ਹੜ੍ਹਾਂ ਦੀ ਮਾਰ ਤੋਂ ਬਚਣ ਲਈ ਲੋਹੀਆਂ ਦੇ ਇਕ ਕਿਸਾਨ ਦੀ ਸੂਝ, ਡਿਗਰੀਆਂ ਵਾਲੇ ਅਫ਼ਸਰਾਂ ਨਾਲੋਂ ਜ਼ਿਆਦਾ ਤੇਜ਼ ਨਿਕਲੀ...
Published : Aug 3, 2023, 7:15 am IST
Updated : Aug 3, 2023, 8:08 am IST
SHARE ARTICLE
photo
photo

ਦੂਜੇ ਪਾਸੇ 1993 ਵਿਚ ਜਦ ਹੜ੍ਹ ਆਏ ਸੀ ਤਾਂ ਪਟਿਆਲਾ ਵਿਚ ਇਕ ਇਲਾਕਾ ਅਜਿਹਾ ਸੀ ਜਿਹੜਾ ਪੂਰਾ ਹੀ ਪਾਣੀ ਵਿਚ ਡੁੱਬ ਗਿਆ ਸੀ

 

ਜਲੰਧਰ ਦੇ ਲੋਹੀਆਂ ਇਲਾਕੇ ਵਿਚ 2019 ਵਿਚ ਵੀ ਹੜ੍ਹ ਆਏ ਸਨ ਤੇ ਉਨ੍ਹਾਂ ਹੜ੍ਹਾਂ ਵਿਚ ਪਿੰਡ ਦੇ ਪਿੰਡ ਤਬਾਹ ਹੋ ਗਏ ਸਨ, ਲੋਕਾਂ ਦੇ ਘਰ ਬਰਬਾਦ ਹੋ ਗਏ ਸਨ। ਉਨ੍ਹਾਂ ਹੜ੍ਹਾਂ ਤੋਂ ਸਬਕ ਸਿਖਦਿਆਂ ਇਕ ਕਿਸਾਨ ਨੇ ਅਜਿਹੀ ਤਰਕੀਬ ਬਣਾਈ ਕਿ ਉਸ ਨੇ ਅਪਣੀ ਜ਼ਮੀਨ ਵੇਚ ਕੇ ਅਪਣਾ ਘਰ ਇਕ ਉਚਾਈ ’ਤੇ ਉਸਾਰਿਆ ਤਾਕਿ ਭਵਿੱਖ ਵਿਚ ਹੜ੍ਹ ਆਉਣ ’ਤੇ ਉਹ ਅਪਣਾ ਬਚਾਅ ਕਰ ਸਕੇ। ਜਦੋਂ ਇਸ ਵਾਰੀ ਹੜ੍ਹ ਆਏ ਤਾਂ ਨਾ ਸਿਰਫ਼ ਉਸ ਨੇ ਅਪਣੇ ਆਪ ਨੂੰ ਬਚਾਇਆ ਸਗੋਂ ਪੂਰੇ ਪਿੰਡ ਵਾਸਤੇ ਉਸ ਨੇ ਇਕ ਸੁਰੱਖਿਅਤ ਥਾਂ ਵੀ ਬਣਾ ਲਈ। ਘਰ ਵਿਚ ਗੱਡੀ ਚੜ੍ਹਾਉਣ ਲਈ ਇਕ ਰੈਂਪ ਬਣਾਇਆ ਗਿਆ ਸੀ। ਉਸ ਦੇ ਹੇਠਾਂ ਵਿਸ਼ੇਸ਼ ਥਾਵਾਂ ਬਣਾਈਆਂ ਗਈਆਂ ਜਿਥੇ ਸਕੂਟਰ ਰੱਖੇ ਜਾ ਸਕਦੇ ਸੀ। ਸਾਰੇ ਪਿੰਡ ਦੇ ਲੋਕਾਂ ਨੇ ਅਪਣੀ ਜਮ੍ਹਾਂ ਪੂੰਜੀ ਲੈ ਕੇ ਉਸ ਕਿਸਾਨ ਦੇ ਘਰ ਵਿਚ ਪਨਾਹ ਲੈ ਲਈ। 

ਦੂਜੇ ਪਾਸੇ 1993 ਵਿਚ ਜਦ ਹੜ੍ਹ ਆਏ ਸੀ ਤਾਂ ਪਟਿਆਲਾ ਵਿਚ ਇਕ ਇਲਾਕਾ ਅਜਿਹਾ ਸੀ ਜਿਹੜਾ ਪੂਰਾ ਹੀ ਪਾਣੀ ਵਿਚ ਡੁੱਬ ਗਿਆ ਸੀ ਤੇ ਸਾਰੇ ਸਿਆਣੇ ਲੋਕ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਸਨ, ਸਰਕਾਰੀ ਨੌਕਰੀਆਂ ’ਤੇ ਬੈਠੇ ਸਨ ਤੇ ਜਿਨ੍ਹਾਂ ਦੇ ਹੱਥ ਵਿਚ ਇਕ ਤਾਕਤਵਰ ਕਲਮ ਹੁੰਦੀ ਹੈ, ਉਨ੍ਹਾਂ ਨੇ ਬੈਠ ਕੇ ਨਵੀਂ ਕਾਲੋਨੀ ਬਣਾਈ ਜਿਸ ਨੂੰ ਅਰਬਨ ਅਸਟੇਟ ਕਿਹਾ ਜਾਂਦਾ ਹੈ। ਇਸ ਵਾਰ ਫਿਰ ਉਸੇ ਥਾਂ ’ਤੇ ਪਰਲੋ ਆਈ ਜਿਥੇ 1993 ਵਿਚ ਪਾਣੀ ਨਾਲ ਨੁਕਸਾਨ ਹੋਇਆ ਸੀ। ਇਸ ਵਾਰ ਐਨਾ ਨੁਕਸਾਨ ਹੋਇਆ ਕਿ ਲੋਕਾਂ ਦੇ ਘਰਾਂ ਦੀਆਂ ਨੀਹਾਂ ਵੀ ਹਿਲ ਗਈਆਂ ਹਨ। 

ਇਨ੍ਹਾਂ ਦੋਵਾਂ ਥਾਵਾਂ ’ਤੇ ਇਕ ਪਾਸੇ ਇਕ ਕਿਸਾਨ ਦੀ ਸਮਝ ਅਤੇ ਦੂਜੇ ਪਾਸੇ ਅਫ਼ਸਰਸ਼ਾਹੀ ਸਮੇਤ, ਵਖਰੀਆਂ ਵਖਰੀਆਂ ਸਰਕਾਰਾਂ ਦੀ ਸਮਝ ਵਿਚ ਅੰਤਰ ਇਹ ਦਸਦਾ ਹੈ ਕਿ ਅੱਜ ਪੰਜਾਬ ’ਚ ਜਿਸ ਤਰ੍ਹਾਂ ਨਾਲ ਉਸਾਰੀ ਹੋ ਰਹੀ ਹੈ, ਉਸ ਵਿਚ ਦੂਰ-ਅੰਦੇਸ਼ੀ ਤੇ ਦਿਮਾਗ਼ ਦੀ ਬਿਲਕੁਲ ਕੋਈ ਵਰਤੋਂ ਨਹੀਂ ਕੀਤੀ ਗਈ। 

ਜਿਸ ਤਰ੍ਹਾਂ ਰੇਤੇ ਦੀ ਮਾਈਨਿੰਗ ਕਰ ਕਰ ਕੇ ਤੁਸੀ ਪਾਣੀ ਨੂੰ ਹੇਠਾਂ ਸੋਖ ਲੈਣ ਲਈ ਥਾਂ ਹੀ ਨਹੀਂ ਛੱਡੀ, ਕਣਕ ਤੇ ਚਾਵਲ ਬੀਜ ਬੀਜ ਕੇ ਤੁਸੀ ਜ਼ਮੀਨ ਨੂੰ ਐਨਾ ਨੀਵਾਂ ਕਰ ਲਿਆ ਹੈ ਕਿ ਪਾਣੀ ਉਥੇ ਖੜਾ ਹੋ ਜਾਂਦਾ ਹੈ। ਫਿਰ ਜਿਨ੍ਹਾਂ ਰਸਤਿਆਂ ਤੋਂ ਪਾਣੀ ਨੇ ਨਿਕਲਣਾ ਹੈ, ਉਥੇ ਤੁਸੀ ਕਾਲੋਨੀਆਂ ਬਣਾ ਕੇ, ਜ਼ਮੀਨ ਦੇ ਹਰ ਟੁਕੜੇ ਦੀ ਕੀਮਤ ਵੱਟ ਕੇ, ਉਸ ਪਾਣੀ ਲਈ ਕੋਈ ਥਾਂ ਹੀ ਨਹੀਂ ਛੱਡੀ ਕਿ ਉਹ ਕਿਸੇ ਹੋਰ ਪਾਸੇ ਵਗ ਜਾਵੇ। 

ਜੋ ਅੱਜ ਦੇ ਹਾਲਾਤ ਨੇ, ਜੋ 1993 ਵਿਚ ਹੋਇਆ, 2019 ਵਿਚ ਹੋਇਆ, ਛੋਟੇ ਪੱਧਰ ’ਤੇ ਹਰ ਵਾਰੀ ਥੋੜਾ ਥੋੜਾ ਬਹੁਤ ਹੁੰਦਾ ਹੈ ਤੇ ਇਸ ਵਾਰੀ ਸ਼ੁਰੂਆਤ ਵਿਚ ਹੀ, ਹੋਣ ਜਾ ਰਹੀ ਤਬਾਹੀ ਦੀ ਤਸਵੀਰ ਨਜ਼ਰ ਆ ਗਈ ਸੀ। ਇਸ ਤੋਂ ਅਸੀ ਕੀ ਸਿਖ ਰਹੇ ਹਾਂ? ਇਸ ਤੋਂ ਅਸੀ ਕਿਸ ਤਰ੍ਹਾਂ ਦੀ ਤਰਕੀਬ ਬਣਾਵਾਂਗੇ ਕਿ ਆਉਣ ਵਾਲੇ ਸਾਲਾਂ ਵਿਚ, ਹਰ ਸਾਲ ਪਾਣੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਨਾ ਹੋਣ?

ਸਰਕਾਰਾਂ ਨੂੰ ਜ਼ਮੀਨ ਵੇਚਣ ਤੇ ਉਸਾਰੀਆਂ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਹਿਸਾਬ ਲਗਾਉਣਾ ਪਵੇਗਾ ਕਿ ਜ਼ਮੀਨ ਦੀ ਕੀਮਤ ਕਿੰਨੀ ਹੈ, ਕਿੰਨੀ ਜ਼ਿਆਦਾ ਭੁੱਖ ਹੈ ਉਸ ਜ਼ਮੀਨ ਨੂੰ ਖ਼ਰੀਦਣ ਦੀ ਅਤੇ ਉਸ ’ਤੇ ਉਸਾਰੀਆਂ ਕਰਨ ਦੀ ਕਿ ਵਪਾਰੀ, ਲੋਕਾਂ ਦੀ ਜ਼ਿੰਦਗੀ ਦੀ ਤਬਾਹੀ ਬਾਰੇ ਵੀ ਸੋਚਣ ਨੂੰ ਵੀ ਤਿਆਰ ਨਹੀਂ।

ਇਸ ਕਿਸਾਨ ਨੂੰ ਤਾਂ ਸਲਾਮ ਤੇ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਨਸੀਹਤ ਲੈ ਕੇ ਸਰਕਾਰ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਤੇ ਸ਼ਹਿਰੀਕਰਨ ਤੋਂ ਪਹਿਲਾਂ ਪਿੰਡਾਂ ਦੀ ਬੁਨਿਆਦ ਨੂੰ ਸਹੀ ਕਰਨ ਵਾਸਤੇ ਇਕ ਯੋਜਨਾ ਬਣਾਵੇਗੀ ਜਿਸ ਨਾਲ ਇਸ ਤਰ੍ਹਾਂ ਦੀ ਆਫ਼ਤ ਨਾਲ ਦੋਚਾਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਇਹ ਡਰ ਨਾ ਲੱਗੇ ਕਿ ਤਬਾਹੀ ਤਾਂ ਹੁਣ ਸਾਡੇ ਭਾਗਾਂ ਵਿਚ ਲਿਖੀ ਹੀ ਗਈ ਹੈ।                    

    - ਨਿਮਰਤ ਕੌਰ

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement