
ਭਾਰਤ ਨੂੰ ਵੀ ਹੁਣ ਅਪਣੀ ਕੂਟਨੀਤੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਤੇ ਅਪਣੇ ਗੁਆਂਢੀਆਂ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਹੈ।
ਜਿਥੇ ਯੂਕਰੇਨ ਦੇ ਰਾਸ਼ਟਰਪਤੀ ਦਾ ਨਾਂ ਸਾਰੀ ਦੁਨੀਆਂ ਵਿਚ ਹਰਮਨ-ਪਿਆਰਤਾ ਜਿੱਤ ਰਿਹਾ ਹੈ, ਉਥੇ ਸਾਡੇ ਪ੍ਰਧਾਨ ਮੰਤਰੀ ਦੀ ਚੁੱਪੀ ਹੁਣ ਦੁਨੀਆਂ ਨੂੰ ਹੈਰਾਨ ਕਰਨ ਲੱਗ ਪਈ ਹੈ। ਜਦ ਜੰਗ ਸ਼ੁਰੂ ਹੋਈ ਤਾਂ ਵਲਾਦੀਮੀਰ ਜੇਲੇਂਸਕੀ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਨੂੰ ਪਿੱਛੇ ਹਟਣ ਵਾਸਤੇ ਆਖਣ ਦੀ ਬੇਨਤੀ ਨੇ ਮੋਦੀ ਨੂੰ ਇਕ ਮੌਕਾ ਦਿਤਾ ਕਿ ਉਹ ਅਪਣਾ ਕੱਦ ਉੱਚਾ ਕਰ ਵਿਖਾਉਣ। ਆਖ਼ਰਕਾਰ ਉਹ ਨਾ ਸਿਰਫ਼ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਮੁਖੀ ਹਨ ਸਗੋਂ ਦੁਨੀਆਂ ਦੀ ਸੱਭ ਤੋਂ ਵੱਡੀ ਮਨੁੱਖੀ ਫ਼ੌਜ ਦੇ ਪ੍ਰਧਾਨ ਸੈਨਾਪਤੀ ਵੀ ਹਨ।
ਵਿਸ਼ਵ ਜੰਗਾਂ ਵਿਚ ਭਾਰਤੀ ਫ਼ੌਜ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਦੁਨੀਆਂ ਯਾਦ ਕਰਦੀ ਹੈ ਅਤੇ ਰੂਸ ਭਾਰਤ ਦਾ ਪੁਰਾਣਾ ਦੋਸਤ ਹੈ। ਗੱਲ ਮੰਨਣੀ ਚਾਹੀਦੀ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਆਖਣ ਤੇ ਵਾਰਤਾਲਾਪ ਸ਼ੁਰੂਆਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ। ਵਲਾਦੀਮੀਰ ਨੇ ਵੀ ਇਹੀ ਸੋਚ ਕੇ ਭਾਰਤ ਉਤੇ ਆਸ ਲਗਾਈ ਸੀ ਕਿ ਉਹ ਰੂਸ ਨੂੰ ਜੰਗ ਰਾਹੀਂ ਮਸਲੇ ਦਾ ਹੱਲ ਨਾ ਲੱਭਣ ਲਈ ਆਖੇ ਤੇ ਭਾਰਤ ਵਰਗੇ ਦੋਸਤਾਂ ਦੀ ਮਦਦ ਲਵੇ। ਜੇ ਯੂਕਰੇਨ ਦੇ ਰਾਸ਼ਟਰਪਤੀ ਦੀ ਇਹ ਗੱਲ ਮੰਨ ਲਈ ਜਾਂਦੀ ਤਾਂ ਕੱਦ ਸਾਡੇ ਪ੍ਰਧਾਨ ਮੰਤਰੀ ਦਾ ਵੀ 100 ਗੁਣਾਂ ਉੱਚਾ ਹੋ ਜਾਣਾ ਸੀ ਤੇ ਯੂ.ਪੀ. ਦੀਆਂ ਚੋਣਾਂ ਇਸ ਪ੍ਰਾਪਤੀ ਦੇ ਸਾਹਮਣੇ ਤੁਛ ਬਣ ਜਾਣੀਆਂ ਸਨ। ਪਰ ਨਿਰਾਸ਼ਾ ਦਾ ਸਾਹਮਣਾ ਸੱਭ ਨੂੰ ਕਰਨਾ ਪਿਆ ਤੇ ਸੱਭ ਤੋਂ ਵੱਧ ਅੱਜ ਭਾਰਤ ਨੂੰ ਇਸ ਨਿਰਾਸ਼ਾ ਨੇ ਘੇਰਿਆ ਹੋਇਆ ਹੈ। ਇਸ ਨੂੰ ਪੁਤਿਨ ਦੇ ਅੜੀਅਲ ਰਵਈਏ ਜਾਂ ਰੂਸ ਨੂੰ ਮੁੜ ਇਕ ਦੁਨਿਆਵੀ ਤਾਕਤ ਜਾਂ ਆਰਥਕ ਮੁਨਾਫ਼ੇ ਤੇ ਕਬਜ਼ੇ ਦੀ ਭੁੱਖ ਕਾਰਨ ਹੋਸ਼ ਗਵਾ ਲੈਣ ਤੋਂ ਵੱਖ ਕਰ ਕੇ ਸਮਝਣ ਦੀ ਜ਼ਰੂਰਤ ਹੈ।
Volodymyr Zelensky and Vladimir Putin
ਭਾਵੇਂ ਰੂਸ ਭਾਰਤ ਦੇ ਕਹਿਣ ਤੇ ਜੰਗ ਤੋਂ ਪਿੱਛੇ ਨਾ ਹਟਦਾ, ਅਪਣੇ ਇਰਾਦੇ ਤੇ ਡਟਿਆ ਵੀ ਰਹਿੰਦਾ ਪਰ ਭਾਰਤ ਦਾ ਇਕ ਯਤਨ, ਤਸਵੀਰ ਦਾ ਰੰਗ ਹੀ ਭਾਰਤ ਲਈ ਜ਼ਰੂਰ ਬਦਲ ਕੇ ਰੱਖ ਦੇਂਦਾ। ਇਕ ਵਾਰ ਭਾਰਤ ਤੇ ਕਹਿਣ ਤੇ ਜੇ ਉਹ ਫ਼ੌਜੀ ਕਾਰਵਾਈ ਕੁੱਝ ਦਿਨ ਲਈ ਅੱਗੇ ਪਾ ਦੇਂਦਾ ਤਾਂ ਭਾਰਤ ਦੀ ਇੱਜ਼ਤ ਜ਼ਰੂਰ ਵੱਧ ਜਾਂਦੀ ਤੇ ਯੂਕਰੇਨ ਵਿਚ ਪੜ੍ਹ ਰਹੇ ਵਿਦਿਆਰਥੀਆਂ ਜਾਂ ਹੋਰ ਕਿਸੇ ਤਰ੍ਹਾਂ ਰਹਿ ਰਹੇ ਭਾਰਤੀਆਂ ਨੂੰ ਵੀ ਇਕ ਖ਼ਰੋਚ ਤਕ ਨਾ ਆਉਂਦੀ। ਹੁਣ ਭਾਰਤ ਦਾ ਅਜਿਹਾ ਹਾਲ ਹੋ ਗਿਆ ਕਿ ਉਹ ਯੂ.ਐਨ ਵਿਚ ਜੰਗ ਵਿਰੁਧ ਅਪਣੀ ਆਵਾਜ਼ ਵੀ ਮੂੰਹ ’ਚੋਂ ਨਾ ਕੱਢ ਸਕਿਆ। ਅੱਜ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਰੇਲਵੇ ਸਟੇਸ਼ਨਾਂ ਤੇ ਯੂਕਰੇਨੀਆਂ ਤੋਂ ਮਿਹਣੇ ਸੁਣਨੇ ਪੈ ਰਹੇ ਹਨ। ਭਾਰਤ ਦਾ ਰੂਸ ਇੰਨਾ ਲਿਹਾਜ਼ ਵੀ ਨਹੀਂ ਕਰ ਰਿਹਾ ਕਿ ਫਸੇ ਬੱਚਿਆਂ ਨੂੰ ਅਪਣੇ ਦੇਸ਼ ਵਿਚ ਆਸਰਾ ਦੇ ਦੇਵੇ। ਪੋਲੈਂਡ ਵਿਚ ਭਾਰਤੀ ਵਿਦਿਆਰਥੀਆਂ ਨੂੰ ਆਸਰਾ ਮਿਲ ਰਿਹਾ ਹੈ ਪਰ ਰੂਸ ਵਲੋਂ ਸਾਡੇ ਵਿਦਿਆਰਥੀਆਂ ਨੂੰ ਕੋਈ ਹਮਦਰਦੀ ਨਹੀਂ ਵਿਖਾਈ ਗਈ।
ਅਸਲ ਮੁਸ਼ਕਲਾਂ ਭਾਰਤ ਨੂੰ ਸਹਿਣੀਆਂ ਪੈ ਰਹੀਆਂ ਹਨ। ਭਾਰਤ ਇਸ ਸਮੇਂ ਅਮਰੀਕਾ ਨਾਲ ਖੜਾ ਨਹੀਂ ਹੋ ਸਕਦਾ ਕਿਉਂਕਿ ਹਥਿਆਰ ਰੂਸ ਤੋਂ ਲੈਣੇ ਪੈਂਦੇ ਹਨ। ਰੂਸ ਵਿਰੁਧ ਨਾ ਬੋਲ ਕੇ ਭਾਰਤ ਨੇ ਚੁੱਪਚਾਪ ਰੂਸ ਦਾ ਸਮਰਥਨ ਕਰ ਦਿਤਾ ਕਿਉਂਕਿ ਉਸ ਕੋਲ ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਭਾਵੇਂ ਅੱਜ ਭਾਰਤ ਰੂਸ ਕੋਲੋਂ ਹਥਿਆਰ ਖ਼ਰੀਦਦਾ ਹੈ, ਉਹ ਲੋੜ ਪੈਣ ਤੇ ਅਮਰੀਕਾ ਜਾਂ ਫ਼ਰਾਂਸ ਕੋਲੋਂ ਵੀ ਖ਼ਰੀਦ ਸਕਦਾ ਹੈ ਤੇ ਖ਼ਰੀਦਦਾ ਵੀ ਹੈ। ਭਾਰਤ ਦੀ ਚੁੱਪੀ ਦਾ ਕਾਰਨ ਇਹ ਹੈ ਵੀ ਕਿ ਅੱਜ ਦੋ ਗਵਾਂਢੀ ਪ੍ਰਮਾਣੂ ਸ਼ਕਤੀਆਂ, ਚੀਨ ਤੇ ਪਾਕਿਸਤਾਨ ਵੀ ਰੂਸ ਦੇ ਨਾਲ ਹਨ।
ਇਮਰਾਨ ਖ਼ਾਨ ਜੰਗ ਸ਼ੁਰੂ ਹੋਣ ਸਮੇਂ ਰੂਸ ਜਾ ਕੇ ਇਹ ਸਾਫ਼ ਕਰ ਚੁੱਕੇ ਹਨ ਕਿ ਉਹ ਕਿਸ ਨਾਲ ਹਨ। ਰੂਸ ਵੀ ਜਾਣਦਾ ਹੈ ਕਿ ਭਾਰਤ ਦੀ ਸੱਭ ਤੋਂ ਵੱਡੀ ਆਬਾਦੀ ਦੀ ਤਾਕਤ ਵੀ ਰੂਸ ਤੇ ਚੀਨ ਸਾਹਮਣੇ ਬੇਅਸਰ ਹੋ ਜਾਂਦੀ ਹੈ। ਅੱਜ ਭਾਰਤ ਇਕੱਲਾ ਖੜਾ ਹੈ ਤੇ ਭਾਵੇਂ ਭਾਰਤ ਨੇ ਕੋਰੋਨਾ ਦੇ ਸਮੇਂ ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਨੂੰ ਵੈਕਸੀਨ ਤੇ ਅਨਾਜ ਦੇ ਕੇ ਬੜੀ ਵੱਡੀ ਮਦਦ ਕੀਤੀ, ਉਹ ਮਦਦ ਚੀਨ ਦੇ ਆਰਥਕ ਭੰਡਾਰੇ ਸਾਹਮਣੇ ਛੋਟੀ ਹੈ। 1970 ਵਿਚ ਜਿਹੜਾ ਈਰਾਨ ਢਹਿ ਪਿਆ ਸੀ, ਅੱਜ ਉਹ ਇਕ ਵਖਰੇ ਅੰਦਾਜ਼ ਵਿਚ ਫਿਰ ਤੋਂ ਉਠ ਹੀ ਰਿਹਾ ਹੈ। ਯੂਰਪੀਅਨ ਯੂਨੀਅਨ ਨੇ ਰੂਸ ਨਾਲ ਤਾਂ ਯੂਕਰੇਨ ਦੇ ਸਮਰਥਨ ਵਿਚ ਜੰਗ ਸ਼ੁਰੂ ਕਰ ਦਿਤੀ ਪਰ ਚੀਨ ਨਾਲ ਵੀ ਵਾਰਤਾਲਾਪ ਸ਼ੁਰੂ ਕਰ ਦਿਤੀ ਤਾਕਿ ਰੂਸ ਤੇ ਚੀਨ ਦੀ ਨੇੜਤਾ ਘੱਟ ਕਰ ਸਕਣ।
ਭਾਰਤ ਨੂੰ ਵੀ ਹੁਣ ਅਪਣੀ ਕੂਟਨੀਤੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਤੇ ਅਪਣੇ ਗੁਆਂਢੀਆਂ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਹੈ। ਅੱਜ ਇਹ ਦੇਸ਼ ਇਕੱਲਾ ਖੜਾ ਹੈ ਤੇ ਯੂਕਰੇਨ ਵਿਚ ਫਸੇ ਬੱਚਿਆਂ ਦੀ ਮਦਦ ਵੀ ਨਹੀਂ ਕਰ ਪਾ ਰਿਹਾ। ਜੇ ਪ੍ਰਧਾਨ ਮੰਤਰੀ ਮੋਦੀ, ਜੇਲੇਂਸਕੀ ਦੀ ਗੱਲ ਮੰਨ ਲੈਂਦੇ ਤੇ ਯੂ.ਪੀ. ਚੋਣਾਂ ਵਿਚ ਜਿੱਤਣ ਦੇ ਮੋਹ ਨੂੰ ਛੱਡ ਕੇ ਰੂਸ-ਯੂਕਰੇਨ ਜੰਗ ਨੂੰ ਰੋਕਣ ਦਾ ਇਕ ਯਤਨ ਕਰ ਲੈਂਦੇ ਤਾਂ ਗੱਲ ਬਿਲਕੁਲ ਵਖਰੀ ਹੋਣੀ ਸੀ। -ਨਿਮਰਤ ਕੌਰ