
ਭਾਜਪਾ ਦੇ 'ਸੱਭ ਕਾ ਸਾਥ' ਦੀ ਬਜਾਏ ਕਾਂਗਰਸ ਦੀ 'ਸੱਭ ਲਈ ਚਿੰਤਾ' ਅਤੇ ਭਾਜਪਾ ਦੇ 'ਕੱਟੜ ਰਾਸ਼ਟਰਵਾਦ' ਤੇ 'ਹਿੰਦੂਤਵਾ' ਦੇ ਮੁਕਾਬਲੇ ਕਾਂਗਰਸ ਦਾ ਭੈ-ਮੁਕਤ ਸਮਾਜ
ਚੋਣਾਂ ਦਾ ਮੌਸਮ ਹੈ। ਮੈਨੀਫ਼ੈਸਟੋ ਹਰ ਪਾਰਟੀ ਨੇ ਜਾਰੀ ਕਰਨਾ ਹੀ ਹੁੰਦਾ ਹੈ ਅਤੇ ਵਾਅਦੇ ਵੀ ਕਰਨੇ ਹੁੰਦੇ ਹਨ ਕਿ 'ਸੱਤਾ ਵਿਚ ਆ ਗਏ ਤਾਂ ਇਹ ਕਰਾਂਗੇ, ਔਹ ਕਰਾਂਗੇ।' ਇਸ ਵਾਰ ਦੀ ਚੋਣ-ਲੜਾਈ ਕੁੱਝ ਜ਼ਿਆਦਾ ਹੀ ਧਿਆਨ ਮੰਗ ਰਹੀ ਹੈ ਕਿਉਂਕਿ ਸਿਰਫ਼ ਇਕ ਨਵੀਂ ਹਕੂਮਤ ਹੀ ਨਹੀਂ ਚੁਣੀ ਜਾਣੀ ਬਲਕਿ ਵੋਟਰਾਂ ਨੇ ਇਹ ਫ਼ੈਸਲਾ ਵੀ ਕਰਨਾ ਹੈ ਕਿ ਭਾਰਤ ਵਰਗਾ ਇਕ ਬਹੁ-ਕੌਮੀ ਬਹੁ-ਭਾਸ਼ਾਈ, ਬਹੁ-ਧਰਮੀ ਤੇ ਹਰ ਪ੍ਰਕਾਰ ਦੀ ਅਨੇਕਤਾ ਵਾਲਾ ਦੇਸ਼, ਕਿਹੜੇ ਰਾਹਾਂ ਤੇ ਚਲ ਕੇ ਸੱਚੀ 'ਏਕਤਾ' ਦੇ ਦਵਾਰ ਤੇ ਪੁਜ ਸਕਦਾ ਹੈ?
ਇਕ ਰਸਤਾ ਬੀ.ਜੇ.ਪੀ. ਦਸਦੀ ਹੈ ਜਿਸ ਨੂੰ 'ਸੱਭ ਕਾ ਸਾਥ, ਸੱਭ ਕਾ ਵਿਕਾਸ' ਦਾ ਨਾਂ ਦਿਤਾ ਗਿਆ ਪਰ ਪੰਜ ਸਾਲ ਮਗਰੋਂ ਅੱਜ ਘੱਟ-ਗਿਣਤੀਆਂ ਸਹਿਮੀਆਂ ਹੋਈਆਂ ਹਨ, ਛੋਟਾ ਵਪਾਰੀ ਘਾਟੇ ਵਿਚ ਜਾਣ ਦੀਆਂ ਗੱਲਾਂ ਕਰ ਰਿਹਾ ਹੈ, ਕਿਸਾਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਨੌਜੁਆਨ ਲਈ ਰੁਜ਼ਗਾਰ ਕੋਈ ਨਹੀਂ, ਬੇਰੁਜ਼ਗਾਰੀ ਉਸ ਨੂੰ ਘਰ ਘਾਟ ਵੇਚ ਕੇ ਵਿਦੇਸ਼ਾਂ ਵਲ ਭੱਜਣ ਲਈ ਮਜਬੂਰ ਕਰ ਰਹੀ ਹੈ ਤੇ ਸਿਆਸੀ ਮਸਲੇ ਹੱਲ ਕਰਨ ਦੀ ਜ਼ਿੰਮੇਵਾਰੀ ਫ਼ੌਜ ਨੂੰ ਸੌਂਪ ਕੇ, ਸੱਤਾਧਾਰੀ ਲੋਕ ਮੌਤਾਂ ਦੀ ਗਿਣਤੀ ਦਸ ਕੇ ਹੀ ਫ਼ਖ਼ਰ ਕਰਦੇ ਰਹਿੰਦੇ ਹਨ ਕਿ 'ਵੇਖੋ ਹਮ ਨੇ ਕਾਂਗਰਸ ਸਰਕਾਰ ਕੇ ਮੁਕਾਬਲੇ 4 ਗੁਨਾ ਮਾਰ ਦੀਏ।' ਗਊ ਰਖਿਆ ਦੇ ਨਾਂ ਤੇ ਭੀੜਾਂ ਕਿਸੇ ਨੂੰ ਕਿਸੇ ਵੀ ਸਮੇਂ ਮਾਰ ਸਕਦੀਆਂ ਹਨ ਤੇ ਵਿਰੋਧੀ ਆਵਾਜ਼ ਕੱਢਣ ਵਾਲੇ ਕਿਸੇ ਵੀ ਮੋਹਤਬਰ ਨੂੰ 'ਦੇਸ਼-ਧ੍ਰੋਹੀ ਤੇ ਪਾਕਿਸਤਾਨ ਦਾ ਏਜੰਟ' ਕਿਹਾ ਜਾ ਸਕਦਾ ਹੈ। ਘੱਟ-ਗਿਣਤੀਆਂ ਨੂੰ ਕੋਈ ਵੀ ਅਪਣੇ ਆਪ ਨੂੰ ਹਿੰਦੂ ਕਹਿਣ ਲਈ ਮਜਬੂਰ ਕਰ ਸਕਦਾ ਹੈ।
Rahul Gandhi
2014 ਵਿਚ ਬੀ.ਜੇ.ਪੀ. ਨੇ ਚੋਣਾਂ ਜਿੱਤਣ ਲਈ ਵੋਟਰਾਂ ਨੂੰ ਕਿਹਾ ਸੀ, ''ਕਾਂਗਰਸ ਨੂੰ ਤੁਸੀ 60 ਸਾਲ ਰਾਜ ਕਰਨ ਲਈ ਦਿਤੇ। ਸਾਨੂੰ 60 ਮਹੀਨੇ ਤਾਂ ਦੇ ਕੇ ਵੇਖੋ। ਜੇ ਅਸੀ ਇਨ੍ਹਾਂ ਤੋਂ ਬਿਹਤਰ ਨਤੀਜੇ ਕੱਢ ਕੇ ਨਾ ਵਿਖਾ ਸਕੇ ਤਾਂ ਅਗਲੀ ਵਾਰ ਵੋਟ ਨਾ ਦੇਣਾ। ਪਰ ਇਕ ਵਾਰ ਮੌਕਾ ਦੇ ਕੇ ਤਾਂ ਵੇਖੋ।'' ਲੋਕਾਂ ਨੇ ਮੌਕਾ ਦਿਤਾ ਪਰ ਜੋ ਨਤੀਜਾ ਸਾਹਮਣੇ ਆਇਆ, ਉਸ ਨੂੰ ਵੇਖ ਕੇ ਬੜੇ ਨਿਰਪੱਖ ਰਾਜਸੀ ਦਰਸ਼ਕਾਂ ਦਾ ਵੀ ਖ਼ਿਆਲ ਇਹੀ ਬਣਦਾ ਸੀ ਕਿ ਕਿਸੇ ਦੂਜੀ ਪਾਰਟੀ ਨੂੰ, ਇਸ ਤੋਂ ਵਖਰਾ ਰਾਹ ਲੈ ਕੇ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਫਿਰ ਮਹਿਸੂਸ ਕੀਤਾ ਗਿਆ ਕਿ ਬੀ.ਜੇ.ਪੀ. ਵਾਲਾ ਰਾਹ ਦੇਸ਼ ਨੂੰ ਏਕਤਾ, ਭਾਈਚਾਰਕ ਸਾਂਝ ਸ਼ਾਂਤੀ ਵਲ ਨਹੀਂ ਲਿਜਾ ਸਕਦਾ ਪਰ ਕੋਈ ਪਾਰਟੀ ਇਕੱਲਿਆਂ ਤਾਂ ਇਸ ਦਾ ਬਦਲ ਬਣ ਹੀ ਨਹੀਂ ਸਕਦੀ।
Unemployment
'ਮਹਾਂਗਠਬੰਧਨ' ਲਈ ਗੱਲਬਾਤ ਸ਼ੁਰੂ ਹੋਈ ਤਾਂ ਲੱਗਾ ਕਿ ਜਦ ਸਾਰੀਆਂ ਹੀ ਪਾਰਟੀਆਂ ਬੀ.ਜੇ.ਪੀ. ਦੀਆਂ ਵਿਰੋਧੀ ਹੋਣ ਦੇ ਬਾਵਜੂਦ, ''ਮੈਂ ਸੱਭ ਤੋਂ ਵੱਡੀ ਪਾਰਟੀ ਹਾਂ ਤੇ ਸੀਟਾਂ ਮੈਂ ਸੱਭ ਤੋਂ ਵੱਧ ਸੀਟਾਂ ਲਵਾਂਗੀ'' ਦਾ ਰੌਲਾ ਪਾ ਰਹੀਆਂ ਹੋਣ ਤਾਂ ਇਸ ਵਿਚਾਰ ਨੂੰ ਵੋਟਾਂ ਪੈਣ ਮਗਰੋਂ ਤਕ ਲਈ ਤਾਕ ਵਿਚ ਰਖਣਾ ਹੀ ਬਿਹਤਰ ਹੋਵੇਗਾ। ਸੋ ਕਾਂਗਰਸ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਪਰ ਜਿਥੇ ਸੰਭਵ ਹੋ ਸਕਿਆ, ਸਮਝੌਤਾ ਕਰ ਵੀ ਲਿਆ। ਇਸੇ ਸੋਚ ਦੇ ਨਤੀਜੇ ਵਜੋਂ ਅੱਜ ਕਾਂਗਰਸ ਨੇ ਅਪਣਾ ਮੈਨੀਫ਼ੈਸਟੋ ਵੀ ਜਾਰੀ ਕਰ ਦਿਤਾ ਹੈ।
Poor womenਮੈਨੀਫ਼ੈਸਟੋ ਵਿਚ 84 ਵੱਡੇ ਵਾਅਦੇ ਕੀਤੇ ਗਏ ਹਨ ਜਿਨ੍ਹਾਂ ਵਲ ਨਜ਼ਰ ਮਾਰਿਆਂ, ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ 'ਵਾਅਦਿਆਂ ਦਾ ਇਹ ਪਰਚਾ' ਨਿਰਾ ਚੋਣ-ਪੱਤਰ ਹੀ ਨਹੀਂ ਬਲਕਿ ਭਾਜਪਾ ਦੇ 'ਸੱਭ ਕਾ ਸਾਥ ਸੱਭ ਕਾ ਵਿਕਾਸ' ਦੇ ਜਵਾਬ ਵਿਚ ਅਪਣੀ ਚਿੰਤਾ ਕਰਨ ਵਾਲੇ 'ਸਭਨਾਂ ਦੀ ਚਿੰਤਾ' ਪ੍ਰਗਟਾਉਣ ਵਾਲਾ ਘੋਸ਼ਣਾ ਪੱਤਰ ਹੈ ਅਤੇ ਬੀ.ਜੇ.ਪੀ. ਤੇ ਉਸ ਦੇ ਸਾਥੀ ਸੰਗਠਨਾਂ ਦੇ 'ਕੱਟੜ ਰਾਸ਼ਟਰਵਾਦ' ਤੇ ਬੇਲੋੜੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਜੀਊਣਾ ਚਾਹੁਣ ਵਾਲੇ ਸਮਾਜ ਲਈ ਇਕ ਅਸਲੋਂ ਵਖਰਾ ਰਾਹ ਵੀ ਹੈ। ਕਿਸਾਨਾਂ ਲਈ ਹਰ ਸਾਲ (ਜਿਵੇਂ ਪਹਿਲਾਂ ਰੇਲਵੇ ਬਜਟ ਹੁੰਦਾ ਸੀ) ਵਖਰਾ ਬਜਟ ਪੇਸ਼ ਕੀਤਾ ਜਾਏਗਾ, 20% ਅਤਿ ਗ਼ਰੀਬ ਕਿਸਾਨਾਂ ਨੂੰ 72000 ਸਾਲਾਨਾ ਦਿਤੇ ਜਾਣਗੇ (ਕੁਲ 5 ਕਰੋੜ ਪ੍ਰਵਾਰਾਂ ਅਤੇ 25 ਕਰੋੜ ਵਿਅਕਤੀਆ ਨੂੰ), ਇਸਤਰੀਆਂ ਲਈ 33% ਰਾਖਵਾਂਕਰਨ ਪਹਿਲੇ ਹੀ ਸੈਸ਼ਨ ਵਿਚ, ਸਿਖਿਆ ਉਤੇ ਜੀ.ਡੀ.ਪੀ. ਦਾ 6% ਖ਼ਰਚਾ ਕੀਤਾ ਜਾਵੇਗਾ ਅਤੇ ਸਾਬਕਾ ਫ਼ੌਜੀਆਂ ਲਈ ਹੁਣ ਸਿੱਧਾ ਸਿਵਲ ਸੇਵਾ ਵਿਚ ਦਾਖ਼ਲਾ ਲੈਣਾ ਸੌਖਾ ਬਣਾ ਦਿਤਾ ਜਾਵੇਗਾ।
ਇਸ ਤਰ੍ਹਾਂ ਕਾਂਗਰਸ ਨੇ ਚਾਰ ਵੱਡੇ ਵਰਗਾਂ ਦੀਆਂ ਵੋਟਾਂ ਬੀ.ਜੇ.ਪੀ. ਕੋਲੋਂ ਖੋਹਣ ਦਾ ਪ੍ਰੋਗਰਾਮ ਤਾਂ ਬਣਾਇਆ ਹੀ ਹੈ, ਨਾਲ ਹੀ ਇਹ ਵੀ ਸੁਨੇਹਾ ਦੇ ਦਿਤਾ ਹੈ ਕਿ ਇਹ 'ਸੱਭ ਕਾ ਸਾਥ' ਮੰਗਣ ਤਕ ਹੀ ਨਹੀਂ ਰਹੇਗੀ ਸਗੋਂ ਅਪਣੀ ਚਿੰਤਾ ਕਰਨ ਵਾਲੇ 'ਸਭਨਾਂ ਦੀ ਚਿੰਤਾ' ਵੀ ਕਰੇਗੀ। ਵੋਟਾਂ ਖੋਹੇ ਜਾਣ ਦਾ ਡਰ, ਬੀ.ਜੇ.ਪੀ. ਨੂੰ 'ਪੈਸਾ ਕਿਥੋਂ ਆਏਗਾ' ਵਰਗੇ ਸਵਾਲ ਉਠਾਉਣ ਲਈ ਤਾਂ ਮਜਬੂਰ ਕਰ ਹੀ ਰਿਹਾ ਹੈ, ਨਾਲ ਹੀ ਉਹ ਵੋਟਰ ਦਾ ਧਿਆਨ ਦੂਜੇ ਪਾਸੇ ਕਰਨ ਲਈ ਕਾਂਗਰਸ ਉਤੇ ਪ੍ਰਵਾਰਵਾਦ ਦੇ ਦੋਸ਼ ਲਾਉਣ ਤੋਂ ਬਾਅਦ, ਹੁਣ ਦੇਸ਼-ਧ੍ਰੋਹੀਆਂ ਦੀ ਹਮਾਇਤੀ, ਪਾਕਿਸਤਾਨ ਨਾਲ ਮਿਲੀ ਹੋਈ ਤੇ 'ਨਕਲੀ ਹਿੰਦੂਆਂ' ਦੀ ਪਾਰਟੀ ਦੱਸਣ ਦੀ ਜ਼ਿਆਦਾ ਰੌਲੀ ਪਾ ਰਹੀ ਹੈ।
Indian army
ਅਪਣੇ 'ਚੰਗੇ ਦਿਨਾਂ' ਦੇ ਵਾਅਦਿਆਂ ਨਾਲ 2014 ਵਿਚ ਬੀ.ਜੇ.ਪੀ. ਨੇ ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ 10 ਕਰੋੜ ਵੋਟਾਂ 'ਚੋਂ 28% ਵੋਟ ਲੈ ਲਏ ਸਨ ਤੇ ਕਾਂਗਰਸ ਨੂੰ ਕੇਵਲ 19% ਹੀ ਮਿਲ ਸਕੇ ਸਨ ਜਦਕਿ 2009 ਵਿਚ ਹਾਲਤ ਐਨ ਉਲਟ ਸੀ। ਇਸੇ ਤਰ੍ਹਾਂ ਪਿੰਡਾਂ ਦੇ ਕਿਸਾਨਾਂ ਕੋਲ ਪਾਰਲੀਮੈਂਟ ਦੀਆਂ 486 ਸੀਟਾਂ ਹਨ ਜਿਨ੍ਹਾਂ 'ਚੋਂ 2009 ਵਿਚ ਭਾਜਪਾ ਨੂੰ 98 ਸੀਟਾਂ ਮਿਲੀਆਂ ਸਨ ਜਦਕਿ 2014 ਵਿਚ ਇਸ ਨੇ 245 ਸੀਟਾਂ ਕਿਸਾਨਾਂ ਦੀਆਂ ਜਿੱਤ ਲਈਆਂ। ਇਹੀ ਹਾਲ ਸਿਖਿਆ ਖੇਤਰ ਦੇ ਨੌਜੁਆਨਾਂ ਦਾ ਹੈ ਜਿਨ੍ਹਾਂ ਨੂੰ ਤਾਜ਼ਾ ਮੈਨੀਫ਼ੈਸਟੋ ਰਾਹੀਂ ਕਾਂਗਰਸ, ਵਾਪਸ ਅਪਣੇ ਵਲ ਲਿਆਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਫ਼ੌਜੀਆਂ ਦੀਆਂ 23 ਸੀਟਾਂ 'ਚੋਂ 2014 ਵਿਚ ਕਾਂਗਰਸ ਨੇ ਕੇਵਲ 3 ਹੀ ਜਿੱਤੀਆਂ ਸਨ। ਇਨ੍ਹਾਂ ਚਾਰੇ ਵਰਗਾਂ ਨੂੰ ਤੇ ਹੋਰਨਾਂ ਨੂੰ ਵੀ ਕਾਂਗਰਸ ਨੇ ਵਾਪਸ ਅਪਣੇ ਵਲ ਲਿਆਉਣ ਲਈ ਤੇ ਭਾਜਪਾ ਤੋਂ ਦੂਰ ਕਰਨ ਲਈ ਵਾਅਦਿਆਂ ਦੀ ਇਕ ਚੰਗੀ ਦਸਤਾਵੇਜ਼ ਤਿਆਰ ਕੀਤੀ ਹੈ ਤੇ ਤਿਆਰ ਵੀ ਇਸ ਤਰ੍ਹਾਂ ਕੀਤੀ ਹੈ ਕਿ ਹਰ ਵਰਗ ਨੂੰ ਇਹ ਅਹਿਸਾਸ ਵੀ ਦਿਤਾ ਗਿਆ ਹੈ ਕਿ ਕਾਂਗਰਸ ਨੂੰ ਸੱਭ ਦੀ ਚਿੰਤਾ ਹੈ।
ਘੱਟ-ਗਿਣਤੀਆਂ ਬਾਰੇ, ਪਿਛਲੇ ਘੋਸ਼ਣਾ ਪੱਤਰਾਂ ਦੇ ਮੁਕਾਬਲੇ, ਇਸ ਵਾਰ ਦਾ ਕਾਂਗਰਸ ਮੈਨੀਫ਼ੈਸਟੋ ਲਗਭਗ ਖ਼ਾਮੋਸ਼ ਹੀ ਹੈ। ਮੁਸਲਮਾਨਾਂ ਬਾਰੇ ਮਾੜਾ ਮੋਟਾ ਲਿਖਿਆ ਗਿਆ ਹੈ ਪਰ ਸਿੱਖਾਂ ਦਾ ਤਾਂ ਜ਼ਿਕਰ ਵੀ ਕੋਈ ਨਹੀਂ ਕੀਤਾ। ਕਾਰਨ ਸਾਫ਼ ਹੈ ਕਿ ਸਿੱਖਾਂ ਦੀ ਪਾਰਟੀ ਤਾਂ ਬੀ.ਜੇ.ਪੀ. ਦੀ 'ਪਤਨੀ' ਬਣੀ ਹੋਈ ਹੈ ਤੇ ਨਾ ਉਹ ਬੀ.ਜੇ.ਪੀ. ਤੋਂ ਸਿੱਖਾਂ ਦੀ ਕੋਈ ਮੰਗ ਮਨਵਾ ਸਕਦੀ ਹੈ, ਨਾ ਕਿਸੇ ਹੋਰ ਨਾਲ ਇਸ ਦਾ ਜ਼ਿਕਰ ਹੀ ਕਰਨ ਨੂੰ ਤਿਆਰ ਹੈ। ਅਜਿਹੀ ਹਾਲਤ ਵਿਚ, ਸਿੱਖਾਂ ਦਾ ਤਾਂ ਰੱਬ ਹੀ ਰਾਖਾ ਆਖਿਆ ਜਾ ਸਕਦਾ ਹੈ।