
ਨੌਜਵਾਨਾਂ ਨੂੰ ਅੱਜ ਇਤਿਹਾਸ ਤੇ ਪੰਜਾਬ ਦੀ ਜ਼ਰੂਰਤ ਤੇ ਸੰਵਿਧਾਨ ਨੂੰ ਸਮਝਣ ਦੀ ਲੋੜ ਹੈ।
ਨੌਜਵਾਨ ਜਦ ਧਰਮ-ਸੇਵਾ ਦਾ ਜਜ਼ਬਾ ਲੈ ਕੇ, ਅਪਣੇ ਦੇਸ਼ ਵਾਪਸ ਪਰਤਣ ਤਾਂ ਉਸ ਤੋਂ ਚੰਗੀ ਖ਼ਬਰ ਕੋਈ ਨਹੀਂ ਹੋ ਸਕਦੀ ਪਰ ਪੰਜਾਬ ਵਿਚ ਵਾਰ ਵਾਰ ਕੁੱਝ ਅਜਿਹੇ ਨੌਜਵਾਨ ਵੀ ਆ ਰਹੇ ਹਨ ਜੋ ਕਹਿਣ ਨੂੰ ਤਾਂ ਪੰਜਾਬ ਦੀ ਸੇਵਾ ਕਰਨ ਆਏ ਹਨ ਪਰ ਉਹ ਅਸਲ ਵਿਚ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਹੁਣ ਇਹ ਕੋਈ ਨਹੀਂ ਜਾਣਦਾ ਜਾਂ ਯਕੀਨ ਨਾਲ ਕੋਈ ਨਹੀਂ ਕਹਿ ਸਕਦਾ ਕਿ ਇਹ ਵਿਦੇਸ਼ੀ ਏਜੰਸੀਆਂ ਦੀ ਸਾਜ਼ਸ਼ ਹੈ ਜਾਂ ਇਹ ਅਸਲ ਵਿਚ ਪੰਜਾਬ ਦਾ ਭਲਾ ਕਰਨ ਆਏ ਹਨ? ਪਰ ਕਿਉਂਕਿ ਅਜੇ ਨੌਜਵਾਨਾਂ ਦੇ ਖ਼ੂਨ ਵਿਚ ਗਰਮੀ ਹੈ, ਇਸ ਲਈ ਜਜ਼ਬਾਤੀ ਹੋ ਕੇ ਉਹ ਅਜਿਹੀਆਂ ਗੱਲਾਂ ਵੀ ਕਰ ਜਾਂਦੇ ਹਨ ਜਿਨ੍ਹਾਂ ਸਦਕਾ ਜੱਗੀ ਜੌਹਲ ਵਾਂਗ ਜੇਲਾਂ ਵਿਚ ਸੁਟ ਦਿਤੇ ਜਾਂਦੇ ਹਨ।
ਪਹਿਲਾਂ ਦੀਪ ਸਿੱਧੂ ਆਏ, ਗੱਲਾਂ ਬੜੀਆਂ ਚੰਗੀਆਂ ਕਰਦੇ ਸਨ ਪਰ ਉਹ ਅਪਣੀ ਗਰਮੀ ਤੇ ਕਾਹਲ ਕਾਰਨ 26 ਜਨਵਰੀ ਨੂੰ ਕਿਸਾਨੀ ਮੋਰਚੇ ਨੂੰ ਭਾਵੇਂ ਅਣਜਾਣੇ ਵਿਚ ਹੀ, ਅਜਿਹੀ ਠੇਸ ਲਗਾ ਗਏ ਕਿ ਕਿਸਾਨੀ ਸੰਘਰਸ਼ ਉਸ ਮਗਰੋਂ ਅਪਣੀ ਸਫ਼ਾਈ ਦੇਣ ਤਕ ਹੀ ਮਹਿਦੂਦ ਹੋ ਕੇ ਰਹਿ ਗਿਆ। ਦੀਪ ਸਿੱਧੂ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਅਤੇ ਉਹ ਅੱਜ ਅਪਣੇ ਜੁਝਾਰੂ ਵਿਚਾਰਾਂ ਦਾ ਅਸਰ ਵੇਖਣ ਵਾਸਤੇ ਦੁਨੀਆਂ ਵਿਚ ਨਹੀਂ ਰਹੇ। ਪਰ ਉਨ੍ਹਾਂ ਨੂੰ ਕਈ ਲੋਕ ਜਦ ਸੰਤ ਜਰਨੈਲ ਸਿੰਘ ਨਾਲ ਮਿਲਾ ਕੇ ਵੇਖਦੇ ਸੀ ਤਾਂ ਇਹੀ ਪੁਛਿਆ ਜਾਂਦਾ ਸੀ ਕਿ ਦੀਪ ਸਿੱਧੂ ਨੇ ਤਾਂ ਕੇਸ ਵੀ ਨਹੀਂ ਸਨ ਰੱਖੇ ਹੋਏ ਤਾਂ ਫਿਰ ਕਿਸ ਤਰ੍ਹਾਂ ਦਾ ਮੇਲ ਮਿਲਾਇਆ ਜਾ ਰਿਹਾ ਹੈ? ਹੁਣ ਇਕ ਨਵਾਂ ਨੌਜਵਾਨ ਇਕ ਹਨੇਰੀ ਵਾਂਗ ਪੰਜਾਬ ਤੇ ਛਾ ਰਿਹਾ ਹੈ। ਉਹ ਦੀਪ ਦੀ ਕਮਜ਼ੋਰੀ ਦਾ ਤੋੜ ਲੈ ਕੇ ਆਇਆ ਹੈ। ਸੰਪੂਰਨ ਗੁਰਸਿੱਖ ਦੇ ਰੂਪ ਵਿਚ, ਆਉਂਦਿਆਂ ਹੀ ਉਸ ਨੇ ਅੰਮ੍ਰਿਤ ਛਕਿਆ ਤੇ ਸੰਤਾਂ ਦੇ ਪਿੰਡ ਵਿਚ ਅਪਣੀ ਦਸਤਾਰਬੰਦੀ ਕਰਵਾਈ। ਉਸ ਨੇ ਜਿਸ ਤਰ੍ਹਾਂ ਦਾ ਬਾਣਾ ਪਾਇਆ, ਜਿਸ ਤਰ੍ਹਾਂ ਦੀਆਂ ਤਸਵੀਰਾਂ ਖਿਚਵਾਈਆਂ, ਜਿਸ ਤਰ੍ਹਾਂ ਅਪਣੇ ਸ਼ਸਤਰ ਚੁਕੇ, ਉਸ ਤੋਂ ਤਾਂ ਜਾਪਦਾ ਹੈ ਕਿ ਉਸ ਨੂੰ ਸੰਤਾਂ ਵਾਂਗ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਵੇਖ ਕੇ ਜਸਬੀਰ ਸਿੰਘ ਰੋਡੇ ਸੰਤਾਂ ਦੇ ਪ੍ਰਵਾਰ ਨੂੰ ਕਹਿਣ ਲਈ ਮਜਬੂਰ ਹੋ ਗਏ ਕਿ ਸੰਤਾਂ ਵਰਗਾ ਕੋਈ ਨਹੀਂ ਤੇ ਨਾ ਕੋਈ ਹੋ ਹੀ ਸਕਦਾ ਹੈ।
ਉਨ੍ਹਾਂ ਵਲੋਂ ਇੰਜ ਕਹਿਣਾ ਸਹੀ ਹੈ ਕਿਉਂਕਿ ਅਗਵਾਈ ਦੇਣ ਦੇ ਸਾਰੇ ਦਾਅਵੇਦਾਰ ਅਪਣੇ ਆਪ ਵਿਚ ਵਿਲੱਖਣ ਹੁੰਦੇ ਹਨ ਤੇ ਇਹ ਨੌਜਵਾਨ, ਸੰਤਾਂ ਤੋਂ ਸਿਖ ਕੇ ਪੰਜਾਬ ਦੇ ਅੱਜ ਦੇ ਮਸਲਿਆਂ ਦੀ ਆਵਾਜ਼ ਬਣ ਸਕਦੇ ਹਨ ਪਰ ਇਹ ਵੀ ਸਿਖ ਸਕਦੇ ਹਨ ਕਿ ਬੰਦੂਕ ਚੁਕਣ ਨਾਲ ਜਿੰਨਾ ਨੁਕਸਾਨ ਸਿੱਖ ਕੌਮ ਦਾ ਹੋਇਆ ਹੈ, ਓਨਾ ਪਹਿਲਾਂ ਕਿਸੇ ਹੋਰ ਕਾਰਨ ਕਰ ਕੇ ਨਹੀਂ ਹੋਇਆ। ਇਸ ਨਵੀਂ ਗਰਮ ਲਹਿਰ ਨੂੰ ਹੁਣ ਪੰਜਾਬ ਲਈ ਆਜ਼ਾਦੀ ਚਾਹੀਦੀ ਹੈ। ਉਨ੍ਹਾਂ ਵਲੋਂ ਬੇਅਦਬੀ ਕਰਨ ਵਾਲਿਆਂ ਨੂੰ ਸੋਧ ਦੇਣ ਦੀ ਗੱਲ ਆਖੀ ਜਾ ਰਹੀ ਹੈ। ਕੁਲ ਮਿਲਾ ਕੇ ਹੁਣ ਬਸ ਆਜ਼ਾਦੀ ਚਾਹੀਦੀ ਹੈ। ਬੜਾ ਸੋਹਣਾ ਬੋਲਦੇ ਹਨ ਪਰ ਕੀ ਉਹ ਅਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਪ੍ਰਗਟਾਉਣ ਦੇ ਖ਼ਤਰੇ ਬਾਰੇ ਵੀ ਸਮਝਦੇ ਹਨ?
ਸਾਡੇ ਸਮਾਜ ਵਿਚ ਕਮੀਆਂ ਬਹੁਤ ਹਨ। ਆਬਾਦੀ ਦਾ ਘਮਾਸਾਨ ਇਸ ਛੋਟੀ ਜਹੀ ਧਰਤੀ ਤੇ ਬਣਿਆ ਹੋਇਆ ਹੈ ਜਿਸ ਕਾਰਨ ਗ਼ਰੀਬੀ ਹੱਦਾਂ ਬੰਨੇ ਤੋੜ ਕੇ ਇਥੇ ਡੇਰੇ ਲਾ ਬੈਠੀ ਦਿਸਦੀ ਹੈ। ਆਖ਼ਰ 75 ਸਾਲ ਹੀ ਹੋਏ ਹਨ ਆਜ਼ਾਦ ਹੋਏ ਨੂੰ ਤੇ ਵੱਖ ਵੱਖ ਧਰਮਾਂ, ਸੂਬਿਆਂ ਦੇ ਇਸ ਮੇਲ ਵਿਚ ਅਪਣੇ ਹੱਕ ਲੈਣਾ ਸੌਖਾ ਨਹੀਂ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਗ਼ੁਲਾਮ ਹਨ? ਕੀ ਸਿੱਖ ਭਾਰਤ ਤੋਂ ਸਚਮੁਚ ਹੀ ਆਜ਼ਾਦੀ ਲੈਣ ਲਈ ਤਿਆਰ ਹੋ ਚੁੱਕੇ ਹਨ--ਉਸ ਭਾਰਤ ਤੋਂ ਆਜ਼ਾਦੀ ਜਿਸ ਦੀ ਆਜ਼ਾਦੀ ਲਈ ਹੁਣੇ ਜਹੇ ਉਨ੍ਹਾਂ ਸਾਰੇ ਦੇਸ਼ ਦੇ ਮੁਕਾਬਲੇ ਵਿਚ ਇਕੱਲਿਆਂ ਹੀ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਸਨ? ਕੀ ‘ਆਜ਼ਾਦੀ’ ਮਗਰੋਂ ਦੇ ਹਾਲਾਤ ਨਾਲ ਨਜਿਠਣ ਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ ਜਾਂ ਹਨੇਰੇ ਵਿਚ ਹੀ ਛਾਲ ਮਾਰਨ ਦੀ ਗੱਲ ਹੀ ਸੋਚੀ ਗਈ ਹੈ? ਕਈ ਇਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਏਜੰਟ ਆਖਦੇ ਹਨ ਜੋ ਨੌਜਵਾਨਾਂ ਨੂੰ ਭਟਕਾ ਕੇ ਪੰਜਾਬ ਵਿਚ ਅਤਿਵਾਦ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਦੂਜੇ ਲੋਕ ਇਨ੍ਹਾਂ ਗਰਮ ਖ਼ਿਆਲੀਆਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰਸ ਆਖਦੇ ਹਨ। ਇਹ ਇਕ ਨਵਾਂ ਰਸਤਾ ਜ਼ਰੂਰ ਬਣਾ ਰਹੇ ਹਨ ਕਿਉਂਕਿ ਪਿਛਲੀ ਅੱਧੀ ਸਦੀ ਵਿਚ, ਸਿੱਖ ਸਿਆਸਤਦਾਨਾਂ ਨੇ ਅਪਣੀਆਂ ਤਿਜੌਰੀਆਂ ਭਰਨ ਦੀ ਕਾਹਲ ਵਿਚ ਪੰਜਾਬ ਨੂੰ ਖੋਖਲਾ ਕਰ ਦਿਤਾ ਹੈ।
ਇਨ੍ਹਾਂ ਨੌਜਵਾਨਾਂ ਨੂੰ ਅੱਜ ਇਤਿਹਾਸ ਤੇ ਪੰਜਾਬ ਦੀ ਜ਼ਰੂਰਤ ਤੇ ਸੰਵਿਧਾਨ ਨੂੰ ਸਮਝਣ ਦੀ ਲੋੜ ਹੈ। ਅੱਜ ਰਾਜਿਆਂ ਦਾ ਸਮਾਂ ਨਹੀਂ ਜਦ ਮਾਰੂ ਹਥਿਆਰਾਂ ਅਤੇ ਘੋੜਿਆਂ ਨਾਲ ਨਵੇਂ ਰਾਜ ਕਾਇਮ ਕੀਤੇ ਜਾ ਸਕਦੇ ਹੋਣ। ਅੱਜ ਦਿਮਾਗ਼ ਦੀ ਲੋੜ ਹੈ। ਅੱਜ ਮਿਹਨਤ ਅਤੇ ਇਮਾਨਦਾਰੀ ਦੀ ਲੋੜ ਹੈ। ਅੱਜ ਦਾ ਵੱਡਾ ਹਥਿਆਰ ਅਸਲਾ ਦਿਮਾਗ਼ ਅਤੇ ਪੈਸਾ ਹੈ। ਅੱਜ ਪੜ੍ਹੇ ਲਿਖੇ ਲੋਕ ਰਾਜ ਕਰ ਰਹੇ ਹਨ। ਪੜ੍ਹੇ ਲਿਖੇ ਲੋਕ ਵੱਡੀਆਂ ਕੰਪਨੀਆਂ ਦੇ ਮਾਲਕ ਹਨ। ਸਾਨੂੰ ਬੰਦੂਕ ਨਹੀਂ ਬਲਕਿ ਤੇਜ਼ ਦਿਮਾਗ਼ ਅਤੇ ਸਾਫ਼ ਨੀਯਤ ਦੀ ਲੋੜ ਹੈ। ਦੀਪ ਸਿੱਧੂ, ਅੰਮ੍ਰਿਤਪਾਲ ਦੀ ਨੀਯਤ ਤੇ ਸ਼ੱਕ ਨਾ ਕਰਦੇ ਹੋਏ ਵੀ ਇਹ ਡਰ ਪ੍ਰਗਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਰਸਤਾ ਕੋਈ ਹੋਰ ਪ੍ਰਾਪਤੀ ਕਰ ਸਕੇ ਭਾਵੇਂ ਨਾ ਪਰ ਸਾਡੇ ਨੌਜਵਾਨ ਜੱਗੀ ਜੌਹਲ ਵਾਂਗ ਕਾਲ ਕੋਠੜੀਆਂ ਵਿਚ ਗੁਆਚ ਜਾਣਗੇ ਜਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣਾ ਦਿਤੇ ਜਾਣਗੇ। ਇਸ ਅਨਹੋਣੀ ਤੋਂ ਨੌਜਵਾਨਾਂ ਨੂੰ ਬਚਾ ਕੇ, ਕੌਮ ਲਈ ਪ੍ਰਾਪਤੀਆਂ ਦਾ ਹੋਰ ਰਾਹ ਵੀ ਲਭਿਆ ਜਾਣਾ ਚਾਹੀਦਾ ਹੈ ਜੋ 1966 ਮਗਰੋਂ ‘ਹਾਕਮ’ ਬਣੇ ਸਿੱਖ ਲੀਡਰਾਂ ਨੇ ਬੰਦ ਕਰ ਦਿਤਾ ਹੋਇਆ ਹੈ। - ਨਿਮਰਤ ਕੌਰ