰੁਧ ਪ੍ਰਚਾਰ ਹੋਇਆ ਸੀ ਅਤੇ ਹੁਣ ਜਿਹੜੇ ਸਿੱਖ ਸ਼ਰਧਾਲੂ ਨਾਂਦੇੜ ਸਾਹਿਬ ਤੋਂ ਆਏ ਹਨ, ਉਨ੍ਹਾਂ ਵਿਰੁਧ ਪ੍ਰਚਾਰ ਸ਼ੁਰੂ ਹੋ ਗਿਆ ਹੈ। ਹੁਣ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਆਉਣ ਨਾਲ, ਸਾਡਾ ਮੀਡੀਆ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਜਾਣ ਦਾ ਰੌਲਾ ਪਾ ਰਿਹਾ ਹੈ ਜਿਸ ਨਾਲ ਹੁਣ ਇਨ੍ਹਾਂ ਸ਼ਰਧਾਲੂਆਂ ਵਿਰੁਧ ਤਬਲੀਗ਼ੀ ਜਮਾਤ ਵਰਗੀ ਹਵਾ ਵਾਲਾ ਮਾਹੌਲ ਬਣਨ ਲੱਗ ਪਿਆ ਹੈ।
ਅੱਜ ਤੋਂ ਰੇਲ ਗੱਡੀਆਂ ਭਰ ਭਰ ਕੇ ਪ੍ਰਵਾਸੀ ਮਜ਼ਦੂਰ ਅਪਣੇ ਅਪਣੇ ਸੂਬਿਆਂ ਵਲ ਭੇਜੇ ਜਾਣ ਲੱਗੇ ਹਨ ਅਤੇ ਇਸ ਨਾਲ ਜਿਵੇਂ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਅੰਕੜਾ ਵਧਿਆ ਹੈ, ਉਸੇ ਤਰ੍ਹਾਂ ਸਾਰੇ ਭਾਰਤ ਦਾ ਅੰਕੜਾ ਵਧੇਗਾ। ਕੀ ਹੁਣ ਉਨ੍ਹਾਂ ਦੀ ਨਿੰਦਾ ਵੀ ਸ਼ੁਰੂ ਹੋ ਜਾਵੇਗੀ? ਨਹੀਂ, ਨਿੰਦਾ ਸ਼ਬਦ, ਸਾਡੇ ਮੀਡੀਆ ਦੇ ਇਕ ਭਾਗ ਨੇ ਸਿਰਫ਼ ਘੱਟ-ਗਿਣਤੀਆਂ ਲਈ ਰਾਖਵਾਂ ਕਰ ਦਿਤਾ ਹੈ।
File photo
ਮੁਸ਼ਕਲ ਇਹ ਆ ਰਹੀ ਹੈ ਕਿ ਸਾਡੇ ਮੀਡੀਏ ਦਾ ਇਕ ਵੱਡਾ ਭਾਗ ਸਮਾਜ ਨੂੰ ਵੰਡਦਾ ਹੈ, ਕਦੇ ਧਰਮ ਦੇ ਨਾਂ 'ਤੇ, ਕਦੇ ਜਾਤ, ਕਦੇ ਕੰਮਕਾਜ ਦੇ ਬਹਾਨੇ ਅਤੇ ਕਦੇ ਕਿਸੇ ਇਕ ਅੱਧ ਗ਼ਲਤੀ ਜਾਂ ਭੁੱਲ ਨੂੰ ਉਛਾਲ ਕੇ। ਅੱਜ ਜੇ ਕੋਈ ਕਿਸਾਨਾਂ ਦੀ ਗੱਲ ਕਰੇ ਤਾਂ ਮੱਧ ਵਰਗ ਵਾਲਿਆਂ ਨੂੰ ਬੁਰਾ ਲੱਗਣ ਲਗਦਾ ਹੈ। ਫਿਰ ਮਜ਼ਦੂਰ ਆ ਜਾਂਦਾ ਹੈ ਅਤੇ ਦੂਜੇ ਪਾਸੇ ਉਦਯੋਗਪਤੀ ਅਪਣੇ ਹੱਕਾਂ ਦੀ ਰਾਖੀ ਕਰਨ ਵਿਚ ਜੁਟੇ ਹੋਏ ਹਨ।
ਸਾਰੇ ਸਿਆਣੇ ਆਖ ਰਹੇ ਹਨ ਕਿ ਕੋਰੋਨਾ ਦਾ ਔਖਾ ਪਾਠ ਇਨਸਾਨੀਅਤ ਵਾਸਤੇ ਇਕ ਸਬਕ ਵੀ ਲੈ ਕੇ ਆਇਆ ਹੈ ਅਤੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਉਸ ਸਬਕ ਬਾਰੇ ਫ਼ਰੈਂਕ ਸਨੋਡੈਨ ਨਾਮਕ ਇਕ ਲੇਖਕ ਨੇ ਅਕਤੂਬਰ, 2019 'ਚ ਹੀ ਮਹਾਂਮਾਰੀ ਦੀ ਚੇਤਾਵਨੀ ਦੇਣ ਲਈ ਇਕ ਕਿਤਾਬ ਵੀ ਲਿਖੀ ਸੀ ਅਤੇ ਆਖਿਆ ਸੀ ਕਿ ਦੁਨੀਆਂ ਨੂੰ ਹਰ 100 ਸਾਲ ਬਾਅਦ ਕੁਦਰਤ ਅਪਣੀ ਤਾਕਤ ਵਿਖਾਉਂਦੀ ਹੀ ਵਿਖਾਉਂਦੀ ਹੈ। ਸਪੈਨਿਸ਼ ਫ਼ਲੂ ਨੇ ਵੀ 1918 ਵਿਚ ਕੁੱਝ ਸਬਕ ਸਿਖਾਏ ਸਨ ਅਤੇ ਉਸ ਤੋਂ ਬਾਅਦ ਇਨਸਾਨ ਨੇ ਗਲੀਆਂ ਨਾਲੀਆਂ ਦੀ ਕਾਢ ਕੱਢੀ ਸੀ।
ਇਨਸਾਨ ਨੇ ਪਿਛਲੇ ਕੁੱਝ ਦਹਾਕਿਆਂ ਵਿਚ ਕੁਦਰਤ ਦੀ ਚੀਰਫਾੜ ਕੀਤੀ ਅਤੇ ਆਬਾਦੀ ਏਨੀ ਵਧਾ ਲਈ ਜੋ ਧਰਤੀ ਲਈ ਸੰਭਾਲਣੀ ਔਖੀ ਹੋ ਗਈ ਕਿਉਂਕਿ ਇਹ ਧਰਤੀ ਤੇ ਵਾਯੂਮੰਡਲ ਨੂੰ ਬਹੁਤ ਜ਼ਿਆਦਾ ਗੰਦਾ ਕਰ ਰਹੀ ਸੀ ਜਿਸ ਕਰ ਕੇ ਕੋਰੋਨਾ ਦੀ ਮਹਾਂਮਾਰੀ ਆਉਣੀ ਹੀ ਸੀ। ਪਰ ਯੂ.ਐਨ. ਦੀ ਇਕ ਰੀਪੋਰਟ ਆਈ ਹੈ ਜੋ ਆਖਦੀ ਹੈ ਕਿ ਇਸ ਤਾਲਾਬੰਦੀ ਦੇ ਸਮੇਂ ਵਿਚ 70 ਲੱਖ ਔਰਤਾਂ ਅਣਚਾਹਿਆ ਗਰਭਧਾਰਨ ਕਰਨਗੀਆਂ। ਸੋ ਕੋਰੋਨਾ ਦੇ ਫੈਲਾਅ ਨਾਲ ਧਰਤੀ ਦਾ ਭਾਰ ਘਟਣ ਦੀ ਜਿਹੜੀ ਗੱਲ ਸੋਚੀ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਗ਼ਲਤ ਹੈ। ਹੁਣ ਤਾਂ ਆਬਾਦੀ ਵਿਚ ਵਾਧਾ ਹੋਰ ਤੇਜ਼ੀ ਨਾਲ ਹੋਵੇਗਾ, ਜਿਵੇਂ ਪਿਛਲੀਆਂ ਮਹਾਂਮਾਰੀਆਂ ਮਗਰੋਂ ਹੋਇਆ ਸੀ।
ਵੈਕਸੀਨ ਬਣਨ ਦੀਆਂ ਖ਼ਬਰਾਂ ਆ ਰਹੀਆਂ ਹਨ। ਤਿਆਰੀਆਂ ਤਾਂ ਜਾਰੀ ਹਨ ਪਰ ਅੱਜ ਇਹ ਵੀ ਪਤਾ ਲੱਗ ਗਿਆ ਕਿ ਦੁਆਵਾਂ ਵਿਚ ਵੀ ਓਨੀ ਤਾਕਤ ਨਹੀਂ ਜਿੰਨੀ ਅਸੀਂ ਮੰਨਦੇ ਸੀ। ਚਮਤਕਾਰ ਦੀ ਆਸ ਲਗਾਈ ਦੁਨੀਆਂ ਇਹ ਭੁੱਲ ਗਈ ਹੈ ਕਿ ਇਹ ਮਹਾਂਮਾਰੀ ਵੀ ਦੁਨੀਆਂ ਦੇ ਸਿਰਜਣਹਾਰ ਨੇ ਬਣਾਈ ਹੈ। ਪੇਟ ਵਿਚ ਕੀੜੇ ਪੈ ਜਾਣ ਤਾਂ ਅਸੀਂ ਆਪ ਜ਼ਹਿਰ ਨੂੰ ਦਵਾਈ ਆਖ ਕੇ ਖਾਂਦੇ ਹਾਂ। ਤਾਂ ਕੀ ਅਸੀਂ ਇਸ ਧਰਤੀ ਦੇ ਅਸਲ ਕੀੜੇ ਹਾਂ ਜਿਨ੍ਹਾਂ ਨੂੰ ਕਾਬੂ ਕਰਨ ਵਾਸਤੇ ਸਿਰਜਣਹਾਰ ਨੇ ਕੋਰੋਨਾ ਵਰਗੀ ਬਿਮਾਰੀ ਬਣਾਈ ਹੈ? ਮੱਖੀਆਂ, ਮੱਛਰ, ਭੂੰਡ ਵੀ ਜੇ ਹੱਦ ਤੋਂ ਜ਼ਿਆਦਾ ਵੱਧ ਜਾਣ ਤਾਂ ਦਵਾਈ ਪਾਉਣੀ ਪੈਂਦੀ ਹੈ, ਭਾਵੇਂ ਉਨ੍ਹਾਂ ਦੀ ਹੋਂਦ ਧਰਤੀ ਦੀ ਹੋਂਦ ਵਾਸਤੇ ਜ਼ਰੂਰੀ ਹੁੰਦੀ ਹੈ।
File photo
ਅਸੀਂ ਵੀ ਰੇਂਗਦੇ ਕੀੜੇ ਹੀ ਹਾਂ ਜੋ ਆਪਸ ਵਿਚ ਵੈਰ ਰਖਦੇ ਹਨ ਤੇ ਹਉਮੈ ਹੰਕਾਰ, ਲਾਲਚ ਵਿਚ ਫੱਲ ਕੇ ਇਕ-ਦੂਜੇ ਨੂੰ ਅਤੇ ਕੁਦਰਤ ਨੂੰ ਵੀ ਤਬਾਹ ਕਰ ਦੇਂਦੇ ਹਾਂ। ਜੇ ਕੋਰੋਨਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਜਾਵੇ ਤਾਂ ਕੁਦਰਤ ਸਾਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਕੋਰੋਨਾ ਤਾਂ ਸਾਨੂੰ ਇਕ ਸਮਾਨ ਮੰਨ ਰਹੀ ਹੈ ਪਰ ਅਸੀਂ ਇਕ-ਦੂਜੇ ਨੂੰ ਬਰਾਬਰ ਨਹੀਂ ਮੰਨ ਰਹੇ।
ਸ਼ਾਇਦ ਇਹੀ ਸਬਕ ਹੈ ਜੋ ਸਾਨੂੰ ਵਾਰ ਵਾਰ ਸਿਖਣ ਨੂੰ ਮਿਲ ਰਿਹਾ ਹੈ। 'ਏਕ ਪਿਤਾ ਏਕਸ ਕੇ ਹਮ ਬਾਰਕ' ਪਰ ਉਨ੍ਹਾਂ ਸਾਰਿਆਂ ਵਿਚ ਸਿਰਫ਼ ਇਨਸਾਨ ਨਹੀਂ, ਬਲਕਿ ਜਾਨਵਰ, ਹਵਾ, ਧਰਤੀ ਵੀ ਸਾਮਲ ਹੈ। ਕੋਰੋਨਾ ਕਰ ਕੇ ਪੰਜਾਬ ਇਸ ਵਾਰੀ ਝੋਨਾ ਨਹੀਂ ਬੀਜ ਸਕੇਗਾ ਅਤੇ ਇਸ ਨਾਲ ਪੰਜਾਬ ਦੀ ਧਰਤੀ ਨੂੰ ਰਾਹਤ ਮਿਲੇਗੀ। ਪਾਣੀ ਦੇ ਡਿਗਦੇ ਪੱਧਰ ਤੋਂ ਮਾਹਰ ਘਬਰਾਏ ਹੋਏ ਸਨ ਪਰ ਬੇਵੱਸ ਸਨ। ਪਰ ਅੱਜ ਧਰਤੀ ਦੀ ਰਾਖੀ ਲਈ ਕੋਰੋਨਾ ਬੀਮਾਰੀ ਦਾ ਰੂਪ ਧਾਰ ਕੇ ਆਇਆ ਹੈ।
ਸੋ ਸ਼ਾਇਦ ਇਸ ਧਰਤੀ ਅਤੇ ਉਸ ਦੇ ਬੰਦਿਆਂ ਵਿਚ ਪੈਦਾ ਕੀਤੀਆਂ ਦੂਰੀਆਂ ਅਤੇ ਵੰਡਾਂ ਨੂੰ ਖ਼ਤਮ ਕਰਨ ਦਾ ਸੰਦੇਸ਼ ਲੈ ਕੇ ਤੇ ਹਰ ਪ੍ਰਾਣੀ, ਪਸ਼ੂ, ਜੀਅ, ਜੰਤੂ ਦੇ 'ਇਕ' ਹੋਣ ਦਾ ਸੰਦੇਸ਼ ਲੈ ਕੇ ਆਇਆ ਹੈ ਕੋਰੋਨਾ। ਸ਼ਾਇਦ... -ਨਿਮਰਤ ਕੌਰ