
ਬਾਬਾ ਨਾਨਕ ਮੋਦੀਖ਼ਾਨਾ
ਲੁਧਿਆਣਾ ਸ਼ਹਿਰ ਵਿਚ ਬਲਜਿੰਦਰ ਸਿੰਘ ਜਿੰਦੂ ਨਾਂ ਦੇ ਇਕ ਸ਼ਖ਼ਸ ਵਲੋਂ ਬਾਬਾ ਨਾਨਕ ਜੀ ਦੇ ਨਾਂ ਉਤੇ ਇਕ ਮੋਦੀਖ਼ਾਨਾ ਖੋਲ੍ਹਿਆ ਗਿਆ ਹੈ। ਮੋਦੀਖ਼ਾਨੇ ਨੂੰ ਲੈ ਕੇ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ। ਇਸ ਮੋਦੀਖ਼ਾਨੇ ਵਿਚ ਦਵਾਈਆਂ ਦੀ ਕੀਮਤ ਤਕਰੀਬਨ 80 ਫ਼ੀ ਸਦੀ ਘੱਟ ਸੀ ਜਿਸ ਨਾਲ ਮਰੀਜ਼ ਉਤੇ ਇਲਾਜ ਦੇ ਖ਼ਰਚੇ ਦਾ ਬੋਝ ਨਾਂ-ਮਾਤਰ ਹੀ ਰਹਿ ਜਾਂਦਾ ਹੈ।
Guru Nanak Modikhana
ਇਕ ਪਾਸੇ ਬੁਖ਼ਾਰ ਦੀ ਦਵਾਈ ਪੈਰਾਸਿਟਾਮੋਲ ਦਾ ਪੱਤਾ 10 ਰੁਪਏ ਦਾ ਹੈ ਤੇ ਦੂਜੇ ਪਾਸੇ ਉਸੇ ਬੁਖ਼ਾਰ ਦੀ ਦਵਾਈ ਦਾ ਪੱਤਾ (ਨਾਮੀ ਕੰਪਨੀ ਦਾ ਠੱਪਾ ਲੱਗਣ ਕਰ ਕੇ) 50 ਰੁਪਏ ਵਿਚ ਮਿਲਦਾ ਹੈ। ਇਨ੍ਹਾਂ ਦੋਹਾਂ ਵਿਚ ਆਮ ਇਨਸਾਨ ਕਿਸ ਦੀ ਚੋਣ ਕਰੇਗਾ? ਇਸ ਸੱਭ ਕਾਸੇ ਤੋਂ 40 ਰੁਪਏ ਦੀ ਬੱਚਤ ਹੋ ਸਕਦੀ ਹੈ ਜਿਸ ਕਾਰਨ ਆਮ ਇਨਸਾਨ ਤਾਂ ਉਸ ਦੀ ਹੀ ਚੋਣ ਕਰੇਗਾ ਜਿਹੜਾ ਸਸਤਾ ਮਿਲੇਗਾ।
Paracetamol
ਕਈ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਵਿਚ ਦਵਾਈ ਦੀ ਕੀਮਤ ਵਿਚ ਹਜ਼ਾਰਾਂ ਰੁਪਏ ਦਾ ਫ਼ਰਕ ਹੁੰਦਾ ਹੈ ਜਿਸ ਕਾਰਨ ਮੋਦੀਖ਼ਾਨੇ ਵਿਚ ਦਵਾਈਆਂ ਦੀ ਵਿਕਰੀ ਵੱਧ ਗਈ। ਜ਼ਾਹਰ ਹੈ ਕਿ ਨਾਲ ਵਾਲੇ ਦਵਾਈ ਵੇਚਣ ਵਾਲਿਆਂ ਦੇ ਕੰਮ ਉਤੇ ਅਸਰ ਤਾਂ ਪਵੇਗਾ ਹੀ। ਜਦੋਂ ਇਸ ਦਾ ਅਸਰ ਪਿਆ ਤਾਂ ਉਨ੍ਹਾਂ ਨੇ ਇਸ ਮੋਦੀਖ਼ਾਨੇ ਨੂੰ ਬੰਦ ਕਰਵਾਉਣ ਦੀਆਂ ਸਾਜ਼ਸ਼ਾਂ ਸ਼ੁਰੂ ਕਰ ਦਿਤੀਆਂ।
Social Media
ਇਹ ਮੁੱਦਾ ਹੁਣ ਸੋਸ਼ਲ ਮੀਡੀਆ ਉਤੇ ਚਰਚਿਤ ਹੋ ਚੁਕਿਆ ਹੈ ਅਤੇ ਹੁਣ ਇਸ ਮੁੱਦੇ ਨੂੰ ਲੈ ਕੇ ਹਰ ਕੋਈ ਅਪਣੇ ਵਿਚਾਰ ਦੇ ਰਿਹਾ ਹੈ। ਇਥੇ ਇਹ ਵੀ ਸਮਝਣਾ ਪਵੇਗਾ ਕਿ ਸਸਤੀਆਂ ਦਵਾਈਆਂ ਤੇ ਨਾਮੀ ਕੰਪਨੀਆਂ ਦੀਆਂ ਦਵਾਈਆਂ ਵਿਚ ਅੰਤਰ ਕੀ ਹੈ? ਇਸ ਸੱਭ ਨੂੰ ਸਮਝ ਕੇ ਤੁਸੀ ਆਪ ਹੀ ਫ਼ੈਸਲਾ ਕਰ ਲਉ ਕਿ ਤੁਸੀ ਅਪਣੀ ਮਿਹਨਤ ਦੀ ਕਮਾਈ ਕਿਥੇ ਖ਼ਰਚਣਾ ਚਾਹੋਗੇ?
Ranbaxy
ਭਾਵੇਂ ਉਹ ਦਵਾਈ ਭਾਰਤ ਤੋਂ ਅਮਰੀਕਾ ਜਾਂਦੀ ਹੋਵੇ, ਭਾਵੇਂ ਉਹ ਨਾਮੀ ਕੰਪਨੀ ਦਾ ਠੱਪਾ ਲੱਗਣ ਨਾਲ ਮਹਿੰਗੀ ਹੋ ਕੇ ਵਿਕਦੀ ਹੋਵੇ ਜਾਂ ਉਹ ਜੈਨਰਿਕ ਅਖਵਾਉਂਦੀ ਹੋਣ ਕਰ ਕੇ, ਲਾਗਤ ਕੀਮਤ ਤੋਂ ਕੁੱਝ ਫ਼ੀ ਸਦੀ ਵੱਧ ਕੀਮਤ ਦੇ ਮੁਨਾਫ਼ੇ ਉਤੇ ਵਿਕਦੀ ਹੋਵੇ, ਇਹ ਸਾਰੀਆਂ ਇਕੋ ਹੀ ਕਾਰਖ਼ਾਨੇ ਵਿਚ ਬਣੀਆਂ ਹੋਣਗੀਆਂ।
ਬੱਦੀ ਵਿਚ ਚਲਦੇ ਦਵਾਈਆਂ ਦੇ ਕਾਰਖ਼ਾਨੇ ਵਿਚੋਂ ਜਦੋਂ ਰੈਨਬੈਕਸੀ ਤੇ ਜੈਨਰਿਕ ਜਹੀਆਂ ਦਵਾਈਆਂ ਅਮਰੀਕਾ ਲਈ ਨਿਕਲਦੀਆਂ ਹਨ ਤਾਂ ਇਨ੍ਹਾਂ ਵਿਚ ਫ਼ਰਕ ਸਿਰਫ਼ ਕੀਮਤ ਦਾ ਹੁੰਦਾ ਹੈ।
Guru Nanak Modikhana
ਉਹ ਫ਼ਰਕ ਦਵਾਈ ਵਿਚ ਨਹੀਂ ਹੁੰਦਾ ਬਲਕਿ ਦਵਾਈ ਦੇ ਪਿੱਛੇ ਦੀ ਖੋਜ ਜਾਂ ਜ਼ਿੰਮੇਵਾਰੀ ਦਾ ਹੁੰਦਾ ਹੈ। ਜਦ ਇਕ ਦਵਾਈ ਬੱਦੀ ਤੋਂ ਬਣ ਕੇ ਅਮਰੀਕਾ ਜਾਂਦੀ ਹੈ, ਉਸ ਵਿਚ ਇਕ ਫ਼ਾਰਮੂਲਾ ਹੁੰਦਾ ਹੈ ਜਿਸ ਤੋਂ ਪੁਆਇੰਟ ਇਕ ਫ਼ੀ ਸਦੀ ਵੀ ਅੱਗੇ ਪਿੱਛੇ ਹੋਣ ਦੀ ਇਜਾਜ਼ਤ ਨਹੀਂ ਹੁੰਦੀ। ਜੇਕਰ ਇਕ ਵੀ ਪੁਆਇੰਟ ਦਾ ਫ਼ਰਕ ਹੋਵੇ ਤਾਂ ਅਮਰੀਕੀ ਐਫ਼.ਡੀ.ਆਈ ਉਸ ਦਵਾਈ ਨੂੰ ਨਕਾਰ ਦਿੰਦੀ ਹੈ।
Generic Madicine
ਜੇਕਰ ਭਾਰਤ ਵਿਚ ਕਿਸੇ ਨਾਮੀ ਕੰਪਨੀ ਦੀ ਦਵਾਈ ਵਿਕਦੀ ਹੈ ਤਾਂ ਉਸ ਦਵਾਈ ਪਿੱਛੇ ਇਕ ਵਾਅਦਾ ਹੁੰਦਾ ਹੈ ਕਿ ਉਨ੍ਹਾਂ ਨੇ ਦਵਾਈ ਨੂੰ ਡੂੰਘੀ ਜਾਂਚ ਤੋਂ ਬਾਅਦ ਪਾਸ ਕੀਤਾ ਹੈ ਤੇ ਇਸ ਵਿਚ ਜ਼ਰਾ ਜਿੰਨੀ ਵੀ ਮਿਲਾਵਟ ਨਹੀਂ ਹੈ। ਇਸੇ ਤਰ੍ਹਾਂ ਜਿਹੜੀ ਜੈਨਰਿਕ ਦਵਾਈ ਹੁੰਦੀ ਹੈ, ਉਹ ਹੁੰਦੀ ਤਾਂ ਬਿਲਕੁਲ ਹੂ-ਬ-ਹੂ ਉਹੀ ਹੈ ਪਰ ਇਸ ਪਿੱਛੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਸਸਤੀ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਇਹ ਜੈਨਰਿਕ ਦਵਾਈ, ਬਣਾਉਣ ਵਾਲੇ ਵਲੋਂ ਕਈਆਂ ਨੂੰ ਵੇਚੀ ਜਾਂਦੀ ਹੈ ਤੇ ਉਸ ਨੂੰ ਖੋਜ ਦਾ ਖ਼ਰਚਾ ਵੀ ਨਹੀਂ ਕਰਨਾ ਪੈਂਦਾ।
Marcidi car
ਸੰਖੇਪ ਵਿਚ ਗੱਲ ਕੀਤੀ ਜਾਵੇ ਤਾਂ ਇਹ ਇਕ ਮਰਸੀਡੀਜ਼ ਤੇ ਦੂਜੀ ਮਾਰੂਤੀ ਕਾਰ ਦੇ ਬਰਾਂਡ ਵਾਂਗ ਹੈ। ਮਰਸੀਡੀਜ਼ ਇਕ ਵੱਡਾ ਬ੍ਰਾਂਡ ਹੈ ਤੇ ਉਸ ਦੀ ਗੱਡੀ ਕਰੋੜਾਂ ਵਿਚ ਵਿਕਦੀ ਹੈ ਪਰ ਚਲਦੀਆਂ ਦੋਵੇਂ ਹੀ ਹਨ। ਦੋਵੇਂ ਤੁਹਾਨੂੰ ਤੁਹਾਡੀ ਮੰਜ਼ਿਲ ਉਤੇ ਪਹੁੰਚਾ ਦਿੰਦੀਆਂ ਹਨ। ਪਰ ਦੋਵਾਂ (ਮਾਰੂਤੀ ਤੇ ਮਰਸੀਡੀਜ਼) ਨੂੰ ਸਰਕਾਰ ਅਪਣੇ ਕਬਜ਼ੇ ਹੇਠ ਰਖਦੀ ਹੈ। ਪਰ ਦਵਾਈਆਂ ਦੇ ਮਾਮਲੇ ਵਿਚ ਜੈਨਰਿਕ ਉਤੇ ਸਰਕਾਰ ਦਾ ਕੰਟਰੋਲ ਘੱਟ ਹੈ ਤੇ ਦੂਜੀ ਗੱਲ ਇਹ ਹੈ ਕਿ ਅੱਜ ਬਹੁਤੇ ਡਾਕਟਰ ਵੀ ਦਵਾਈ ਕੰਪਨੀਆਂ ਦੇ ਦਲਾਲ ਬਣ ਚੁੱਕੇ ਹਨ।
Guru Nanak Modikhana
ਦਵਾਈ ਲਿਖਣ ਵਾਲੇ ਡਾਕਟਰ ਨੂੰ ਮਰੀਜ਼ ਦੀ ਲੋੜ ਤੇ ਹੈਸੀਅਤ ਮੁਤਾਬਕ ਹੀ ਦਵਾਈ ਲਿਖਣੀ ਚਾਹੀਦੀ ਹੈ ਪਰ ਉਹ ਡਾਕਟਰ ਤਾਂ ਪਹਿਲਾਂ ਅਪਣੇ ਹਿੱਸੇ ਬਾਰੇ ਸੋਚਦਾ ਹੈ ਤੇ ਉਸੇ ਕੰਪਨੀ ਦੀ ਦਵਾਈ ਲਿਖਦਾ ਹੈ ਜਿਸ ਦਾ ਉਸ ਨੂੰ ਹਿੱਸਾ ਮਿਲਣਾ ਹੁੰਦਾ ਹੈ। ਵਾਰ-ਵਾਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਡਾਕਟਰੀ ਆਮਦਨ ਦਾ ਵੱਡਾ ਹਿੱਸਾ ਵਿਦੇਸ਼ੀ ਕਾਨਫ਼ਰੰਸਾਂ ਤੇ ਮਹਿੰਗੇ ਤੋਹਫ਼ੇ ਹੀ ਹਨ।
Doctor
ਅਮਰੀਕਾ ਵਰਗੇ ਦੇਸ਼ ਵਿਚ ਵੀ ਜੈਨਰਿਕ ਤੇ ਨਾਮੀ ਦਵਾਈਆਂ ਦਾ ਵਿਵਾਦ ਹੈ ਪਰ ਉਥੇ ਸਿਸਟਮ ਨੂੰ ਮਰੀਜ਼ ਦੇ ਹੱਕ ਵਿਚ ਸੋਧਿਆ ਗਿਆ ਹੈ। ਸਿਸਟਮ ਤਾਂ ਭਾਰਤ ਵਿਚ ਵੀ ਹੈ ਪਰ ਇਹ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਗ਼ਰੀਬ ਦੇਸ਼ ਵਿਚ ਡਾਕਟਰਾਂ ਦੀ ਕਮੀ ਹੈ ਤੇ ਡਾਕਟਰ ਅਪਣੀ ਤਾਕਤ ਦੀ ਦੁਰਵਰਤੋਂ ਵੀ ਕਰਦੇ ਹਨ ਭਾਵੇਂ ਸਾਰੇ ਨਹੀਂ।
ਪਰ ਜਿਹੜੇ ਡਾਕਟਰ ਤਾਕਤ ਦੀ ਦੁਰਵਰਤੋਂ ਕਰਦੇ ਹਨ, ਉਨ੍ਹਾਂ ਦੀ ਗ਼ਲਤੀ ਥੋੜੀ ਵੀ ਨਹੀਂ ਆਖੀ ਜਾ ਸਕਦੀ। ਸੋ ਅੱਜ ਜੋ ਮੋਦੀਖ਼ਾਨੇ ਦਾ ਕਦਮ ਚੁਕਿਆ ਗਿਆ ਹੈ, ਉਹ ਆਮ ਇਨਸਾਨ ਨੂੰ ਜਾਗਰੂਕ ਕਰੇਗਾ ਤੇ ਹੁਣ ਸਰਕਾਰ ਤੇ ਦਬਾਅ ਹੋਣਾ ਚਾਹੀਦਾ ਹੈ ਕਿ ਮਰੀਜ਼ ਦੇ ਹੱਕਾਂ ਦੀ ਰਾਖੀ ਵਾਸਤੇ ਸਿਸਟਮ ਨੂੰ ਸਖ਼ਤ ਕੀਤਾ ਜਾਵੇ। -ਨਿਮਰਤ ਕੌਰ