
ਭਾਰਤ ਵਿਚ ਅੱਜ ਜੋ ਸਿਆਸੀ ਲੜਾਈ ਚਲ ਰਹੀ ਹੈ, ਉਹ ਦੇਸ਼ ਨੂੰ ਸੱਜੂ-ਖੱਬੂ ਵਿਚ ਵੰਡੇ ਜਾਣ ਲਈ ਮਜਬੂਰ ਕਰ ਰਹੀ ਹੈ। ਦੇਸ਼ ਦਾ ਜਿਹੜਾ ਮਾਹੌਲ ਬਣ ਗਿਆ ਹੈ, ਉਹ ਨਾ ...
ਭਾਰਤ ਵਿਚ ਅੱਜ ਜੋ ਸਿਆਸੀ ਲੜਾਈ ਚਲ ਰਹੀ ਹੈ, ਉਹ ਦੇਸ਼ ਨੂੰ ਸੱਜੂ-ਖੱਬੂ ਵਿਚ ਵੰਡੇ ਜਾਣ ਲਈ ਮਜਬੂਰ ਕਰ ਰਹੀ ਹੈ। ਦੇਸ਼ ਦਾ ਜਿਹੜਾ ਮਾਹੌਲ ਬਣ ਗਿਆ ਹੈ, ਉਹ ਨਾ ਸਿਰਫ਼ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੀ ਨਜ਼ਰ ਆ ਰਿਹਾ ਹੈ ਬਲਕਿ ਦੇਸ਼ ਦੇ ਹਰ ਕੋਨੇ ਵਿਚ ਇਹ ਮਾਹੌਲ ਜੜ੍ਹਾਂ ਫੜ ਰਿਹਾ ਹੈ। ਦਿੱਲੀ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਇਕ ਛੋਟੇ ਜਹੇ ਸ਼ਹਿਰ ਦੇ ਇਕ ਸਕੂਲ ਵਲ ਵੇਖੀਏ।
File Photo
ਇਕ ਸਕੂਲ ਵਿਚ 9-12 ਸਾਲ ਦੇ ਬੱਚਿਆਂ ਵਲੋਂ ਇਕ ਨਾਟਕ ਪੇਸ਼ ਕੀਤਾ ਗਿਆ ਜਿਸ ਵਿਚ ਸੀ.ਏ.ਏ. ਅਤੇ ਐਨ.ਆਰ.ਸੀ. ਪ੍ਰਤੀ ਜੋ ਸ਼ੰਕੇ ਅਤੇ ਡਰ ਹਨ, ਉਨ੍ਹਾਂ ਨੂੰ ਇਕ ਫ਼ਿਕਰਾ ਬੋਲ ਕੇ ਉਜਾਗਰ ਕੀਤਾ ਗਿਆ। ਲਿਖਣ ਵਾਲੀ ਇਕ ਬੱਚੀ ਦੀ ਮਾਂ ਸੀ ਜਿਸ ਨੇ ਅਪਣੀ ਬੱਚੀ ਤੋਂ ਇਹ ਅਖਵਾਇਆ ਕਿ ਜੇ ਕੋਈ ਮੇਰੇ ਤੋਂ ਮੇਰੀ ਨਾਗਰਿਕਤਾ ਦੇ ਕਾਗ਼ਜ਼ ਮੰਗੇਗਾ ਤਾਂ ਮੈਂ ਜੁੱਤੀ ਚੁੱਕ ਕੇ ਮਾਰਾਂਗੀ। ਸਕੂਲ ਦੀ ਇਕ ਅਧਿਆਪਕ ਅਤੇ ਇਸ 9 ਸਾਲ ਦੀ ਬੱਚੀ ਦੀ ਮਾਂ ਨੇ ਇਸ ਨਾਟਕ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਨਾਲ ਸਾਂਝਾ ਕੀਤਾ।
File Photo
ਉਨ੍ਹਾਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਜਦ ਛੋਟੇ ਬੱਚੇ ਅਪਣੀ ਮਾਸੂਮੀਅਤ ਵਿਚ ਇਸ ਤਰ੍ਹਾਂ ਦੇ ਸਵਾਲ ਪੁੱਛਣਗੇ, ਉਨ੍ਹਾਂ ਦਾ ਅਸਰ ਹੋਰ ਵੀ ਵਧੇਰੇ ਹੋਵੇਗਾ। ਅਸਰ ਤਾਂ ਹੋਇਆ ਪਰ ਹੋਇਆ ਹਾਕਮ ਲੋਕਾਂ ਉਤੇ ਜਿਸ ਤੋਂ ਘਬਰਾ ਕੇ ਪ੍ਰਸ਼ਾਸਨ ਨੇ ਇਨ੍ਹਾਂ ਉਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਵਾ ਦਿਤਾ ਅਤੇ ਉਸ 9 ਸਾਲ ਦੀ ਬੱਚੀ ਦੀ ਮਾਂ ਅਤੇ ਅਧਿਆਪਕ ਨੂੰ ਜੇਲ ਭੇਜ ਦਿਤਾ ਗਿਆ।
BJP
ਮਾਂ ਵਿਧਵਾ ਸੀ, ਸੋ ਬੱਚੀ ਨੂੰ ਹੁਣ ਉਨ੍ਹਾਂ ਦਾ ਕੋਈ ਗੁਆਂਢੀ ਸੰਭਾਲ ਰਿਹਾ ਹੈ। ਪਰ ਇਹੀ ਨਹੀਂ, ਪਿਛਲੇ ਪੰਜ ਦਿਨਾਂ ਤੋਂ ਪੁਲਿਸ ਹਰ ਰੋਜ਼ ਇਨ੍ਹਾਂ ਬੱਚਿਆਂ ਤੋਂ ਪੁੱਛ-ਪੜਤਾਲ ਕਰਨ ਲਈ ਸਕੂਲ ਆਉਂਦੀ ਹੈ। ਸੋ ਇਨ੍ਹਾਂ ਬੱਚਿਆਂ ਨੂੰ ਰੋਜ਼ ਵਰਦੀ ਵਿਚ ਬੈਠੇ ਲੋਕਾਂ ਵਲੋਂ ਸਵਾਲਾਂ ਦੇ ਵਾਰ-ਵਾਰ ਜਵਾਬ ਦੇਣੇ ਪੈਂਦੇ ਹਨ। 9 ਤੋਂ 12 ਸਾਲ ਦੇ ਇਹ ਮੁਸਲਮਾਨ ਪ੍ਰਵਾਰਾਂ ਦੇ ਬੱਚੇ ਅਜੇ ਤਕ ਤਾਂ ਇਸ ਦੇਸ਼ ਦੇ ਨਾਗਰਿਕ ਹੀ ਹਨ।
BJP
ਸਕੂਲ ਸ਼ਾਇਦ ਗ਼ਲਤ ਸੀ, ਜਿਸ ਨੇ ਬੱਚਿਆਂ ਨੂੰ ਅਪਣਾ ਡਰ, ਦੁਨੀਆਂ ਸਾਹਮਣੇ ਪੇਸ਼ ਕਰਨ ਵਾਸਤੇ ਇਸਤੇਮਾਲ ਕੀਤਾ ਪਰ ਆਖ਼ਰ ਕਰਨਾਟਕ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਦੇ ਡਰ ਸਹੀ ਹੀ ਸਿੱਧ ਕਰ ਵਿਖਾਵੇ। ਇਸ ਤੋਂ ਵੀ ਸੌ ਗੁਣਾ ਵੱਧ ਨਫ਼ਰਤ ਨਾਲ ਲੈਸ ਕੋਈ ਗੱਲ ਜੇ ਭਗਵੇਂ ਸੰਸਦ ਮੈਂਬਰ ਕਰਨ ਤਾਂ ਉਹ ਦੇਸ਼ਪ੍ਰੇਮੀ ਅਤੇ ਜੇ ਹੋਰ ਕੋਈ ਸਰਕਾਰ ਤੋਂ ਸਵਾਲ ਪੁੱਛ ਬੈਠੇ ਤੇ ਡਰ ਵਿਚ ਜੁੱਤੀ ਮਾਰਨੀ ਵੀ ਚਾਹੇ ਤਾਂ ਉਹ ਦੇਸ਼ਧ੍ਰੋਹੀ! ਇਹ ਹਨ ਖੱਬੂ-ਸੱਜੂ ਵਿਚ ਵੰਡੇ ਜਾਣ ਦੀ ਕੱਟੜ ਸੋਚ ਦੇ ਨਤੀਜੇ।
File Photo
ਇਹੀ ਸੱਭ ਕੁੱਝ ਦਿੱਲੀ ਚੋਣਾਂ ਵਿਚ ਹੋ ਰਿਹਾ ਹੈ। ਭਾਜਪਾ ਦੇ ਪ੍ਰਧਾਨ ਸੇਵਕ ਆਖਦੇ ਹਨ ਕਿ ਦਿੱਲੀ ਨੂੰ ਭਾਜਪਾ ਦੀ ਜ਼ਰੂਰਤ ਹੈ ਪਰ ਅਸਲ ਵਿਚ ਉਨ੍ਹਾਂ ਨੂੰ ਅੱਜ ਦਿੱਲੀ ਵਿਚ ਅਪਣਾ ਝੰਡਾ ਗੱਡਣ ਦੀ ਸਖ਼ਤ ਜ਼ਰੂਰਤ ਹੈ। ਨਾ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਹਰਾਉਣਾ ਹੈ ਅਤੇ ਸਿਆਸਤ ਤੋਂ ਬਾਹਰ ਕਰਨਾ ਹੈ ਬਲਕਿ ਜਦ ਉਨ੍ਹਾਂ ਨੇ ਹੁਣ ਇਸ ਚੋਣ ਨੂੰ ਸ਼ਾਹੀਨ ਬਾਗ਼ ਵਿਚ ਧਰਨਾ ਮਾਰੀ ਲੋਕਾਂ ਨੂੰ ਦੇਸ਼ 'ਚੋਂ ਬਾਹਰ ਕੱਢ ਸੁੱਟਣ ਦਾ ਮੁੱਦਾ ਬਣਾ ਲਿਆ ਹੈ ਤਾਂ ਭਾਜਪਾ ਵਾਸਤੇ ਐਨ.ਆਰ.ਸੀ. ਵਾਸਤੇ ਇਹ ਜਿੱਤ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।
Modi
ਇਸੇ ਕਾਰਨ ਹੁਣ ਨਫ਼ਰਤ ਦਾ ਕੋਈ ਅੰਤ ਨਹੀਂ ਨਜ਼ਰ ਆ ਰਿਹਾ। ਕਿੰਨੀ ਨਫ਼ਰਤ ਉਗਲੀ ਜਾ ਸਕਦੀ ਹੈ ਸਿਆਸੀ ਮੰਚਾਂ ਤੋਂ, ਉਸ ਦਾ ਹੁਣ ਹਿਸਾਬ ਰਖਣਾ ਵੀ ਮੁਮਕਿਨ ਨਹੀਂ ਰਿਹਾ। ਜਦ ਇਕ ਕੇਂਦਰੀ ਮੰਤਰੀ, ਕਿਸੇ ਮੁੱਖ ਮੰਤਰੀ ਨੂੰ ਅਤਿਵਾਦੀ ਆਖ ਦੇਵੇ, ਉਸ ਤੋਂ ਬਾਅਦ ਕਹਿਣ ਨੂੰ ਬਾਕੀ ਕੀ ਰਹਿ ਜਾਂਦਾ ਹੈ? 'ਆਪ' ਵਲੋਂ ਮੰਚਾਂ ਉਤੇ ਅਜੇ ਵੀ ਸਬਰ ਰੱਖ ਕੇ ਰਾਜ ਪ੍ਰਬੰਧ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ।
AAP
ਪਰ ਸੜਕਾਂ ਉਤੇ ਹੁਣ ਦਿੱਲੀ ਦੀ ਜਨਤਾ ਅਤਿਵਾਦੀ ਅਤੇ ਦੇਸ਼ਧ੍ਰੋਹੀ ਗਰੁੱਪਾਂ ਵਿਚ ਵੰਡੀ ਜਾ ਰਹੀ ਹੈ। ਨਤੀਜਾ ਇਹ ਹੈ ਕਿ ਜਿੱਥੇ ਚਾਰ ਹਫ਼ਤੇ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ 'ਆਪ' 65 ਤੋਂ ਵੱਧ ਸੀਟਾਂ ਲਿਜਾ ਸਕਦੀ ਹੈ, ਹੁਣ ਦੀਆਂ ਖ਼ਬਰਾਂ ਹਨ ਕਿ ਭਾਜਪਾ ਦੀਆਂ 10-15 ਸੀਟਾਂ ਪੱਕੀਆਂ ਹੋ ਗਈਆਂ ਹਨ। ਭਾਜਪਾ ਨੇ ਆਖ਼ਰੀ ਤਿੰਨ ਦਿਨਾਂ ਵਿਚ 50 ਹਜ਼ਾਰ ਮੀਟਿੰਗਾਂ ਕਰਨੀਆਂ ਹਨ ਅਤੇ ਕੱਟੜ ਸੋਚ ਨੂੰ ਤੇਜ਼ ਕਰਨਾ ਹੈ।
File Photo
ਜਿੱਤੇ ਭਾਵੇਂ ਕੋਈ ਵੀ, ਨੁਕਸਾਨ ਭਾਰਤ ਦਾ ਹੋ ਰਿਹਾ ਹੈ ਤੇ ਬਹੁਤ ਜਿਆਦਾ ਹੋ ਰਿਹਾ ਹੈ। ਅੱਜ ਅਸੀ ਉਹ ਦੇਸ਼ ਹਾਂ ਜਿਥੇ 9 ਸਾਲ ਦੇ ਬੱਚਿਆਂ ਤੋਂ ਪੁਲਿਸ ਪੁੱਛ-ਪੜਤਾਲ ਕਰ ਸਕਦੀ ਹੈ ਅਤੇ ਨਿਆਂ-ਪਾਲਿਕਾ ਹੱਥ ਉਤੇ ਹੱਥ ਧਰ ਕੇ ਵੇਖਦੀ ਰਹਿੰਦੀ ਹੈ। ਸਿਆਸਤਦਾਨ ਨਫ਼ਰਤ ਫੈਲਾਉਂਦੇ ਹਨ ਅਤੇ ਚੋਣ ਕਮਿਸ਼ਨ ਕੰਨ ਬੰਦ ਅਤੇ ਸਿਰ ਨੀਵਾਂ ਕਰ ਲੈਂਦਾ ਹੈ।
Kejriwal and Modi
ਇਸ ਸੱਜੇ-ਖੱਬੇ ਦੀ ਲੜਾਈ ਵਿਚ ਸੰਵਿਧਾਨ ਹਾਰੀ ਜਾਂਦਾ ਹੈ ਅਤੇ ਇਹ ਕੱਟੜ ਲੋਕ ਵੀ ਕਿਸੇ ਦਿਨ ਇਸ ਨਫ਼ਰਤ ਦੀ ਕੀਮਤ ਬਾਕੀ ਦੇਸ਼ ਵਾਸੀਆਂ ਦੇ ਨਾਲ ਹੀ ਚੁਕਾਉਣਗੇ। ਕੋਈ ਅਪਣੀ ਚੁੱਪੀ ਵਾਸਤੇ ਪਛਤਾਵੇਗਾ ਅਤੇ ਕੋਈ ਅਪਣੀ ਕੱਟੜ ਸੋਚ ਵਾਸਤੇ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੋਵੇਗੀ। -ਨਿਮਰਤ ਕੌਰ