
ਨਾਂਦੇੜ ਸਾਹਿਬ 'ਚ ਫਸੇ ਯਾਤਰੀਆਂ ਦੇ ਘਰ ਆਉਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪੰਜਾਬ ਵਿਚ ਲਿਆਉਣ ਲਈ ਬਿਆਨਾਂ ਦਾ ਸ਼ੋਰ ਖ਼ੂਬ ਸੁਣਾਈ ਦੇਂਦਾ ਸੀ
ਨਾਂਦੇੜ ਸਾਹਿਬ 'ਚ ਫਸੇ ਯਾਤਰੀਆਂ ਦੇ ਘਰ ਆਉਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪੰਜਾਬ ਵਿਚ ਲਿਆਉਣ ਲਈ ਬਿਆਨਾਂ ਦਾ ਸ਼ੋਰ ਖ਼ੂਬ ਸੁਣਾਈ ਦੇਂਦਾ ਸੀ ਅਤੇ ਹੁਣ ਇਕ ਹੋਰ ਤਰ੍ਹਾਂ ਦਾ ਰੌਲਾ ਵਧਦਾ ਹੀ ਜਾ ਰਿਹਾ ਹੈ ਜਿਸ ਦੀ ਮੁਖ ਧੁਨੀ ਇਹ ਹੈ ਕਿ ਇਨ੍ਹਾਂ ਨੇ ਤਾਂ ਆ ਕੇ ਪੰਜਾਬ ਨੂੰ ਕੋਰੋਨਾ ਦੇ ਮੂੰਹ ਵਿਚ ਪਾ ਦਿਤਾ ਹੈ। ਵਿਚਾਰੇ ਯਾਤਰੀ 40 ਦਿਨਾਂ ਬਾਅਦ ਅਪਣੇ ਘਰ ਵਾਪਸ ਆਉਣ ਦੀ ਖ਼ੁਸ਼ੀ ਨਹੀਂ ਮਨਾ ਸਕਦੇ, ਬਸ ਬੇਵੱਸ ਜਹੇ ਹੋ ਕੇ ਬੈਠੇ ਹਨ। ਜਿਉਂ ਜਿਉਂ ਹਰ ਘੰਟੇ, ਵਾਪਸ ਪਰਤੇ ਯਾਤਰੀਆਂ ਦਰਮਿਆਨ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਿਉਂ ਤਿਉਂ ਉਨ੍ਹਾਂ ਦੀਆਂ ਔਕੜਾਂ ਤੇ ਆਲੋਚਨਾ ਦੀਆਂ ਆਵਾਜ਼ਾਂ ਵੀ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ।
ਮਸਲੇ ਨੂੰ ਬੜੇ ਸ਼ਾਂਤ ਅਤੇ ਨਿਰਪੱਖ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਇਹ ਮਸਲਾ ਸਿਰਫ਼ ਅੱਜ ਦੇ ਇਨ੍ਹਾਂ ਯਾਤਰੀਆਂ ਦੀ ਸੁਰੱਖਿਆ ਦਾ ਨਹੀਂ ਬਲਕਿ ਪੂਰੇ ਪੰਜਾਬ ਦੀ ਸੁਰੱਖਿਆ ਦਾ ਵੀ ਹੈ। ਜੇਕਰ ਗ਼ਲਤੀਆਂ ਹੋਈਆਂ ਹਨ ਤੇ ਅਸੀ ਉਨ੍ਹਾਂ ਗ਼ਲਤੀਆਂ ਤੋਂ ਸਬਕ ਨਾ ਸਿਖਿਆ ਤਾਂ ਆਉਣ ਵਾਲੇ ਸਮੇਂ ਵਿਚ ਪ੍ਰੇਸ਼ਾਨੀਆਂ ਸਾਡੇ ਸਾਰਿਆਂ ਵਾਸਤੇ ਵੱਧ ਸਕਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ 7 ਹਜ਼ਾਰ ਲੋਕ ਪੰਜਾਬ ਵਾਪਸ ਪਰਤੇ ਸਨ ਤਾਂ ਇਹ ਸਾਰੇ ਨਾਂਦੇੜ ਸਾਹਿਬ ਨਹੀਂ ਸਨ ਗਏ।
File photo
ਇਨ੍ਹਾਂ ਵਿਚ ਕੁੱਝ ਕੋਟਾ ਗਏ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਸਨ, ਰਾਜਸਥਾਨ ਵਿਚ ਵਾਢੀ ਕਰਨ ਗਏ ਮਜ਼ਦੂਰ ਵੀ ਸਨ ਅਤੇ ਮਹਾਰਾਸ਼ਟਰ ਵਿਚ ਫਸੇ ਕੰਮ ਕਰਨ ਵਾਲੇ ਵੀ ਸਨ ਜੋ ਐਨ ਮੌਕੇ 'ਤੇ ਆ ਕੇ ਬਸਾਂ ਵਿਚ ਬੈਠ ਗਏ। ਸੋ ਇਸ ਮੁੱਦੇ ਨੂੰ ਸ਼ਰਧਾਲੂਆਂ ਦਾ ਮੁੱਦਾ ਨਾ ਬਣਾ ਕੇ ਵੱਖ-ਵੱਖ ਸੂਬਿਆਂ ਤੋਂ ਵਾਪਸ ਆਏ ਪੰਜਾਬੀਆਂ ਦਾ ਮਸਲਾ ਸਮਝੋ। ਜਦ ਦੇਸ਼ ਵਿਚ ਇਕ ਸੂਬੇ ਦੀ ਸਰਹੱਦ ਟੱਪ ਕੇ ਦੂਜੇ ਸੂਬੇ ਵਿਚ ਜਾਣ ਦੀ ਮਨਾਹੀ ਸੀ, ਉਸ ਵੇਲੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀਆਂ ਲਿਖ ਲਿਖ ਕੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਗਈ।
ਸਾਰਿਆਂ ਨੂੰ ਕਾਹਲੀ ਸੀ ਕਿ ਉਹ ਇਸ ਦਾ ਸਿਹਰਾ ਅਪਣੇ ਸਿਰ ਉਤੇ ਸਜਾ ਲੈਣ ਪਰ ਕਿਸੇ ਨੇ ਇਹ ਨਾ ਸੋਚਿਆ ਕਿ ਬਾਅਦ ਵਿਚ ਕੀ ਹੋਵੇਗਾ? ਕੇਂਦਰੀ ਮੰਤਰੀ ਬੀਬੀ ਬਾਦਲ ਅਤੇ ਪੰਜਾਬ ਦੇ ਕਈ ਮੰਤਰੀ ਇਕ-ਦੂਜੇ ਨਾਲ ਗੱਲ ਕਰਨ ਵਾਸਤੇ ਵੀ ਤਿਆਰ ਨਹੀਂ ਸਨ ਅਤੇ ਜੇ ਇਹ ਦੋਵੇਂ ਇਕ-ਦੂਜੇ ਨਾਲ ਗੱਲਬਾਤ ਕਰ ਲੈਂਦੇ ਤਾਂ ਬਸਾਂ ਦੇ ਆਉਣ-ਜਾਣ ਦਾ ਸਿਲਸਿਲਾ ਇਸ ਤਰ੍ਹਾਂ ਨਾ ਵਿਗੜਦਾ। ਹੁਣ ਸਾਹਮਣੇ ਇਹ ਆ ਰਿਹਾ ਹੈ ਕਿ ਮਹਾਰਾਸ਼ਟਰ ਦੀਆਂ ਕੁੱਝ ਬਸਾਂ, ਪੰਜਾਬ ਦੀਆਂ ਬਸਾਂ ਤੋਂ ਪਹਿਲਾਂ ਹੀ ਚਲ ਪਈਆਂ ਸਨ।
ਮਹਾਰਾਸ਼ਟਰ ਦੀਆਂ ਬਸਾਂ ਪਹਿਲਾਂ ਪਹੁੰਚੀਆਂ ਅਤੇ ਉਨ੍ਹਾਂ ਦੇ ਡਰਾਈਵਰ ਤੇ ਕੰਡਕਟਰ ਵੀ ਮਹਾਰਾਸ਼ਟਰ ਦੇ ਹੀ ਸਨ। ਸ਼ਾਇਦ ਉਨ੍ਹਾਂ ਵਿਚੋਂ ਹੀ ਕੋਰੋਨਾ ਪੀੜਤਾਂ ਦੇ ਟੈਸਟ ਪਹਿਲਾਂ ਆ ਰਹੇ ਹਨ। ਪੰਜਾਬ ਸਰਕਾਰ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਜਾਂ ਪਤਾ ਲਗਾਉਣਾ ਚਾਹੀਦਾ ਸੀ ਕਿ ਕੁਲ ਕਿੰਨੇ ਕੁ ਲੋਕ ਵਾਪਸ ਆ ਰਹੇ ਹਨ। ਉਸ ਸਮੇਂ, ਪੰਜਾਬ ਵਿਚ ਦਾਖ਼ਲੇ ਤੋਂ ਪਹਿਲਾਂ ਮਹਾਰਾਸ਼ਟਰ/ਰਾਜਸਥਾਨ ਸਰਕਾਰਾਂ ਤੋਂ ਮੈਡੀਕਲ ਟੈਸਟਾਂ ਦੀ ਰੀਪੋਰਟ ਲੈਣੀ ਚਾਹੀਦੀ ਸੀ। ਹੁਣ ਇਹ ਦਸਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਟੈਸਟ ਨਹੀਂ ਬਲਕਿ ਬੁਖ਼ਾਰ ਦੀ ਜਾਂਚ ਕੀਤੀ ਗਈ ਹੈ।
File photo
ਦੂਜੀ ਗ਼ਲਤੀ ਪੰਜਾਬ ਸਰਕਾਰ ਦੀ ਇਹ ਹੈ ਕਿ 40 ਦਿਨਾਂ ਲਈ ਉਨ੍ਹਾਂ ਕੋਲ ਏਕਾਂਤਵਾਸ ਦੀ ਸਹੂਲਤ ਪੂਰੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਸੀ। ਜੇ ਤਿਆਰੀ ਪੂਰੀ ਹੁੰਦੀ, ਨਿਯਮਾਂ ਦੀ ਸੂਚੀ ਬਣ ਗਈ ਹੁੰਦੀ ਅਤੇ ਰਹਿਣ ਦੀ ਥਾਂ ਮਰਦਾਂ, ਔਰਤਾਂ ਅਤੇ ਪ੍ਰਵਾਰਾਂ ਵਾਸਤੇ ਵਖਰੀ ਹੁੰਦੀ ਤੇ ਯਾਤਰੀਆਂ ਨੂੰ ਪਹਿਲਾਂ ਹੀ ਦਸ ਦਿਤਾ ਜਾਂਦਾ ਕਿ ਤੁਸੀ ਪੰਜਾਬ ਪਹੁੰਚ ਕੇ ਅਜੇ ਵੀ 14 ਜਾਂ 21 ਦਿਨਾਂ ਵਾਸਤੇ ਘਰ ਨਹੀਂ ਜਾ ਸਕਦੇ ਤਾਂ ਉਥੋਂ ਚਲਣ ਤੋਂ ਪਹਿਲਾਂ ਹੀ ਤਿਆਰ ਹੋ ਕੇ ਆਉਂਦੇ ਕਿ ਉਹ ਕਿਥੇ ਅਤੇ ਕਿਨ੍ਹਾਂ ਸ਼ਰਤਾਂ ਅਧੀਨ ਪੰਜਾਬ ਵਿਚ ਜਾ ਰਹੇ ਹਨ, ਫਿਰ ਉਨ੍ਹਾਂ ਨੂੰ ਸਦਮਾ ਨਾ ਲਗਦਾ। ਉਨ੍ਹਾਂ ਦੇ ਰਹਿਣ ਵਾਸਤੇ ਸਾਫ਼-ਸੁਥਰੀ ਥਾਂ ਤਿਆਰ ਹੋਣੀ ਚਾਹੀਦੀ ਸੀ ਜਿਥੇ ਉਹ ਚਾਹੁਣ ਤਾਂ ਅਪਣਾ ਖਾਣਾ ਵੀ ਆਪ ਬਣਾ ਸਕਣ। ਜਿਵੇਂ ਸਾਰੇ ਪੰਜਾਬ ਨੂੰ ਅਪਣਾ ਰਾਸ਼ਨ ਖ਼ਰੀਦਣ ਦੀ ਸਹੂਲਤ ਹੈ, ਇਨ੍ਹਾਂ ਨੂੰ ਵੀ ਇਹ ਸਹੂਲਤ ਮਿਲ ਸਕਦੀ ਸੀ।
ਇਕ ਪਾਸੇ ਇਹ ਕਹਿਣਾ ਵੀ ਬਣਦਾ ਹੈ ਕਿ ਯਾਤਰੀਆਂ ਨੂੰ ਵੀ ਥੋੜ੍ਹਾ ਸਬਰ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਜੰਗ ਦਾ ਮਾਹੌਲ ਹੈ ਅਤੇ ਤਿਆਰ ਕੋਈ ਵੀ ਨਹੀਂ। ਜਿਸ ਤਰ੍ਹਾਂ ਦਾ ਲੰਗਰ ਘਰਾਂ ਵਿਚ ਮਿਲਦਾ ਹੈ, ਉਹ ਸਕੂਲਾਂ ਜਾਂ ਹਸਪਤਾਲਾਂ ਵਿਚ ਨਹੀਂ ਮਿਲਦਾ ਅਤੇ ਇਹੀ ਕੁਰਬਾਨੀ ਕੋਰੋਨਾ ਦੀ ਜੰਗ ਮੰਗਦੀ ਹੈ। 40 ਦਿਨਾਂ ਤੋਂ ਘਰਾਂ ਦੇ ਕਮਰਿਆਂ ਵਿਚ ਬੰਦ ਛੋਟੇ-ਛੋਟੇ ਬੱਚੇ ਵੀ ਇਸ ਜੰਗ ਦੇ ਮਜਬੂਰਨ ਸਿਪਾਹੀ ਬਣੇ ਹੋਏ ਹਨ। ਜਿਹੜੇ ਸਿਆਸਤਦਾਨਾਂ ਨੂੰ ਯਾਤਰੀਆਂ ਦੇ ਰਹਿਣ ਉਤੇ ਇਤਰਾਜ਼ ਹੈ, ਚੰਗਾ ਹੋਵੇਗਾ ਕਿ ਉਹ ਅਪਣੇ ਘਰਾਂ, ਹੋਟਲਾਂ, ਫ਼ਾਰਮ ਹਾਊਸਾਂ ਨੂੰ ਖੋਲ੍ਹ ਕੇ ਮਦਦ ਵਾਸਤੇ ਅੱਗੇ ਆਉਣ। ਇਸ ਸਾਰੇ ਮਾਮਲੇ ਵਿਚ ਸਾਡੀ ਇਕ-ਦੂਜੇ ਵਿਰੁਧ ਚੱਲਣ ਦੀ ਸੋਚ ਸਾਨੂੰ ਕਮਜ਼ੋਰ ਵੀ ਕਰ ਰਹੀ ਹੈ ਬਦਨਾਮ ਅਤੇ ਦਿਗਵਿਜੈ ਸਿੰਘ ਵਰਗੇ ਲੋਕ ਸਿੱਖਾਂ ਨੂੰ ਤਬਲੀਗ਼ੀ ਜਮਾਤ ਨਾਲ ਮੇਲ ਰਹੇ ਹਨ। -ਨਿਮਰਤ ਕੌਰ