
ਭਾਰਤ ਵਲੋਂ ਸਿੰਧ, ਚਨਾਬ ਤੇ ਜਿਹਲਮ ਦੇ ਪਾਣੀਆਂ ਨਾਲ ਜੁੜੀ ਸਿੰਧੂ ਜਲ ਸੰਧੀ ਦੀ ਮੁਅੱਤਲੀ ਸਿੱਧੀ ਜੰਗ ਲੜੇ ਬਿਨਾਂ ਹੀ ਕਾਰਗਰ ਹਥਿਆਰ ਸਾਬਤ ਹੋਣੀ ਸ਼ੁਰੂ ਹੋ ਚੁੱਕੀ ਹੈ।
Editorial: ਪਾਕਿਸਤਾਨ ਵਲੋਂ ਭਾਰਤ ਖ਼ਿਲਾਫ਼ ਪਰਮਾਣੂ ਹਥਿਆਰ ਵਰਤੇ ਜਾਣ ਦੀ ਧਮਕੀਆਂ ਮੰਦਭਾਗਾ ਰੁਝਾਨ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਸੀ ਕਿ ਜੇਕਰ ਭਾਰਤ, ਪਾਕਿਸਤਾਨੀ ਭੂਮੀ ’ਤੇ ਹਮਲਾ ਕਰਦਾ ਹੈ ਤਾਂ ਉਸ ਮੁਲਕ ਵਲੋਂ ਪਰਮਾਣੂ ਹਥਿਆਰ ਵਰਤਣ ਤੋਂ ਪਰਹੇਜ਼ ਨਹੀਂ ਕੀਤਾ ਜਾਵੇਗਾ।
ਡਾਰ ਦਾ ਕਹਿਣਾ ਸੀ : ‘‘ਅਸੀਂ ਇਹ ਹਥਿਆਰ ਸਜਾਵਟ ਲਈ ਨਹੀਂ ਬਣਾਏ ਹੋਏ। ਵਰਤਣ ਲਈ ਬਣਾਏ ਹਨ।’’ ਹੁਣ ਰੂਸ ਵਿਚ ਪਾਕਿਸਤਾਨੀ ਸਫ਼ੀਰ, ਮੁਹੰਮਦ ਖ਼ਾਲਿਦ ਜਮਾਲੀ ਨੇ ਵੀ ਇਸੇ ਕਿਸਮ ਦੀ ਧਮਕੀ ਦਿਤੀ ਹੈ। ਸਨਿਚਰਵਾਰ ਨੂੰ ਰੂਸ ਦੇ ਸਰਕਾਰੀ ਟੈਲੀਵਿਜ਼ਨ ‘ਰਸ਼ੀਆ ਟੂਡੇ’ (ਆਰ.ਟੀ) ਨਾਲ ਇਕ ਇੰਟਰਵਿਊ ਵਿਚ ਜਮਾਲੀ ਨੇ ਕਿਹਾ ਕਿ ਭਾਰਤ ਵਲੋਂ ਹਮਲਾ ਕੀਤੇ ਜਾਣ ਜਾਂ ਦਰਿਆਈ ਪਾਣੀ ਰੋਕੇ ਜਾਣ ਦੀ ਸੂਰਤ ਵਿਚ ਪਾਕਿਸਤਾਨ ਰਵਾਇਤੀ ਹਥਿਆਰ ਵੀ ਵਰਤੇਗਾ ਅਤੇ ਪਰਮਾਣੂ ਵੀ।
ਉਸ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਕੋਲ ਇਹ ਨਿੱਗਰ ਜਾਣਕਾਰੀ ਮੌਜੂਦ ਹੈ ਕਿ ‘‘ਅਗਲੇ ਕੁਝ ਦਿਨਾਂ ਦੌਰਾਨ ਭਾਰਤ, ਪਾਕਿਸਤਾਨ ਉਪਰ ਜਾਂ ਤਾਂ ਹਵਾਈ ਹਮਲਾ ਕਰੇਗਾ ਅਤੇ ਜਾਂ ਜ਼ਮੀਨੀ ਹਮਲਾ। ਇਸ ਦੇ ਟਾਕਰੇ ਲਈ ਪਾਕਿਸਤਾਨ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਇੱਟ ਦਾ ਜਵਾਬ ਪੱਥਰ ਨਾਲ ਦਿਤਾ ਜਾਵੇਗਾ।’’
ਅਜਿਹੀ ਜੰਗਬਾਜ਼ਾਨਾ ਬਿਆਨਬਾਜ਼ੀ ਹੁਕਮਰਾਨ ਧਿਰਾਂ ਅਪਣੇ ਹਮਾਇਤੀਆਂ ਦੇ ਹਉਮੈ ਨੂੰ ਪੱਠੇ ਪਾਉਣ ਵਾਸਤੇ ਅਕਸਰ ਕਰਦੀਆਂ ਆਈਆਂ ਹਨ, ਪਰ ਪਾਕਿਸਤਾਨ ਦੇ ਪ੍ਰਸੰਗ ਵਿਚ ਇਸ ਬਿਆਨਬਾਜ਼ੀ ਦੀ ਅਹਿਮੀਅਤ ਤੇ ਅਰਥ ਕੁਝ ਵੱਖਰੇ ਹਨ। ਉਸ ਮੁਲਕ ਵਲੋਂ ਵਾਰ-ਵਾਰ ਪਰਮਾਣੂ ਹਥਿਆਰਾਂ ਦਾ ਜ਼ਿਕਰ ਕੀਤੇ ਜਾਣਾ ਪੱਛਮੀ ਤਾਕਤਾਂ ਨੂੰ ਵਿਚੋਲਗਿਰੀ ਲਈ ਆਕਰਸ਼ਿਤ ਕਰਨ ਦਾ ਵਸੀਲਾ ਪਹਿਲਾਂ ਵੀ ਬਣਿਆ ਰਿਹਾ ਹੈ ਅਤੇ ਹੁਣ ਵੀ ਇਹ ਅਜਿਹੀ ਹੀ ਇਕ ਚਾਲ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਇਸ ਵੇਲੇ ਦੁਨੀਆਂ ਵਿਚ ਇਕ ਨਹੀਂ, ਕਈ ਯੁੱਧ ਚੱਲ ਰਹੇ ਹਨ।
ਇਜ਼ਰਾਈਲ, ਗਾਜ਼ਾ ਪੱਟੀ ਉਤੇ ਕਹਿਰ ਢਾਉਣੋਂ ਨਹੀਂ ਹਟ ਰਿਹਾ। ਇਹੋ ਕੁਝ ਰੂਸ, ਯੂਕਰੇਨ ਨਾਲ ਕਰ ਰਿਹਾ ਹੈ। ਡੋਨਲਡ ਟਰੰਪ ਦੀਆਂ ਟੈਰਿਫ਼ ਨੀਤੀਆਂ ਨੇ ਕੌਮਾਂਤਰੀ ਵਪਾਰਕ ਤੇ ਵਿੱਤੀ ਮੰਡੀਆਂ ਵਿਚ ਖਲਬਲੀ ਮਚਾਈ ਹੋਈ ਹੈ। ਅਫ਼ਰੀਕਾ ਦੇ ਘੱਟੋਘਟ ਪੰਜ ਮੁਲਕ ਅੰਦਰੂਨੀ ਵਿਦਰੋਹਾਂ ਤੇ ਬਾਗ਼ੀਆਨਾ ਸਰਗਰਮੀਆਂ ਨਾਲ ਜੂਝਦੇ ਆ ਰਹੇ ਹਨ। ਜੁੱਗਗ਼ਰਦੀ ਤੇ ਆਪਾਧਾਪੀ ਵਾਲੇ ਇਸ ਮਾਹੌਲ ਵਿਚ ਪਾਕਿਸਤਾਨ ਦੀਆਂ ਧਮਕੀਆਂ ਨੂੰ ਤਵੱਜੋ ਓਨੀ ਨਹੀਂ ਮਿਲ ਰਹੀ ਜਿੰਨੀ ਉਹ ਚਾਹੁੰਦਾ ਸੀ।
ਇਸੇ ਕਾਰਨ ਉਸ ਦੀਆਂ ਧਮਕੀਆਂ ਦੀ ਸ਼ਿੱਦਤ ਵਧਦੀ ਜਾ ਰਹੀ ਹੈ। ਉਹ ਕਦੇ ਹਵਾਈ ਹਮਲੇ ਦਾ ਖ਼ੌਫ਼ ਪੈਦਾ ਕਰਨ ਵਾਸਤੇ ਅਪਣਾ ਹਵਾਈ ਮੰਡਲ ਕੌਮਾਂਤਰੀ ਉਡਾਣਾਂ ਲਈ ਬੰਦ ਕਰਦਾ ਹੈ ਅਤੇ ਕਦੇ ਅਰਬ ਸਾਗਰ ਵਿਚ ਕਰਾਚੀ ਨੇੜੇ ਜੰਗੀ ਮਸ਼ਕਾਂ ਦਾ ਅਭਿਆਸ ਕਰਦਾ ਹੈ (ਇਸ ਤੋਂ ਅੱਗੇ ਉਸ ਦੇ ਜੰਗੀ ਬੇੜੇ ਜਾ ਨਹੀਂ ਸਕਦੇ)। ਉਸ ਅੰਦਰਲੀ ਇਸ ਕਿਸਮ ਦੀ ਬੇਚੈਨੀ ਦਾ ਭਾਰਤ ਨੂੰ ਲਾਭ ਲੈਣਾ ਚਾਹੀਦਾ ਹੈ, ਪਰ ਸਿੱਧੀ ਜੰਗ ਰਾਹੀਂ ਨਹੀਂ।
ਭਾਰਤ ਵਲੋਂ ਸਿੰਧ, ਚਨਾਬ ਤੇ ਜਿਹਲਮ ਦੇ ਪਾਣੀਆਂ ਨਾਲ ਜੁੜੀ ਸਿੰਧੂ ਜਲ ਸੰਧੀ ਦੀ ਮੁਅੱਤਲੀ ਸਿੱਧੀ ਜੰਗ ਲੜੇ ਬਿਨਾਂ ਹੀ ਕਾਰਗਰ ਹਥਿਆਰ ਸਾਬਤ ਹੋਣੀ ਸ਼ੁਰੂ ਹੋ ਚੁੱਕੀ ਹੈ। ਚਨਾਬ ਦਰਿਆ ’ਤੇ ਬਗਲੀਹਰ ਡੈਮ ਦੇ ਸਾਲਿਊਸ ਗੇਟ 30 ਫ਼ੀ ਸਦੀ ਨੀਵੇਂ ਕੀਤਾ ਜਾ ਚੁੱਕੇ ਹਨ। ਜਿਹਲਮ ਦਰਿਆ ’ਤੇ ਸਥਿਤ ਕਿਸ਼ਨਗੰਗਾ ਪਣ-ਬਿਜਲੀ ਪ੍ਰਾਜੈਕਟ ਦੇ ਗੇਟ ਵੀ ਅਜ-ਭਲਕ ਬੰਦ ਹੋਣ ਦੀ ਸੰਭਾਵਨਾ ਹੈ। ਚਨਾਬ ’ਤੇ ਸਲਾਲ ਪਣ ਬਿਜਲੀ ਪ੍ਰਾਜੈਕਟ ਨੂੰ ਪਾਣੀ ਜ਼ਖੀਰਾਬੰਦ ਕਰਨ ਵਾਲੇ ਡੈਮ (ਸਟੋਰੇਜ ਡੈਮ) ਦੀ ਥਾਂ ਸਿਰਫ਼ ਪਣ-ਬਿਜਲੀ ਪ੍ਰਾਜੈਕਟ ਵਿਚ ਬਦਲਣ ਦਾ ਫ਼ੈਸਲਾ 2016 ਵਿਚ ਪਾਕਿਸਾਤਾਨ ਵਲੋਂ ਵਿਸ਼ਵ ਜਲ ਟ੍ਰਿਬਿਊਨ ਕੋਲ ਜਾਣ ਕਾਰਨ ਲਿਆ ਗਿਆ ਸੀ; ਹੁਣ ਉਸ ਨੂੰ ਉਲਟਾ ਕੇ ਫਿਰ ਸਟੋਰੇਜ ਡੈਮ ਵਿਚ ਬਦਲੇ ਜਾਣ ਦੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।
ਸਿੰਧ ਦਰਿਆ ’ਤੇ ਤਿੰਨ ਛੋਟੇ ਡੈਮਾਂ ਵਿਚੋਂ ਗ਼ਾਰ ਕੱਢਣ ਦਾ ਕੰਮ ਖ਼ਤਮ ਕਰ ਕੇ ਉਨ੍ਹਾਂ ਨੂੰ ਨਵੇਂ ਸਿਰਿਉਂ ਭਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਹ ਸਾਰੇ ਪ੍ਰਾਜੈਕਟ ਭਾਵੇਂ ਦਰਿਆਈ ਪਾਣੀਆਂ ਦੀ ‘ਇਕ ਬੂੰਦ ਵੀ ਪਾਕਿਸਤਾਨ ਨਾ ਜਾਣ ਦੇਣ’ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵਿਆਂ ਤੇ ਧਮਕੀਆਂ ਦਾ ਆਧਾਰ ਹਨ, ਫਿਰ ਵੀ ਪੰਜਾਬ ਦੇ ਰਾਵੀ ਦਰਿਆ ਦੇ ਪਾਣੀ ਦਾ 46 ਫ਼ੀ ਸਦੀ ਹਿੱਸਾ ਅਜੇ ਵੀ ਪਾਕਿਸਤਾਨ ਜਾ ਰਿਹਾ ਹੈ। ਤਵੱਜੋ ਇਸ ਨੂੰ ਰੋਕੇ ਜਾਣ ਵਲ ਵੀ ਦਿਤੀ ਜਾਣੀ ਚਾਹੀਦੀ ਹੈ। ਇਹ ਸਾਰਾ ਦ੍ਰਿਸ਼ਕ੍ਰਮ ਇਹੋ ਦਰਸਾਉਂਦਾ ਹੈ ਕਿ ਜਦੋਂ ਪਾਣੀਆਂ ਦੀ ਵਰਤੋਂ ਨਾਲ ਜੰਗ ਜਿੱਤੀ ਜਾ ਸਕਦੀ ਹੈ, ਉਦੋਂ ਗੋਲੀਆਂ ਤੇ ਗੋਲਿਆਂ ਦੀ ਵਰਤੋਂ ਕਿਉਂ?