
Ludhiana Debate: ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ ਨਿਓਤਾ ਦੇਣ ਵਾਲੇ ਮੁੱਖ ਮੰਤਰੀ ਇਕੱਲੇ ਹੀ ਬੈਠੇ ਸਨ ਤੇ ਵਿਚਾਰ ਵਟਾਂਦਰੇ ਦੀ ਥਾਂ ਉਹ ਕਾਗ਼ਜ਼ ਫਰੋਲ....
Absence of opposition leaders from Ludhiana debate : ‘‘ਮੈਂ ਪੰਜਾਬ ਬੋਲਦਾ ਹਾਂ’’ ਨਾਂ ਦਾ ਇਕ ਮੰਚ ਪੰਜਾਬ ਦਿਵਸ ਤੇ ਸਜਿਆ। ਪੰਜਾਬ ਦੇ ਮਸਲਿਆਂ ਦੇ ਹੱਲ ਵਾਸਤੇ ਨਿਓਤਾ ਦੇਣ ਵਾਲੇ ਮੁੱਖ ਮੰਤਰੀ ਇਕੱਲੇ ਹੀ ਬੈਠੇ ਸਨ ਤੇ ਵਿਚਾਰ ਵਟਾਂਦਰੇ ਦੀ ਥਾਂ ਉਹ ਕਾਗ਼ਜ਼ ਫਰੋਲ ਫਰੋਲ ਕੇ ਪੰਜਾਬ ਦੀ ਲੁੱਟ ਦੀ ਕਹਾਣੀ ਸੁਣਾ ਰਹੇ ਸੀ। ‘ਮੈਂ ਪੰਜਾਬ ਬੋਲਦਾ ਹਾਂ’ ਵਿਚ ਚੰਗਾ ਹੁੰਦਾ ਜੇ ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਸਾਰੇ ਆਗੂਆਂ ਦੀ ਆਵਾਜ਼ ਸੁਣੀ ਜਾ ਸਕਦੀ। ਪਰ ਕੋਈ ਆਇਆ ਹੀ ਨਾ ਤੇ ਕੁੱਝ ਜਾਣਾ ਚਾਹੁੰਦੇ ਸਨ ਪਰ ਜਾ ਨਾ ਸਕੇ। ਉਹ ਜੋ ਹਰ ਰੋਜ਼ ਮੁੱਖ ਮੰਤਰੀ ਵਿਰੁਧ ਅਪਣਾ ਗੁੱਸਾ ਝਾੜਦੇ ਸਨ ਤੇ ਜਿਨ੍ਹਾਂ ਨੇ ਕਦੇ ਮਾਨ ਸਰਕਾਰ ਦੀਆਂ ਠੀਕ ਗੱਲਾਂ ਵਿਚੋਂ ਇਕ ਦੀ ਵੀ ਹਮਾਇਤ ਨਾ ਕੀਤੀ ਤਾਂ ਮੁੱਖ ਮੰਤਰੀ ਨੇ ਇਕ ਵਾਰ ਆਹਮੋ ਸਾਹਮਣੇ ਹੋ ਕੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕਰਨ ਦਾ ਮੌਕਾ ਉਨ੍ਹਾਂ ਨੂੰ ਵੀ ਤੇ ਪੰਜਾਬ ਦੀ ਜਨਤਾ ਨੂੰ ਵੀ ਦਿਤਾ। ਇਸ ਦਾ ਲਾਭ ਲੈਣ ਤੋਂ ਭੱਜ ਜਾਣ ਵਾਲਿਆਂ ਦਾ ਪ੍ਰਭਾਵ ਚੰਗਾ ਨਹੀਂ ਬਣ ਸਕੇਗਾ।
ਜੋ ਕਹਾਣੀ ਪੰਜਾਬ ਦੇ ਇਤਿਹਾਸਕ ਕਾਗ਼ਜ਼ਾਂ ’ਚੋਂ ਕੱਢ ਕੇ ਪਰੋਈ ਗਈ ਸੀ, ਉਸ ਨੂੰ ਠੋਸ ਸਬੂਤਾਂ ਨਾਲ ਵੀ ਸ਼ਿੰਗਾਰਿਆ ਗਿਆ ਸੀ। ਉਂਜ ਵੀ ਹਰ ਪੰਜਾਬੀ ਨੂੰ ਅਹਿਸਾਸ ਸੀ ਕਿ ਪਿਛਲੇ 25 ਸਾਲਾਂ ਵਿਚ ਸਿਆਸਤਦਾਨਾਂ ਨੇ, ਅਪਣੇ ਨਿਜੀ ਫ਼ਾਇਦਿਆਂ ਲਈ ਪੰਜਾਬ ਨਾਲ ਬਹੁਤ ਗ਼ਲਤ ਕੀਤਾ ਹੈ। ਪਾਣੀਆਂ ਦਾ ਮੁੱਦਾ ਸੱਭ ਤੋਂ ਅਹਿਮ ਮੁੱਦਾ ਹੈ ਤੇ ਪੰਜਾਬ ਦੇ ਨਾਮ ਤੋਂ ਹੀ ਇਸ ਦੀ ਅਹਿਮੀਅਤ ਸਮਝ ਆ ਜਾਂਦੀ ਹੈ। ਜਿਸ ਦਾ ਨਾਮ ਹੀ ਉਸ ਦੇ ਕੁਦਰਤੀ ਪਾਣੀ ਦੀ ਕਦਰ ਨਾਲ ਪਿਆ ਹੋਵੇ ਤੇ ਅੱਜ ਉਹ ਪਾਣੀਆਂ ਤੋਂ ਹੀ ਵਾਂਝਾ ਹੋ ਕੇ, ਸੋਕੇ ਵਲ ਵੱਧ ਰਿਹਾ ਹੋਵੇ ਤਾਂ ਜਵਾਬਦੇਹੀ ਤਾਂ ਬਣਦੀ ਹੀ ਹੈ।
ਮੁੱਖ ਮੰਤਰੀ ਦੀ ਇਸ ਗੱਲ ਨਾਲ ਪੂਰਨ ਸਹਿਮਤੀ ਹੈ ਕਿ ਜਿਨ੍ਹਾਂ ਨੇ ਪਾਣੀਆਂ ਨੂੰ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਬਦਲੇ ਨਿਜੀ ਫ਼ਾਇਦੇ ਪ੍ਰਾਪਤ ਕੀਤੇ ਹੋਣ ਤੇ ਜੇ ਬਾਦਲ ਪ੍ਰਵਾਰ ਨੇ ਪੰਜਾਬ ਦੀ ਧਰਤੀ ਤੋਂ ਪਾਣੀ ਖੋਹ ਕੇ ਰਾਜਸਥਾਨ ਦੇ ਰੇਤਲੇ ਮਾਰੂਥਲਾਂ ਵਿਚ ਬਰਬਾਦ ਕਰ ਦਿਤਾ ਹੈ ਤੇ ਬਦਲੇ ਵਿਚ ਬਾਦਲਾਂ ਨੇ ਚਕ ਨਾਂ ਦੇ ਚੋਅ ਨਾਲ ਅਪਣੇ ਬਾਲਾਸਰ ਫ਼ਾਰਮ ਤਕ ਨਹਿਰ ਕਢਵਾ ਲਈ ਹੈ ਤਾਂ ਗੱਲ ਸਿਰਫ਼ ਵੋਟਾਂ ਨਾ ਪਾਉਣ ਦੇ ਫ਼ੈਸਲੇ ਨਾਲ ਨਹੀਂ ਰੁਕਦੀ। ਜੇ ਇਕ ੍ਰਪਵਾਰ ਨੇ ਅਪਣੇ ਨਿਜੀ ਖੇਤਾਂ ਵਿਚ ਪਾਣੀ ਪਹੁੰਚਾਉਣ ਵਾਸਤੇ ਪੰਜਾਬ ਦੇ ਪਾਣੀ ਦੀ ਲੁੱਟ ਕਰਵਾਈ ਹੈ ਤਾਂ ਨਾ ਸਿਰਫ਼ ਉਹ ਚੋਅ ਬੰਦ ਹੋਣਾ ਚਾਹੀਦਾ ਹੈ ਬਲਕਿ ਪੰਜਾਬ ਦੇ ਕਸੂਰਵਾਰਾਂ ਨੂੰ ਕਚਹਿਰੀਆਂ ਵਿਚ ਖੜਾ ਕਰਨ ਦੀ ਲੋੜ ਹੈ।
‘ਪੰਜਾਬ ਬੋਲਦਾ’ ਵਿਚ ਕਈ ਮੁੱਦਿਆਂ ’ਤੇ ‘ਆਪ’ ਸਰਕਾਰ ਦੇ ਕੰਮਾਂ ਦੀ ਗੱਲ ਹੋਈ ਜਿਵੇਂ ਨੌਕਰੀਆਂ, ਟੋਲ ਪਲਾਜ਼ੇ, ਟਰਾਂਸਪੋਰਟ ਮਾਫ਼ੀਆ ਦਾ ਲੱਕ ਤੋੜਨਾ ਆਦਿ ਪਰ ਜਦ ਕੋਈ ਜਵਾਬ ਦੇਣ ਵਾਲਾ ਹੀ ਨਹੀਂ ਸੀ, ਪੰਜਾਬ ਦੇ ਲੋਕਾਂ ਵਾਸਤੇ ਇਕੋ ਹੀ ਪੱਖ, ਹਕੀਕਤ ਬਣ ਗਿਆ। ਵਿਰੋਧੀ ਧਿਰ ਨੇ ਪਹਿਲਾਂ ਹਾਂ ਕਰ ਕੇ ਐਨ ਮੌਕੇ ’ਤੇ ਨਾ ਜਾਣ ਦੇ ਬਹਾਨੇ ਬਣਾ ਕੇ ਇਹ ਪ੍ਰਭਾਵ ਹੀ ਦਿਤਾ ਹੈ ਕਿ ਉਹ ਡਰ ਗਈ ਹੈ। ਪਹਿਲਾਂ ਹਾਮੀ ਭਰਨ ਤੋਂ ਬਾਅਦ ਅਖ਼ੀਰਲੇ ਦਿਨ ਨਾ ਜਾਣ ਨਾਲ ਉਨ੍ਹਾਂ ਪੰਜਾਬ ਦੇ ਲੋਕਾਂ ਦੇ ਮਨਾਂ ’ਚ ਇਹ ਵਿਚਾਰ ਪੱਕਾ ਕਰ ਦਿਤਾ ਕਿ ਉਨ੍ਹਾਂ ਕੋਲ ਜਵਾਬ ਨਹੀਂ ਸਨ ਤੇ ਉਹ ਵੀ ਅਪਣੇ ਆਪ ਨੂੰ ਕਸੂਰਵਾਰ ਸਮਝਦੇ ਹਨ। ਭਾਵੇਂ ਮੰਚ ’ਤੇ ਕਬਜ਼ਾ ਸਰਕਾਰ ਦਾ ਸੀ, ਚੰਗਾ ਹੁੰਦਾ ਕਿ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੁੱਕਣ ਵਾਲੇ, ਅਪਣਾ ਪੱਖ ਪੇਸ਼ ਕਰਨ ਵਾਸਤੇ, ਅਪਣੀ ਸਫ਼ਾਈ ਦੇਣ ਵਾਸਤੇ, ਉਥੇ ਮੌਜੂਦ ਰਹਿੰਦੇ। ਜੇ ਉਸ ਵਕਤ ਉਨ੍ਹਾਂ ਨਾਲ ਸਹੀ ਨਾ ਹੁੰਦਾ ਤਾਂ ਜਨਤਾ ਨੇ ਵੇਖ ਹੀ ਲੈਣਾ ਸੀ। ਗ਼ੈਰ-ਹਾਜ਼ਰਾਂ ਨੇ ਅੱਜ ਬਿਨਾ ਬੋਲੇ ਅਪਣੇ ਮੱਥੇ ’ਤੇ ਸਾਰੇ ਇਲਜ਼ਾਮ ਆਪ ਹੀ ਮੜ੍ਹ ਲਏ।
- ਨਿਮਰਤ ਕੌਰ