
ਮਿਤੀ 13-4-2019 ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦਾ ਬਿਆਨ ਆਇਆ ਕਿ ਜਦੋਂ ਅਸੀ ਦੁਬਾਰਾ ਸੱਤਾ ਵਿਚ ਆਏ ਤਾਂ ਅਸੀ ਦੇਸ਼ ਧ੍ਰੋਹੀ ਕਾਨੂੰਨ ਵਿਚ ਸੋਧ ਕਰ ਕੇ...
ਮਿਤੀ 13-4-2019 ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਦਾ ਬਿਆਨ ਆਇਆ ਕਿ ਜਦੋਂ ਅਸੀ ਦੁਬਾਰਾ ਸੱਤਾ ਵਿਚ ਆਏ ਤਾਂ ਅਸੀ ਦੇਸ਼ ਧ੍ਰੋਹੀ ਕਾਨੂੰਨ ਵਿਚ ਸੋਧ ਕਰ ਕੇ ਇਸ ਨੂੰ ਸਖ਼ਤ ਕਰਾਂਗੇ। ਮੰਤਰੀ ਜੀ ਦਾ ਬਿਆਨ ਤਾਂ ਬਹੁਤ ਵਧੀਆ ਹੈ। ਪਰ ਕੀ ਇਹ ਸਖ਼ਤ ਕਾਨੂੰਨ ਦੇਸ਼ ਧ੍ਰੋਹੀਆਂ ਤੇ ਹੀ ਲਾਗੂ ਹੋਵੇਗਾ? ਨਹੀਂ ਬਿਲਕੁਲ ਨਹੀਂ। ਅੱਜ ਤਕ ਇਹ ਕਾਨੂੰਨ ਕਿਸੇ ਵੀ ਦੇਸ਼ ਧ੍ਰੋਹੀ ਤੇ ਲਾਗੂ ਨਹੀਂ ਹੋਇਆ। ਜੋ ਲੋਕ ਦੇਸ਼ ਧ੍ਰੋਹੀ ਲੋਕਾਂ ਦਾ ਵਿਰੋਧ ਕਰਦੇ ਹਨ, ਉਲਟਾ ਕਾਨੂੰਨ ਉਨ੍ਹਾਂ ਉਤੇ ਹੀ ਲਾਗੂ ਹੁੰਦਾ ਹੈ। ਇਹ ਕਾਨੂੰਨ ਹੱਕ ਮੰਗਦੇ ਲੋਕਾਂ ਤੇ ਲਾਗੂ ਕੀਤਾ ਜਾਂਦਾ ਹੈ।
Swiss Bank
ਇਹ ਕਾਨੂੰਨ ਜਮਹੂਰੀਅਤ ਪਸੰਦ ਲੋਕਾਂ ਤੇ ਲਾਗੂ ਕੀਤਾ ਜਾਂਦਾ ਹੈ। ਅਸਲ ਵਿਚ ਇਸ ਗੱਲ ਦਾ ਨਿਖੇੜਾ ਹੀ ਕਦੇ ਨਹੀਂ ਕੀਤਾ ਗਿਆ ਕਿ ਦੇਸ਼ ਧ੍ਰੋਹੀ ਕੌਣ ਹੈ? ਜਿਹੜੇ ਲੋਕ ਰਾਜਨੀਤੀ ਵਿਚ ਆ ਕੇ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਖਾ ਕੇ ਰਾਤੋ ਰਾਤ ਕਰੋੜਪਤੀ ਬਣ ਗਏ, ਕੀ ਉਹ ਲੋਕ ਦੇਸ਼ ਧ੍ਰੋਹੀ ਨਹੀਂ ਹਨ? ਜੋ ਲੋਕ ਭਾਰਤ ਦੇ ਕਿਰਤੀ ਲੋਕਾਂ ਦਾ ਖ਼ੂਨ ਚੂਸਦੇ ਹਨ, ਕੀ ਉਹ ਲੋਕ ਦੇਸ਼ ਧ੍ਰੋਹੀ ਨਹੀਂ ਹਨ? ਅਪਣੇ ਹੀ ਦੇਸ਼ ਦਾ ਪੈਸਾ ਸਵਿੱਟਜ਼ਰਲੈਂਡ ਦੇ ਬੈਂਕ ਵਿਚ ਲਿਜਾਣ ਵਾਲੇ ਕੀ ਦੇਸ਼ ਧ੍ਰੋਹੀ ਨਹੀਂ ਹਨ? ਧਰਮਾਂ ਦੇ ਨਾਂ ਉਤੇ ਦੰਗੇ ਕਰਵਾਉਣ ਵਾਲੇ ਕੀ ਦੇਸ਼ ਧ੍ਰੋਹੀ ਨਹੀਂ? ਪਾੜੋ ਤੇ ਰਾਜ ਕਰੋ ਦੀ ਇਹ ਨੀਤੀ ਵਾਲੇ ਦੇਸ਼ ਧ੍ਰੋਹੀ ਨਹੀਂ ਹਨ? ਵੋਟਾਂ ਖ਼ਰੀਦਣ ਵਾਲੇ ਲੋਕ ਕੀ ਦੇਸ਼ ਧ੍ਰੋਹੀ ਨਹੀਂ ਹਨ? ਉਪਰੋਕਤ ਲੋਕ ਬਿਲਕੁਲ ਦੇਸ਼ ਧ੍ਰੋਹੀ ਹੀ ਹਨ, ਪਰ ਲੋਕਾਂ ਦੀ ਨਜ਼ਰ ਵਿਚ, ਨਾਕਿ ਸਰਕਾਰ ਦੀ ਨਜ਼ਰ ਵਿਚ।
Narendra Modi
ਜੋ ਇਨਸਾਨ ਭਾਰਤ ਦੇ ਲੋਕਾਂ ਦੀ ਨਜ਼ਰ ਵਿਚ ਦੇਸ਼ ਧ੍ਰੋਹੀ ਹੈ, ਉਸ ਨੂੰ ਸਰਕਾਰ ਦੇਸ਼ ਧ੍ਰੋਹੀ ਨਹੀਂ ਮੰਨਦੀ, ਬਲਕਿ ਜਿਸ ਨੂੰ ਸਰਕਾਰ ਕਹੇ ਉਹੀ ਦੇਸ਼ ਧ੍ਰੋਹੀ ਹੈ। ਅਸਲ ਵਿਚ ਭਾਰਤ ਦੇ ਸਾਰੇ ਸੰਘਰਸ਼ਸ਼ੀਲ ਲੋਕ ਦੇਸ਼ ਦੇ ਸੱਭ ਤੋਂ ਵੱਡੇ ਲੋਕ ਭਗਤ ਹਨ, ਬਲਕਿ ਲੋਕਾਂ ਦਾ ਖ਼ੂਨ ਪੀਣ ਵਾਲੇ ਦੇਸ਼ ਭਗਤ ਹੋ ਹੀ ਨਹੀਂ ਸਕਦੇ। ਲੋਕ ਭਗਤ ਉਸ ਨੂੰ ਕਿਹਾ ਜਾਂਦਾ ਹੈ, ਜੋ ਦੇਸ਼ ਧ੍ਰੋਹੀਆਂ ਵਿਰੁਧ ਲੜਾਈ ਲੜਦਾ ਹੈ। ਪਰ ਸਰਕਾਰਾਂ ਉਸ ਨੂੰ ਦੇਸ਼ ਭਗਤ ਸਮਝਦੀਆਂ ਹਨ ਜੋ ਦੇਸ਼ ਧ੍ਰੋਹੀਆਂ ਦਾ ਬਚਾਅ ਕਰਦਾ ਹੈ। ਸਾਡੀਆਂ ਸਰਕਾਰਾਂ ਨੇ ਅਜਤਕ ਦੇਸ਼ ਧ੍ਰੋਹੀਆਂ ਦੀ ਹੀ ਮਦਦ ਕੀਤੀ ਹੈ।
Neerav Modi And Vijay Mallya
ਜੇਕਰ ਸਾਡੀਆਂ ਸਰਕਾਰਾਂ ਦੇਸ਼ ਧ੍ਰੋਹੀਆਂ ਦੀ ਮਦਦ ਨਾ ਕਰਦੀਆਂ ਤਾਂ ਭੂਪਾਲ ਗੈਸ ਦੇ ਹਜ਼ਾਰਾਂ ਬੰਦਿਆਂ ਦੇ ਕਾਤਲ ਵਿਦੇਸ਼ਾਂ ਵਿਚ ਨਾ ਭੱਜ ਜਾਂਦੇ। ਸਾਡੀਆਂ ਸਰਕਾਰਾਂ ਤਾਂ ਰਾਤੋ ਰਾਤ ਵਿਜੇ ਮਾਲਿਆ ਤੇ ਨੀਰਵ ਮੋਦੀ ਵਰਗਿਆਂ ਨੂੰ ਵਿਦੇਸ਼ਾਂ ਵਿਚ ਪਹੁੰਚਾ ਦਿੰਦੀਆਂ ਹਨ। ਜੋ ਲੋਕ ਦੇਸ਼ ਧ੍ਰੋਹ ਕਰ ਕੇ ਸਰਕਾਰਾਂ ਦੀ ਮਦਦ ਨਾਲ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ, ਉਨ੍ਹਾਂ ਦੀ ਮਦਦ ਕਰਨ ਵਾਲੀਆਂ ਸੱਭ ਤੋਂ ਵੱਡੀਆਂ ਦੇਸ਼ ਧ੍ਰੋਹੀ ਸਾਡੀਆਂ ਸਰਕਾਰਾਂ ਹਨ, ਜੋ ਦੇਸ਼ ਧ੍ਰੋਹੀਆਂ ਨੂੰ ਵਿਦੇਸ਼ਾਂ ਵਿਚ ਭੇਜ ਦੇਂਦੀਆਂ ਹਨ। ਇਸ ਲਈ ਮੰਤਰੀ ਜੀ, ਕਾਨੂੰਨ ਨੂੰ ਸਖ਼ਤ ਰੱਜ-ਰੱਜ ਕੇ ਕਰੋ ਪਰ ਅਸਲ ਦੇਸ਼ ਧ੍ਰੋਹੀਆਂ ਵਾਸਤੇ ਕਾਨੂੰਨ ਸਖ਼ਤ ਹੋਣਾ ਚਾਹੀਦਾ ਹੈ, ਕਿਰਤੀ ਲੋਕਾਂ ਵਾਸਤੇ ਨਹੀਂ।
- ਸੁਖਪਾਲ ਸਿੰਘ ਮਾਣਕ, ਕਣਕਵਾਲ ਭੰਗੂਆਂ, ਸੰਪਰਕ : 98722-31523