ਇੰਗਲੈਂਡ ਤੇ ਅਮਰੀਕਾ ਜਾ ਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਪਖ਼ਾਨੇ ਸਾਫ਼ ਕਰਦਿਆਂ ਵੇਖਿਆ
Published : Aug 5, 2018, 10:27 am IST
Updated : Aug 5, 2018, 10:27 am IST
SHARE ARTICLE
Toilet cleaning
Toilet cleaning

ਇਹ ਗੱਲ 1998 ਦੀ ਹੈ। ਉਸ ਸਮੇਂ ਮੈਂ ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਵਲੋਂ ਛਪਦੇ ਅਖ਼ਬਾਰ ਯੂ.ਪੀ. ਸਿੱਖ ਸਮਾਚਾਰ ਦਾ ਮੁੱਖ ਸੰਪਾਦਕ, ਯੂ.ਪੀ. ਸਿੱਖ ਪ੍ਰਤੀਨਿਧ

ਇਹ ਗੱਲ 1998 ਦੀ ਹੈ। ਉਸ ਸਮੇਂ ਮੈਂ ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਵਲੋਂ ਛਪਦੇ ਅਖ਼ਬਾਰ ਯੂ.ਪੀ. ਸਿੱਖ ਸਮਾਚਾਰ ਦਾ ਮੁੱਖ ਸੰਪਾਦਕ, ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਦੇ ਦਫ਼ਤਰ ਇੰਚਾਰਜ ਦਾ ਪ੍ਰੈੱਸ ਸਕੱਤਰ ਅਤੇ ਸਕੱਤਰ ਦੀਆਂ ਡਿਊਟੀਆਂ ਨਿਭਾ ਰਿਹਾ ਸੀ। ਇਹ ਸੰਸਥਾ ਦੇਸ਼ ਦੀ ਆਜ਼ਾਦੀ ਮਗਰੋਂ ਸੂਝਵਾਨ ਸਿੱਖ ਚਿੰਤਕਾਂ ਨੇ ਬਣਾਈ ਸੀ। ਇਸ ਸੰਸਥਾ ਦਾ ਇਤਿਹਾਸ ਵੀ ਮਾਣਮੱਤਾ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿਚ ਨਿਵਾਸ ਕਰਨ ਵਾਲੇ ਸਿੱਖਾਂ ਦੇ ਹੱਕਾਂ ਲਈ ਇਸ ਨੇ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਕੰਮ ਕੀਤੇ ਸਨ, ਜਿਨ੍ਹਾਂ ਬਾਰੇ ਵਿਸਥਾਰ ਨਾਲ ਕਿਸੇ ਹੋਰ ਸਮੇਂ ਲਿਖਾਂਗਾ। 


ਇਕ ਦਿਨ ਮੈਂ ਅਤੇ ਸ. ਹਰਗੋਬਿੰਦ ਸਿੰਘ ਬੱਗਾ, ਜੋ ਮੇਰੇ ਸਹਾਇਕ ਸੰਪਾਦਕ ਸਨ, ਪ੍ਰੈੱਸ ਦੇ ਬਾਹਰ ਸ਼ਾਮ ਵੇਲੇ ਚਾਟ ਖਾ ਰਹੇ ਸਨ ਤਾਂ ਬੱਗਾ ਜੀ ਦੇ ਮਿੱਤਰ ਸਵ. ਅਤਰ ਸਿੰਘ ਆਏ ਅਤੇ ਕਹਿਣ ਲੱਗੇ, ''ਨਿਮਾਣਾ ਜੀ ਤੁਸੀ ਇਥੇ ਹੀ ਚਾਟ ਖਾਈ ਜਾਉਗੇ? ਬਾਹਰ ਨਿਕਲੋ, ਤੁਸੀ ਤਾਂ ਸੰਪਾਦਕ ਅਤੇ ਗਿਆਨਵਾਨ ਹੋ, ਕਿਤੇ ਬਾਹਰਲੇ ਮੁਲਕ ਜਾਉ। ਨਾਲੇ ਚਾਰ ਪੈਸੇ ਕਮਾਉ ਅਤੇ ਨਾਲੇ ਕਲਮ ਦੇ ਜੌਹਰ ਵਿਖਾਉ ਵਿਦੇਸ਼ ਜਾ ਕੇ।'' 
ਮੈਂ ਕਿਹਾ, ''ਮੈਨੂੰ ਵੀਜ਼ਾ ਕਿਵੇਂ ਮਿਲੇਗਾ?''


ਉਨ੍ਹਾਂ ਕਿਹਾ, ''ਹਿੰਮਤ ਤਾਂ ਕਰੋ। ਜੇ ਅੰਨ-ਜਲ ਹੋਇਆ ਕੋਈ ਰੋਕ ਨਹੀਂ ਸਕਦਾ।''
ਕੁੱਝ ਦਿਨ ਬਾਅਦ ਮੇਰੀ ਧਰਮ ਭੈਣ ਸੁਰਿੰਦਰ ਕੌਰ ਤੇ ਜੀਜਾ ਗਿ. ਖੜਕ ਸਿੰਘ ਹੋਰਾਂ ਦਾ ਇੰਗਲੈਂਡ ਤੋਂ ਫ਼ੋਨ ਆਇਆ ਕਿ 'ਹਰਦੀਪ ਸਿੰਘ, ਦਿੱਲੀ 'ਚ ਤੁਹਾਡੇ ਭਣੇਵੇਂ ਜਸਪਾਲ ਸਿੰਘ ਦਾ ਵਿਆਹ ਹੈ। ਤਿਆਰੀ ਕਰ ਲਵੋ।'' ਵਿਆਹ ਪਿਛੋਂ ਜੀਜਾ ਜੀ ਕਹਿਣ ਲੱਗੇ, ''ਨਿਮਾਣਾ ਜੀ ਮੰਗੋ ਕੀ ਮੰਗਦੇ ਹੋ। ਤੁਸੀ ਕੌਮ ਦੀ ਸੇਵਾ ਵਿਚ ਲੱਗੇ ਹੋਏ ਹੋ।'' 


ਮੈਂ ਕਿਹਾ, ''ਜੀ ਸੱਭ ਠੀਕ ਹੈ। ਕੁੱਝ ਨਹੀਂ ਚਾਹੀਦਾ।'' ਉਨ੍ਹਾਂ ਬਹੁਤ ਜ਼ਿੱਦ ਕੀਤੀ, ਤਾਂ ਮੈਂ ਕਿਹਾ, ''ਜੇਕਰ ਤੁਸੀ ਬਹੁਤ ਖ਼ੁਸ਼ ਹੋ ਤਾਂ ਇਕ ਵੀਜ਼ਾ ਭੇਜ ਦਿਉ।''
ਉਨ੍ਹਾਂ ਕਿਹਾ, ''ਮੈਂ ਸੋਚਿਆ ਤੁਸੀ ਲੱਖ-ਦੋ ਲੱਖ ਮੰਗੋਗੇ। ਪਰ ਤੁਸੀ ਤਾਂ ਇੰਗਲੈਂਡ ਦਾ ਵੀਜ਼ਾ ਮੰਗ ਲਿਐ। ਮੈਂ ਜਾ ਕੇ ਭੇਜਾਂਗਾ ਸਪੌਂਸਰ ਵੀਜ਼ਾ, ਅੰਬੈਸੀ ਤੋਂ ਲਗਵਾ ਕੇ ਆ ਜਾਣਾ।'' ਉਹ 11 ਮਈ, 1998 ਨੂੰ ਗਏ ਅਤੇ ਠੀਕ 11 ਜੂਨ 1998 ਨੂੰ ਮੈਨੂੰ ਸਪੌਂਸਰਸ਼ਿਪ ਆ ਗਈ। ਮੈਂ ਅਤੇ ਹਰਗੋਬਿੰਦ ਸਿੰਘ ਬੱਗਾ ਦਿੱਲੀ ਗਏ। ਮੈਂ ਇੰਗਲੈਂਡ ਦੀ ਅੰਬੈਸੀ ਗਿਆ ਅਤੇ ਬੱਗਾ ਜੀ ਅਮਰੀਕਾ ਦੀ ਅੰਬੈਸੀ ਗਏ ਕਿਉਂਕਿ ਅਤਰ ਸਿੰਘ ਨੇ ਅਮਰੀਕਾ ਤੋਂ ਸਪੌਂਸਰਸ਼ਿਪ ਭੇਜੀ ਸੀ।


ਮੈਨੂੰ 3 ਘੰਟੇ ਦੀ ਇੰਟਰਵਿਊ ਪਿਛੋਂ ਇੰਗਲੈਂਡ ਦਾ ਵੀਜ਼ਾ ਮਿਲਿਆ। ਬੱਗਾ ਜੀ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ। ਉਹ ਅਮਰੀਕਾ ਅਤੇ ਮੈਂ ਇੰਗਲੈਂਡ ਚਲਾ ਗਿਆ। ਮੈਂ ਏਜੰਟ ਤੋਂ ਗੈਟਵਿਕ ਹਵਾਈ ਅੱਡਾ, ਇੰਗਲੈਂਡ ਦੀ ਟਿਕਟ ਮੰਗੀ, ਪਰ ਉਸ ਨੇ ਮੈਨੂੰ ਹੀਥਰੋ ਹਵਾਈ ਅੱਡੇ ਦੀ ਟਿਕਟ ਦੇ ਦਿਤੀ। ਮੈਂ ਜਦ ਹੀਥਰੋ ਹਵਾਈ ਅੱਡੇ ਉਤਰਿਆ ਤਾਂ ਪਖ਼ਾਨੇ ਗਿਆ। ਉਥੇ ਮੈਂ ਜੋ ਕੁੱਝ ਵੇਖਿਆ, ਮੇਰੇ ਪੈਰਾਂ ਥਲਿਉਂ ਜ਼ਮੀਨ ਨਿਕਲ ਗਈ। ਮੈਂ ਵੇਖਿਆ ਕਿ ਚਿੱਟੀਆਂ ਦਾੜ੍ਹੀਆਂ ਵਾਲੇ, ਪੋਚਵੀਆਂ ਦਸਤਾਰਾਂ ਸਜਾਈ ਗੁਰਸਿੱਖ ਉਪਰੋਂ ਗਾਤਰੇ ਪਾਈ ਅੰਮ੍ਰਿਤਧਾਰੀ, ਬਾਥਰੂਮ ਵਿਚ ਵੱਡੇ ਵੱਡੇ ਝਾੜੂ ਫੜ ਕੇ ਸਫ਼ਾਈ ਕਰ ਰਹੇ ਸਨ।

ਮੈਂ ਵੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਵਿਦੇਸ਼ਾਂ ਵਿਚ ਆ ਕੇ ਸਿੱਖ ਕਿਸ ਤਰ੍ਹਾਂ ਦੇ ਕਾਰੋਬਾਰ ਕਰਦੇ ਹਨ। ਵੈਸੇ ਮਿਹਨਤ ਕਰ ਕੇ ਕੀਤੀ ਕਮਾਈ ਦਾ ਖਾਣਾ ਕੋਈ ਅਪਰਾਧ ਨਹੀਂ ਪਰ ਮੈਂ ਪਹਿਲੀ ਵਾਰ ਵਿਦੇਸ਼ ਵਿਚ ਅਜਿਹਾ ਵੇਖ ਰਿਹਾ ਸਾਂ। ਹੈਰਾਨੀ ਤਾਂ ਹੋਣੀ ਹੀ ਸੀ। ਏਅਰਪੋਰਟ ਤੋਂ ਬਾਹਰ ਆ ਕੇ ਮੈਂ ਜੀਜਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ, ''ਤੂੰ ਗ਼ਲਤ ਏਅਰਪੋਰਟ ਤੇ ਉਤਰਿਐਂ, ਤੈਨੂੰ ਗੈਟਵਿਕ ਏਅਰਪੋਰਟ ਉਤੇ ਉਤਰਨਾ ਚਾਹੀਦਾ ਸੀ।'' ਖ਼ੈਰ, ਉਨ੍ਹਾਂ ਕਿਹਾ, ''ਬਾਹਰ ਹੀ ਬੱਸ ਅੱਡਾ ਹੈ। ਉਥੋਂ 11 ਨੰਬਰ ਦੀ ਬੱਸ ਫੜ ਕੇ ਤੁਸੀ ਗੈਟਵਿਕ ਏਅਰਪੋਰਟ ਉਤਰੋ, ਅਸੀ ਆ ਕੇ ਲੈ ਜਾਵਾਂਗੇ।''


ਮੈਂ ਬੱਸ 'ਚ 9 ਘੰਟੇ ਦਾ ਸਫ਼ਰ ਕਰ ਕੇ ਗੈਟਵਿਕ ਦੇ ਏਅਰਪੋਰਟ ਪੁੱਜਾ। ਸ਼ਾਮ ਦੇ 6 ਵਜ ਗਏ ਸਨ। ਹੁਣ ਉਥੇ ਜਾ ਕੇ ਟੁੱਟੇ ਪੈਸਿਆਂ ਦੀ ਸਮੱਸਿਆ ਬਣੀ। ਮੇਰੇ ਕੋਲ ਪੰਜ ਪੌਂਡ ਤੋਂ ਘੱਟ ਟੁੱਟੇ ਪੈਸੇ ਨਹੀਂ ਸਨ। ਇੰਗਲਿਸ਼ ਬੋਲਣੀ ਮੈਨੂੰ ਆਉਂਦੀ ਨਹੀਂ ਸੀ। ਉਥੇ ਕੋਈ ਪੰਜਾਬੀ ਜਾਂ ਹਿੰਦੁਸਤਾਨੀ ਵੀ ਨਹੀਂ ਸੀ। ਸੱਭ ਗੋਰੇ-ਗੋਰੀਆਂ ਸਨ। ਮੈਂ ਪੰਜ ਪੌਂਡ ਦਾ ਨੋਟ ਲੈ ਕੇ ਫ਼ੋਨ ਕਰਨ ਲਈ ਇਧਰ-ਉਧਰ ਘੁੰਮ ਰਿਹਾ ਸੀ। ਫ਼ੋਨ ਕਰਨ ਵਾਲੀ ਗੋਰੀ ਪਾਸ ਗਿਆ ਤਾਂ ਉਸ ਨੇ ਫ਼ੋਨ ਮੇਰੇ ਅੱਗੇ ਕਰ ਕੇ ਇੰਗਲਿਸ਼ ਵਿਚ ਕਿਹਾ ਕਿ ਫ਼ੋਨ ਕਰ ਲਉ। ਪਰ ਮੈਂ ਸਮਝ ਨਹੀਂ ਸਕਿਆ। ਹਾਂ ਏਨਾ ਜ਼ਰੂਰ ਸਮਝਿਆ ਗਿਆ ਕਿ ਉਹ ਆਖ ਰਹੀ ਸੀ ਕਿ ਇਸ ਵਿਚ ਸਿੱਕੇ ਪਾ ਕੇ ਫ਼ੋਨ ਕਰ।

ਮੈਂ ਪੰਜ ਪੌਂਡ ਦਾ ਨੋਟ ਉਸ ਅੱਗੇ ਕੀਤਾ। ਕਾਫ਼ੀ ਜੱਕੋ-ਤੱਕੀ ਵਿਚ ਉਸ ਗੋਰੀ ਲੜਕੀ ਨੇ ਮੇਰੀ ਗੱਲ ਨੂੰ ਸਮਝ ਕੇ, ਮੈਥੋਂ ਨੰਬਰ ਲੈ ਕੇ ਫ਼ੋਨ ਮਿਲਾ ਕੇ ਮੈਨੂੰ ਫੜਾਇਆ। ਜੀਜਾ ਜੀ ਨਾਲ ਗੱਲ ਹੋਈ। ਉਨ੍ਹਾਂ ਮੈਨੂੰ ਪਲੇਟਫ਼ਾਰਮ ਨੰਬਰ ਦਸ ਉਤੇ ਆਉਣ ਲਈ ਕਿਹਾ। ਰਾਤ ਵੱਧ ਰਹੀ ਸੀ। ਮੈਨੂੰ ਭੁੱਖ ਵੀ ਬੜੇ ਜ਼ੋਰ ਨਾਲ ਲੱਗੀ ਹੋਈ ਸੀ। ਮੇਰੇ ਕੋਲ ਪੈਸੇ ਹੈ ਸਨ ਪਰ ਵਿਦੇਸ਼ੀ ਰੇਸਤਰਾਂ ਤੇ ਜਾ ਕੇ ਗੱਲ ਕਰਨੀ ਨਹੀਂ ਸੀ ਆ ਰਹੀ। ਮੈਂ ਥਕਿਆ, ਟੁਟਿਆ ਰੋਣਹਾਕਾ ਹੋ ਗਿਆ ਤੇ ਪਛਤਾ ਰਿਹਾ ਸੀ ਕਿ ਮੈਂ ਇਥੇ ਕਿਉਂ ਆ ਗਿਆ? ਹਨੇਰਾ ਪਸਰ ਰਿਹਾ ਸੀ। ਪੰਜਾਬੀ ਜਾਂ ਹਿੰਦੀ ਬੋਲਣ ਵਾਲਾ ਕੋਈ ਨਾ ਲਭਿਆ।

ਗੈਟਵਿਕ ਏਅਰਪੋਰਟ ਬਹੁਤ ਵੱਡਾ ਸੀ। ਰਾਤ ਦੇ 8 ਵਜ ਰਹੇ ਸਨ। ਮੈਂ ਸੋਚ ਰਿਹਾ ਸੀ ਕਿ ਹਿੰਦੁਸਤਾਨ ਹੁੰਦਾ ਤਾਂ ਕਿਸੇ ਗੁਰਦਵਾਰੇ ਜਾਂ ਮੰਦਰ ਪਹੁੰਚ ਜਾਂਦਾ, ਪਰ ਇਥੇ ਤਾਂ ਕੋਈ ਗੱਲ ਸਮਝਣ ਵਾਲਾ ਵੀ ਨਹੀਂ ਸੀ। ਮੈਂ ਬਹੁਤ ਪ੍ਰੇਸ਼ਾਨ ਹੋ ਕੇ ਇਕ ਪਲੇਟਫ਼ਾਰਮ ਤੇ ਖਲੋ ਗਿਆ। ਅਖ਼ੀਰ ਰਾਤ ਦੇ 9 ਵਜ ਕੇ 10 ਮਿੰਟ ਤੇ ਇਕ ਕਾਰ ਮੇਰੇ ਸਾਹਮਣੇ ਖੜੀ ਹੋਈ, ਜਿਸ ਵਿਚੋਂ ਮੇਰੇ ਜੀਜਾ ਜੀ ਅਤੇ ਭੈਣ ਜੀ ਉਤਰੇ। ਅਸੀ ਆਪਸ ਵਿਚ ਮਿਲੇ। ਮੈਂ ਤਾਂ ਉੱਚੀ-ਉੱਚੀ ਬੱਚਿਆਂ ਵਾਂਗ ਰੋਣ ਹੀ ਲੱਗ ਪਿਆ। ਭੈਣ ਨੇ ਦਿਲਾਸਾ ਦਿਤਾ। ਚੁੱਪ ਕਰਵਾਇਆ। ਕਾਰ ਵਿਚ ਬੈਠੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਚਲਾਉਣ ਵਾਲਾ ਗੋਰਾ ਸੀ ਜੋ ਪੰਜਾਬੀ ਬੋਲ ਅਤੇ ਸਮਝ ਵੀ ਰਿਹਾ ਸੀ।

ਪਿਛੋਂ ਪਤਾ ਲੱਗਾ ਕਿ ਉਹ ਇਕ ਹੇਠਲੀ ਅਦਾਲਤ ਦਾ ਜੱਜ ਸੀ ਜੋ ਜੀਜਾ ਜੀ ਪਾਸੋਂ ਗੁਰਦਵਾਰੇ ਹਾਰਮੋਨੀਅਮ ਸਿਖਣ ਆਉਂਦਾ ਸੀ ਅਤੇ ਕਾਰ ਵੀ ਉਸ ਦੀ ਹੀ ਸੀ। ਉਹ ਜੀਜਾ ਜੀ ਦਾ ਦੋਸਤ ਸੀ। ਜੀਜਾ ਜੀ ਗੈਟਵਿਕ ਏਅਰਪੋਰਟ ਦੇ ਨੇੜੇ ਕਰੌਲੀ ਦੇ ਗੁਰਦਵਾਰਾ ਸਾਹਿਬ ਵਿਚ ਕੀਰਤਨ ਕਰਨ ਦੀ ਡਿਊਟੀ ਕਰਦੇ ਸਨ। ਅਸੀ ਰਾਤ 10 ਵਜੇ ਘਰ ਪੁੱਜੇ। ਮੈਂ ਇੰਗਲੈਂਡ ਪੁਜ ਗਿਆ। ਰਾਤ 12 ਵਜੇ ਇੰਡੀਆ ਫ਼ੋਨ ਕਰ ਕੇ ਦਸਿਆ ਕਿ ਮੈਂ ਠੀਕ-ਠਾਕ ਪਹੁੰਚ ਗਿਆ ਹਾਂ। ਇੰਗਲੈਂਡ ਵਿਚ ਰਹਿੰਦਿਆਂ ਗੁਰਦਵਾਰਾ ਸਾਹਿਬ ਵਿਖੇ ਸਵੇਰੇ ਨਿਤਨੇਮ ਕਰਨ ਲੱਗ ਪਿਆ।


ਇਕ ਸਿੱਖ ਰਘਬੀਰ ਸਿੰਘ ਦੇ ਗਰੋਸਰੀ ਸਟੋਰ 'ਚ ਮੈਂ ਕੰਮ ਕਰਨ ਲੱਗ ਪਿਆ। ਮੈਨੂੰ ਘੰਟੇ ਦੇ 3 ਪੌਂਡ ਮਿਲਣ ਲੱਗ ਪਏ ਅਤੇ ਮੈਂ ਕਦੇ 10 ਘੰਟੇ ਅਤੇ ਕਦੇ 12 ਘੰਟੇ ਕੰਮ ਕਰਨ ਲੱਗ ਪਿਆ। ਐਤਵਾਰ ਛੁੱਟੀ ਹੁੰਦੀ ਸੀ, ਮੈਂ ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਵੀ ਕਰਨ ਲੱਗ ਪਿਆ ਸੀ। ਇੰਗਲੈਂਡ ਤੋਂ ਨਿਕਲਦੇ ਖ਼ਾਲਿਸਤਾਨੀਆਂ ਦੀ ਅਖ਼ਬਾਰ ਆਵਾਜ਼-ਏ-ਕੌਮ ਇੰਟਰਨੈਸ਼ਨਲ ਨੂੰ ਪੜ੍ਹਨ ਲੱਗ ਪਿਆ। ਇਕ ਦਿਨ ਅਖ਼ਬਾਰ ਦੇ ਮੁੱਖ ਸੰਪਾਦਕ ਸ. ਰਘਬੀਰ ਸਿੰਘ ਤੇ ਸੰਪਾਦਕ ਸੁਖਦੇਵ ਸਿੰਘ ਦੇ ਫ਼ੋਨ ਆਏ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਮੈਂ ਭਾਰਤ 'ਚ ਯੂ.ਪੀ. ਸਿੱਖ ਸਮਾਚਾਰ ਦਾ ਸੰਪਾਦਕ ਹਾਂ ਅਤੇ 'ਗਰਜ' ਵਿਚ ਸੰਪਾਦਕ ਰਹਿ ਚੁੱਕਾ ਹਾਂ।

ਮੈਂ ਬਰਮਿੰਘਮ ਜਾ ਕੇ ਉਨ੍ਹਾਂ ਨੂੰ ਮਿਲਿਆ। ਮੈਂ ਅਖ਼ਬਾਰ ਵਿਚ ਲਿਖਣਾ ਸ਼ੁਰੂ ਕਰ ਦਿਤਾ। ਸਿੱਖ ਰਹਿਤ ਮਰਿਆਦਾ, ਸਿੱਖ ਪੰਥ ਦੇ ਦੁਖਾਂਤ ਅਤੇ ਖ਼ਾਲਿਸਤਾਨ ਬਾਰੇ ਮੇਰੇ ਲੇਖ ਬਹੁਤ ਛਪੇ ਅਤੇ ਸਿੱਖਾਂ ਵਲੋਂ ਬਹੁਤ ਹੀ ਸਲਾਹੇ ਵੀ ਗਏ। ਇਕ ਦਿਨ ਮੈਨੂੰ ਜੀਜਾ ਜੀ ਕਹਿਣ ਲੱਗੇ, ''ਕਿਸੇ ਨੂੰ ਇਹ ਨਹੀਂ ਦਸਣਾ ਕਿ ਤੂੰ ਕਿਸ ਸਟੋਰ 'ਚ ਕੰਮ ਕਰਦੈਂ ਕਿਉਂਕਿ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਸਰੂਪ ਵਿਚ ਇਕ-ਦੋ ਸਰਕਾਰੀ ਜਾਸੂਸ ਆਉਂਦੇ ਹਨ। ਪਤਾ ਕਰਦੇ ਹਨ ਕਿਹੜਾ ਸਿੱਖ ਇੰਡੀਆ ਤੋਂ ਆ ਕੇ ਕਿਸ ਸਟੋਰ 'ਚ ਕੰਮ ਕਰਦੈ। ਇਹ ਮੁਖ਼ਬਰ ਕੰਮ ਕਰਨ ਵਾਲੇ ਨੂੰ ਫੜਵਾ ਕੇ ਅਤੇ ਸਟੋਰ ਵਾਲੇ ਨੂੰ ਜੁਰਮਾਨਾ ਕਰਵਾ ਕੇ ਮੋਟਾ ਇਨਾਮ ਹਾਸਲ ਕਰਦੇ ਹਨ।

ਕੰਮ ਕਰਨ ਵਾਲੇ ਨੂੰ ਜੇਲ ਭਿਜਵਾ ਕੇ ਬਾਅਦ 'ਚ ਡੀਪੋਰਟ ਕਰ ਦਿਤਾ ਜਾਂਦਾ ਹੈ।'' ਮੈਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਇਹ ਕਿਹੋ ਜਿਹੇ ਸਿੱਖ ਹਨ ਜੋ ਸਿੱਖੀ ਭੇਸ ਵਿਚ ਸਿੱਖਾਂ ਨਾਲ ਹੀ ਧੋਖਾ-ਫ਼ਰੇਬ ਕਰ ਕੇ ਪੈਸੇ ਕਮਾਉਂਦੇ ਹਨ। ਇਹ ਲੋਕ ਇੰਡੀਆ ਵਿਚ ਤਾਂ ਸਿੱਖੀ ਦੀ ਪਿੱਠ ਵਿਚ ਛੁਰਾ ਮਾਰਦੇ ਹੀ ਹਨ ਪਰ ਵਿਦੇਸ਼ਾਂ ਵਿਚ ਆ ਕੇ ਵੀ ਇਹ ਸਿੱਖਾਂ ਨਾਲ ਗ਼ੱਦਾਰੀ ਕਰਨ ਤੋਂ ਨਹੀਂ ਹਟਦੇ।


ਮੈਨੂੰ 1960 ਤੋਂ 1980 ਤਕ ਦਿੱਲੀ ਵਿਚ ਸਰਕਾਰ ਦੀ ਮੁਖ਼ਬਰੀ ਕਰਨ ਵਾਲੇ ਅਕਾਲੀ ਲੀਡਰ ਦੇ ਦੋਹਰੇ ਚਰਿੱਤਰ ਦੀ ਯਾਦ ਆ ਗਈ ਜੋ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬਹੁਤ ਹੀ ਖ਼ਾਸ ਆਦਮੀ ਸੀ ਅਤੇ ਹਰ ਸਿੱਖ ਮਸਲੇ ਨੂੰ ਉਲਝਾ ਕੇ ਰਖਦਾ ਸੀ, ਜਿਸ ਨੂੰ ਬੜੀ ਮੁਸ਼ਕਲ ਨਾਲ ਹੱਲ ਕਰਵਾਇਆ ਜਾਂਦਾ ਸੀ। ਦਿੱਲੀ ਦੀ ਇਤਿਹਾਸਕ ਕੋਤਵਾਲੀ ਲੈਣ ਅਤੇ ਦਿੱਲੀ ਗੁਰਦਵਾਰਾ ਐਕਟ ਬਣਵਾਉਣ ਵਿਚ ਉਸ ਨੇ ਸੰਤ ਫ਼ਤਹਿ ਸਿੰਘ ਨਾਲ ਮਿਲ ਕੇ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ ਸਨ

ਅਤੇ ਜ. ਰਛਪਾਲ ਸਿੰਘ, ਜ. ਅਵਤਾਰ ਸਿੰਘ ਕੋਹਲੀ, ਬਖ਼ਸ਼ੀ ਜਗਦੇਵ ਸਿੰਘ, ਜ. ਰਣਜੀਤ ਸਿੰਘ, ਪ੍ਰਿੰ. ਸਤਿਬੀਰ ਸਿੰਘ, ਪ੍ਰੋ. ਹਰਮੀਤ ਸਿੰਘ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਜਸਪਾਲ ਸਿੰਘ, ਬਲਦੇਵ ਸਿੰਘ ਗੁਜਰਾਲ, ਰਜਿੰਦਰ ਸਿੰਘ ਡੋਲੀ ਅਤੇ ਹੋਰ ਬਹੁਤ ਸਾਰੇ ਪੰਥਕ ਲੀਡਰਾਂ ਕਰ ਕੇ ਕੋਤਵਾਲੀ ਮਿਲੀ ਅਤੇ ਦਿੱਲੀ ਸਿੱਖ ਗੁਰਦਵਾਰਾ ਐਕਟ ਬਣਿਆ। ਚੋਣਾਂ ਹੋਈਆਂ ਅਤੇ ਸੰਤੋਖ ਸਿੰਘ ਦੇ ਪੰਜੇ ਹੇਠੋਂ ਦਿੱਲੀ ਦੇ ਗੁਰਧਾਮ ਆਜ਼ਾਦ ਹੋ ਸਕੇ।


1999 ਵਿਚ ਖ਼ਾਲਸਾ ਪੰਥ ਦਾ 300 ਸਾਲਾ ਸਾਲਾਨਾ ਦਿਵਸ ਆਉਣ ਕਰ ਕੇ ਮੈਨੂੰ ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਨੇ ਇੰਡੀਆ ਬੁਲਾ ਲਿਆ। 13 ਅਪ੍ਰੈਲ, 1999 ਨੂੰ ਯੂ.ਪੀ. ਭਰ ਵਿਚ ਸਿੱਖ ਕੌਮ ਨੇ ਅਪਣਾ 300 ਸਾਲਾ ਜਨਮਦਿਨ ਮਨਾਇਆ। ਯੂ.ਪੀ. ਸਿੱਖ ਪ੍ਰਤੀਨਿਧ ਬੋਰਡ ਨੇ ਉੱਤਰ ਪ੍ਰਦੇਸ਼ ਵਿਚ ਖ਼ਾਲਸਾ ਪੰਥ ਦੇ ਜਨਮਦਿਨ ਨੂੰ ਬੜੀ ਧੂਮਧਾਮ ਨਾਲ ਮਨਾਇਆ। ਅਗੱਸਤ 1999 ਵਿਚ ਮੈਨੂੰ ਅਮਰੀਕਾ ਤੋਂ ਸਪਾਂਸਰਸ਼ਿਪ ਆਈ ਅਤੇ ਮੈਂ ਵੀਜ਼ਾ ਲਗਵਾ ਕੇ ਅਮਰੀਕਾ ਚਲਾ ਗਿਆ। 
ਹਰਗੋਬਿੰਦ ਸਿੰਘ ਬੱਗਾ, ਅਟਲਾਂਟਾ, ਜੋਰਜੀਆ ਵਿਖੇ ਸੀ। ਮੈਂ ਉਥੇ ਪੁੱਜਾ।

ਮੈਨੂੰ 20 ਦਿਨਾਂ ਤਕ ਕੋਈ ਕੰਮ ਨਾ ਮਿਲਿਆ। ਅਟਲਾਂਟਾ ਗੁਰਦਵਾਰੇ ਦੇ ਗ੍ਰੰਥੀ ਗਿ. ਕਰਨੈਲ ਸਿੰਘ ਜੀ ਮੈਨੂੰ ਚਿਟਾਨੌਗਾ ਵਿਖੇ ਇਕ ਰੇਸਤਰਾਂ ਦੇ ਉਦਘਾਟਨ ਸਮੇਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਤੇ ਲੈ ਗਏ। ਇਸ ਦੌਰਾਨ ਮੈਂ ਗਿ. ਕਰਨੈਲ ਸਿੰਘ ਨੂੰ ਕਿਹਾ ਕਿ ਮੈਨੂੰ ਰੇਸਤਰਾਂ 'ਚ ਕੰਮ ਲੈ ਦਿਉ ਤਾਂ ਉਨ੍ਹਾਂ ਕਿਹਾ, ''ਤੂੰ ਅਖੰਡ ਪਾਠੀ ਹੈਂ। ਮੈਂ ਤੈਨੂੰ ਜੂਠੇ ਭਾਂਡੇ ਮਾਂਜਣ ਤੇ ਨਹੀਂ ਲਗਵਾ ਸਕਦਾ।'' ਮੈਂ ਕਿਹਾ ਕਿ ਜੇਕਰ ਇੰਗਲੈਂਡ ਦੇ ਪਖਾਨਿਆਂ 'ਚ ਅੰਮ੍ਰਿਤਧਾਰੀ ਸਫ਼ਾਈ ਕਰ ਸਕਦੇ ਹਨ ਤਾਂ ਮੈਂ ਰੇਸਤਰਾਂ ਵਿਚ ਕੰਮ ਕਿਉਂ ਨਹੀਂ ਕਰ ਸਕਦਾ? ਖ਼ੈਰ, ਗਿਆਨੀ ਜੀ ਚਲੇ ਗਏ।

ਮੈਂ ਆਪ ਮਾਲਕ ਬਖਸ਼ੀਸ਼ ਸਿੰਘ ਨਾਲ ਗੱਲ ਕਰ ਕੇ ਮਹੀਨੇ ਦਾ ਇਕ ਹਜ਼ਾਰ ਡਾਲਰ ਅਤੇ ਰੋਟੀ-ਰਿਹਾਇਸ਼ ਤੇ ਕੰਮ ਕਰਨ ਲੱਗ ਪਿਆ। 20 ਦਿਨਾਂ ਪਿਛੋਂ ਅਟਲਾਂਟਾ ਦੇ ਐਕਸਾਨ ਗੈਸ ਸਟੇਸ਼ਨ ਤੇ ਕੰਮ ਮਿਲਿਆ ਜਿਥੇ ਹਰਗੋਬਿੰਦ ਸਿੰਘ ਬੱਗਾ ਕੰਮ ਕਰਦਾ ਸੀ। ਉਸ ਨੇ ਮੈਨੂੰ 3 ਮਹੀਨੇ ਵਿਚ ਕੈਸ਼ੀਅਰ ਦਾ ਕੰਮ ਸਿਖਾਇਆ। ਇਥੋਂ ਮੈਨੂੰ ਨਿਊਯਾਰਕ ਤੋਂ ਨਿਕਲਦੇ ਸ਼ੇਰ-ਏ-ਪੰਜਾਬ ਵਿਚ ਲਿਖਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਰੋਜ਼ਾਨਾ ਪੰਜਾਬੀ ਦੁਨੀਆਂ ਵਿਚ ਵੀ ਕੰਮ ਕਰਨ ਦਾ ਮੌਕਾ ਮਿਲ ਗਿਆ। ਹੁਣ ਤਕ ਮੈਂ ਵਿਦੇਸ਼ ਦੀਆਂ 3 ਅਖ਼ਬਾਰਾਂ ਵਿਚ ਕੰਮ ਕਰ ਚੁੱਕਾ ਸੀ।

ਅਮਰੀਕਾ ਰਹਿੰਦੇ ਹੋਏ ਮੈਂ ਇੰਗਲੈਂਡ, ਬਰਮਿੰਘਮ ਤੋਂ ਇਕ ਮਾਸਕ ਮੈਗਜ਼ੀਨ ਸ਼ਮਸ਼ੀਰ-ਏ-ਦਸਤ ਛਾਪਣਾ ਸ਼ੁਰੂ ਕੀਤਾ। 2005 ਵਿਚ ਵਿਦੇਸ਼ਾਂ ਵਿਚ ਰਹਿੰਦੇ ਖ਼ਾਲਿਸਤਾਨੀਆਂ ਵਲੋਂ ਅਮਰੀਕਾ ਵਿਖੇ ਇਕ ਖ਼ਾਲਿਸਤਾਨੀ ਕਨਵੈਨਸ਼ਨ ਹੋਈ। ਅਖ਼ਬਾਰਾਂ ਵਿਚ ਲਿਖਣ ਕਾਰਨ ਮੇਰਾ ਨਾਂ ਖ਼ਾਲਿਸਤਾਨੀ ਜਾਣ ਚੁੱਕੇ ਸਨ। ਮੈਨੂੰ ਸੱਦਾ ਮਿਲਿਆ ਕਨਵੈਨਸ਼ਨ ਵਿਚ ਜਾਣ ਲਈ ਪਰ ਮੈਂ ਨਾ ਗਿਆ। ਖ਼ਾਲਿਸਤਾਨ ਬਣ ਕਿਵੇਂ ਸਕਦਾ ਹੈ ਅਤੇ ਉਸ ਵਾਸਤੇ ਕਰਨਾ ਕੀ ਚਾਹੀਦਾ ਹੈ, ਇਸ ਬਾਬਤ 14 ਨੁਕਾਤੀ ਪ੍ਰੋਗਰਾਮ ਲਿਖਤੀ ਰੂਪ ਵਿਚ ਭੇਜੇ। ਉਹ 14 ਨੁਕਤੇ ਪੜ੍ਹੇ ਵੀ ਗਏ, ਸਲਾਹੇ ਵੀ ਗਏ। ਅੱਜ ਸਮੁੱਚੀ ਕੌਮ ਦੁਰਾਹੇ ਤੇ ਖੜੀ ਹੈ।


ਬਾਹਰ ਬੈਠੇ ਸਿੱਖ ਇੰਡੀਆ ਦੇ ਪੰਥ ਦੁਸ਼ਮਣ ਸਿੱਖਾਂ ਤੋਂ ਬਹੁਤ ਦੁਖੀ ਹਨ। ਬਾਹਰਲੇ ਸਿੱਖ ਤਾਂ ਕੈਨੇਡਾ ਵਿਚ ਰਖਿਆ ਮੰਤਰੀ ਅਤੇ ਹੋਰ ਅਹੁਦਿਆਂ ਤੇ ਹਨ। ਇੰਗਲੈਂਡ, ਅਮਰੀਕਾ, ਆਸਟਰੇਲੀਆ, ਮਲੇਸ਼ੀਆ, ਜਰਮਨੀ, ਜਾਪਾਨ, ਇਟਲੀ ਅਤੇ ਹੋਰ ਥਾਵਾਂ ਤੇ ਮੰਤਰੀ, ਮੈਂਬਰ ਪਾਰਲੀਮੈਂਟ, ਪੁਲਿਸ ਅਫ਼ਸਰ ਅਤੇ ਹੋਰ ਅਹੁਦਿਆਂ ਤੇ ਹਨ ਪਰ ਸਿੱਖਾਂ ਨੂੰ ਅਪਣੇ ਦੇਸ਼ ਵਿਚ ਬੇਗ਼ਾਨੇ ਸਮਝਿਆ ਜਾ ਰਿਹਾ ਹੈ ਤਾਂ ਇਨਸਾਫ਼ ਕਿਥੋਂ?
ਸੰਪਰਕ : 98889-74986, 80543-68157

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement