Editorial: ਹਿੰਦੀ ਗੜ੍ਹ ਵਿਚ ਮੋਦੀ ਦਾ ਮੁਕਾਬਲਾ ਅਜੇ ਕੋਈ ਨਹੀਂ ਕਰ ਸਕਦਾ ਇਸ ਵਾਰ ਕਾਂਗਰਸ ਦੇ ਚੰਗੇ ਮੁੱਖ ਮੰਤਰੀ ਵੀ ਮੋਦੀ ਨੇ ਫੁੰਡ ਦਿਤੇ

By : NIMRAT

Published : Dec 5, 2023, 7:34 am IST
Updated : Dec 5, 2023, 7:54 am IST
SHARE ARTICLE
No one can compete with Modi in Hindi heartland yet
No one can compete with Modi in Hindi heartland yet

ਕਾਂਗਰਸ ਵਿਚ ਹਰ ਪੱਧਰ ਤੇ ਹਰ ਰਾਜ ਵਿਚ ਦੋ ਦੋ ਧੜੇ ਹਨ ਜੋ ਇਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ।

Editorial: ਚਾਰ ਰਾਜਾਂ ਦੇ ਚੋਣ ਨਤੀਜਿਆਂ ਵਿਚੋਂ ਇਕੋ ਆਵਾਜ਼ ਗੂੰਜ ਰਹੀ ਹੈ ‘ਮੋਦੀ, ਮੋਦੀ, ਮੋਦੀ।’ ਦਿਮਾਗ਼ੀ ਬੀਮਾਰੀਆਂ ਦਾ ਹਰ  ਮਾਹਰ ਜਾਂ ਆਮ ਆਦਮੀ ਵੀ ਸਮਝਣ ਦਾ ਯਤਨ ਕਰ ਰਿਹਾ ਹੈ ਕਿ ਕਾਂਗਰਸ ਨੇ ਇਹ ਜਿੱਤੀ ਹੋਈ ਬਾਜ਼ੀ ਹਾਰੀ ਕਿਸ ਤਰ੍ਹਾਂ?

ਅੰਕੜਿਆਂ ਤੋਂ ਅੰਦਾਜ਼ੇ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਕਿਹੜੀ ਵਜ੍ਹਾ ਕਾਰਨ ਕਿਥੇ ਵੋਟ ਪੈ ਰਹੀ ਸੀ। ਅੰਕੜਿਆਂ ਮੁਤਾਬਕ ਕਾਂਗਰਸ ਦਾ ਵੋਟ ਹਿੱਸਾ ਬਹੁਤ ਥੋੜਾ ਘਟਿਆ ਹੈ ਪਰ ਭਾਜਪਾ ਦਾ ਵੋਟ ਬੈਂਕ ਜ਼ਿਆਦਾ ਵਧਿਆ ਹੈ। ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਕਾਂਗਰਸ ਦਾ 2018 ਵਿਚ ਵੋਟ ਫ਼ੀਸਦ 43 ਫ਼ੀ ਸਦੀ ਸੀ ਜੋ ਇਸ ਵਾਰ ਘੱਟ ਕੇ 41.9 ਫ਼ੀ ਸਦੀ ਰਹਿ ਗਿਆ ਪਰ ਭਾਜਪਾ ਦਾ ਹਿੱਸਾ 2018 ਵਿਚ 33 ਫ਼ੀ ਸਦੀ ਸੀ ਤੇ ਇਸ ਵਾਰ 46.2 ਤੇ ਪਹੁੰਚ ਗਿਆ ਹੈ। ਇਹ ਕਾਂਗਰਸ ਦਾ ਅਜਿਹਾ ਮੁੱਖ ਮੰਤਰੀ ਸੀ ਜਿਸ ਨੇ ਲੋਕਾਂ ਦੀਆਂ ਝੋਲੀਆਂ ਭਰ ਦਿਤੀਆਂ ਸਨ। ਪਰ ਕੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਇਸ ਨੂੰ ਪਿੱਛੇ ਕਰ ਗਏ? ਅਸ਼ੋਕ ਗਹਿਲੋਤ ਦੀ  ਕਾਰਗੁਜ਼ਾਰੀ ਨਾਲ ਰਾਜਸਥਾਨ ’ਚ ਖ਼ੁਸ਼ਹਾਲੀ ਆ ਗਈ ਸੀ ਪਰ ਫਿਰ ਵੀ ਉਹ ਹਾਰ ਗਏ।

ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਚੌਹਾਨ ਪਿੱਛੇ ਭਾਜਪਾ ਆਪ ਖੜੀ ਹੋਈ ਨਜ਼ਰ ਨਹੀਂ ਆ ਰਹੀ ਸੀ ਪਰ ਫਿਰ ਵੀ ਉਹ ਦੁਬਾਰਾ ਆ ਗਏ ਤੇ ਉਨ੍ਹਾਂ ਨੇ ਅਪਣੀ ਵੋਟ 8.06 ਫ਼ੀ ਸਦੀ ਵਧਾ ਲਈ। ਇਸ ਵਿਚ ਔਰਤਾਂ ਦਾ ਯੋਗਦਾਨ ਵੀ ਬਹੁਤ ਰਿਹਾ ਪਰ ਗੱਲ ਇਥੇ ਆ ਕੇ ਮੁਕਦੀ ਹੈ ਕਿ ਹਿੰਦੀ ਗੜ੍ਹ ਵਿਚ ਅੱਜ ਦੇ ਦਿਨ ਇਕੋ ਹੀ ਰਾਜਾ ਹੈ ਤੇ ਉਸ ਦਾ ਨਾਮ ਮੋਦੀ ਹੈ।

ਦੱਖਣ ਵਿਚ ਇਸ ਵਕਤ ਰੁਝਾਨ ਵਖਰਾ ਹੈ। ਤੇਲੰਗਾਨਾ ਨੇ ਕਰਨਾਟਕਾ ਵਾਲਾ ਰੁਝਾਨ ਹੀ ਦੁਹਰਾਇਆ ਤੇ ਵੋਟਰਾਂ ਨੇ ਇਕ ਤਾਕਤਵਰ ਸੂਬਾ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜਨਾ ਠੀਕ ਸਮਝਿਆ। ਪਰ ਕੀ ਦੱਖਣ ਦਾ ਕੋਈ ਆਗੂ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਸਕਦਾ ਹੈ? ਨਹੀਂ, ਪ੍ਰਧਾਨ ਮੰਤਰੀ ਇਨ੍ਹਾਂ ਹਿੰਦੀ ਰਾਜਾਂ ਤੋਂ ਹੀ ਬਣਦੇ ਹਨ ਤੇ ਇਨ੍ਹਾਂ ਚੋਣਾਂ ਨੇ ਦਸ ਦਿਤਾ ਹੈ ਕਿ ਅਗਲੀਆਂ ਚੋਣਾਂ ਵਿਚ ਪਲੜਾ ਕਿਸ ਦਾ ਭਾਰੀ ਰਹੇਗਾ। ਕੰਮ ਚੰਗੇ ਕਰਨ ਦੇ ਬਾਵਜੂਦ ਵੀ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਵੋਟ ਨਹੀਂ ਵਧੀ ਤੇ ਸਾਫ਼ ਹੈ ਕਿ ਇਹ ਮੁਕਾਬਲਾ ਮੁੱਖ ਮੰਤਰੀਆਂ ਦਾ ਨਹੀਂ ਸੀ। ਭਾਜਪਾ ਨੇ ਇਸ ਮੁਕਾਬਲੇ ਵਿਚ ਕਿਸੇ ਵਲ ਖ਼ਾਸ ਧਿਆਨ ਨਹੀਂ ਦਿਤਾ ਭਾਵੇਂ ਉਹ ਸ਼ਿਵਰਾਜ ਚੌਹਾਨ ਹੋਵੇ ਜਾਂ ਵਸੁੰਧਰਾ ਰਾਜੇ। ਭਾਜਪਾ ਨੇ ਸੱਭ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਨੂੰ ਖੜਾ ਕਰ ਦਿਤਾ, ਭਾਵੇਂ ਉਹ ਗਹਿਲੋਤ ਹੋਵੇ ਜਾਂ ਭੁੁਪੇਸ਼ ਬਘੇਲ। ਪਰ ਸ਼ਿਵਰਾਜ ਵਿਰੁਧ ਕੌਣ ਸੀ?

ਕਾਂਗਰਸ ਵਿਚ ਹਰ ਪੱਧਰ ਤੇ ਹਰ ਰਾਜ ਵਿਚ ਦੋ ਦੋ ਧੜੇ ਹਨ ਜੋ ਇਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ। ਉਹ ਕਿਸੇ ਉਸ ਨੂੰ ਅਪਣਾ ਲੀਡਰ ਨਹੀਂ ਮੰਨਦੇ ਜੋ ਉਨ੍ਹਾਂ ਨੂੰ ਮੰਤਰੀ ਜਾਂ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਹੁਣੇ ਹੀ ਨਾ ਦੇਵੇ। ਰਾਹੁਲ ਜੇ ਅਪਣੀ ਪਾਰਟੀ ਵਿਚ ਆਪ ਅਪਣੀ ਥਾਂ ਨਹੀਂ ਬਣਾ ਸਕਿਆ ਤਾਂ ਫਿਰ ਉਹ ਬਾਅਦ ਵਿਚ ਕੀ ਕਰੇਗਾ? ਲੋਕ ਪੰਜ ਸਾਲ ਦੀ ਕਾਰਗੁਜ਼ਾਰੀ ਵਿਚ ਵੇਖਦੇ ਹਨ ਕਿ ਜਿਸ ਦੇ ਕਹਿਣ ਤੇ ਵੋਟ ਪਾਈ ਹੈ, ਉਹ ਉਨ੍ਹਾਂ ਦਾ ਕਿੰਨਾ ਧਿਆਨ ਰਖਦਾ ਹੈ।

ਗਾਂਧੀ ਪ੍ਰਵਾਰ ਜਿੱਤ ਤੋਂ ਬਾਅਦ ਦਿੱਲੀ ਵਿਚ ਬੈਠ ਜਾਂਦਾ ਹੈ। ਅਸੀ ਪੰਜਾਬ ਵਿਚ ਕਾਂਗਰਸੀਆਂ ਦੀ ਲੁੱਟ ਬਰਦਾਸ਼ਤ ਕੀਤੀ ਕਿਉਂਕਿ ਹਾਈ ਕਮਾਂਡ ਵਿਚ ਕੋਈ ਤਾਕਤਵਰ ਨਹੀਂ ਸੀ। ਪਰ ਭਾਜਪਾ ਕੋਲ ਮੋਦੀ ਹੈ ਜਿਸ ਸਾਹਮਣੇ ਸਾਰੇ ਛੋਟੇ ਆਗੂ ਹੀ ਨਹੀਂ ਬਲਕਿ ਵੱਡੇ ਆਗੂ ਵੀ ਚੁੱਪ ਹੋ ਜਾਂਦੇ ਹਨ ਤੇ ਆਰ.ਐਸ.ਐਸ. ਵੀ ਪਿੱਛੇ ਖੜੀ ਹੋ ਜਾਂਦੀ ਹੈ। ਇਹ ਨਤੀਜੇ ਇਕੋ ਹੀ ਸੁਨੇਹਾ ਲੈ ਕੇ ਆਏ ਹਨ ਕਿ 2024 ਵਿਚ ਮੋਦੀ ਦੇ ਮੁਕਾਬਲੇ ਵਿਚ ਕੋਈ ਨਹੀਂ ਠਹਿਰ ਸਕਦਾ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement
Advertisement

ਢਾਹ ਦਿੱਤਾ 400 Crore ਦਾ Farm House, ਦੋ ਦਿਨਾਂ ਤੋਂ ਚੱਲ ਰਿਹਾ Bulldozer, ਕਿਸੇ ਸਮੇਂ ਫਾਰਮ ਹਾਊਸ ਨੂੰ ਖੜ-ਖੜ...

03 Mar 2024 3:45 PM

ਕਾਰਪੋਰੇਸ਼ਨ ਨੂੰ ਤਾਲੇ ਲਾਉਣ ਦੇ ਮੁੱਦੇ ’ਤੇ, ਸਿੱਧੇ ਹੋ ਗਏ Ravneet Singh Bittu

02 Mar 2024 8:17 PM

Shambhu Border Update: ਮੀਂਹ 'ਚ ਵੀ ਮੋਰਚੇ 'ਤੇ ਡੱਟੇ ਕਿਸਾਨ, ਭਿੱਜਣ ਤੋਂ ਬਚਣ ਲਈ ਕੀਤੇ ਇਹ ਖ਼ਾਸ ਪ੍ਰਬੰਧ

02 Mar 2024 8:14 PM

MP ਡਾ. ਅਮਰ ਸਿੰਘ ਦਾ ਬੇਬਾਕ Interview, ਲੋਕ ਸਭਾ ਦੀ ਟਿਕਟ ਲਈ ਦੁਬਾਰਾ ਠੋਕੀ ਦਾਅਵੇਦਾਰੀ

01 Mar 2024 8:22 PM

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM
Advertisement