
ਅਕਸਰ ਅੰਗਰੇਜ਼ੀ ਮੀਡੀਆ ਆਖਦਾ ਹੈ ਕਿ ਭਾਸ਼ਾਈ ਅਖ਼ਬਾਰਾਂ ਦੇ ਪੱਤਰਕਾਰ, ਪੱਤਰਕਾਰੀ ਦਾ ਕੰਮ ਘੱਟ ਅਤੇ ਬਲੈਕਮੇਲ ਜ਼ਿਆਦਾ ਕਰਦੇ ਹਨ।
ਭਾਰਤ ਵਿਚ ਸਨਸਨੀਖ਼ੇਜ਼ ਤੇ ਨਿਰਣਾਇਕ ਪੱਤਰਕਾਰੀ ਦੇ ਪਿਤਾਮਾ ਵਜੋਂ ਮੰਨੇ ਜਾਂਦੇ ਤਾਕਤਵਰ ਪੱਤਰਕਾਰ ਅਰਨਬ ਗੋਸਵਾਮੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ 14 ਦਿਨ ਦੇ ਰੀਮਾਂਡ ਉਤੇ ਜੇਲ ਭੇਜ ਦਿਤਾ ਹੈ। ਅਰਨਬ ਦਾ ਜੇਲ ਜਾਣਾ ਸੁਸ਼ਾਂਤ ਸਿੰਘ ਕੇਸ ਕਾਰਨ ਸੰਭਵ ਨਹੀਂ ਹੋਇਆ, ਉਸ ਨੂੰ ਰੀਆ ਚੱਕਰਵਰਤੀ ਵਿਰੁਧ ਇਕ ਦੁਸ਼ਟ ਸ਼ਿਕਾਰੀ ਪੱਤਰਕਾਰੀ ਕਰਨ ਸਦਕਾ ਵੀ ਜੇਲ ਨਹੀਂ ਭੇਜਿਆ ਗਿਆ।
Journalism
ਅਰਨਬ ਗੋਸਵਾਮੀ ਨੂੰ 2018 ਦੇ ਇਕ ਖ਼ੁਦਕੁਸ਼ੀ ਕੇਸ ਵਿਚ ਜੇਲ ਭੇਜਿਆ ਗਿਆ ਹੈ। ਇਸ ਕੇਸ ਵਿਚ ਅਨਵੇ ਨਾਇਕ ਨਾਮ ਦੇ ਇਕ ਸ਼ਖ਼ਸ ਅਤੇ ਉਸ ਦੀ ਮਾਂ ਨੇ ਖ਼ੁਦਕੁਸ਼ੀ ਕੀਤੀ ਤੇ ਮਰਨ ਸਮੇਂ ਅਪਣੀ ਚਿੱਠੀ ਵਿਚ ਅਰਨਬ ਗੋਸਵਾਮੀ ਦਾ ਨਾਮ ਲਿਖ ਦਿਤਾ ਜਿਸ ਨੇ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿਤਾ ਸੀ।
Arnab Goswami
ਨਾਇਕ ਨੇ ਅਰਨਬ ਦੀ ਨਫ਼ਰਤੀ ਤੇ ਨਿਰਣਾਇਕ ਪੱਤਰਕਾਰੀ ਸਦਕੇ ਖ਼ੁਦਕੁਸ਼ੀ ਨਹੀਂ ਸੀ ਕੀਤੀ ਸਗੋਂ ਅਰਨਬ ਵਲੋਂ ਨਾਇਕ ਦੇ 5 ਕਰੋੜ ਰੁਪਏ ਵਾਪਸ ਨਾ ਕੀਤੇ ਗਏ ਜਿਸ ਕਾਰਨ ਉਹ ਤਬਾਹ ਹੋ ਗਿਆ ਸੀ। ਇਹ ਮਾਮਲਾ ਨਾਇਕ ਦੀ ਪਤਨੀ ਦੇ ਜ਼ੋਰ ਦੇਣ ਤੇ ਦੁਬਾਰਾ ਖੁਲ੍ਹਵਾਇਆ ਗਿਆ ਹੈ ਤੇ ਅਦਾਲਤ ਨੇ ਵੀ ਅਰਨਬ ਨੂੰ ਇਸ ਕੇਸ ਵਿਚ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ।
Anvay Naik
ਪਰ ਪ੍ਰਾਪੇਗੰਡਾ ਇਹ ਕੀਤਾ ਜਾ ਰਿਹਾ ਹੈ ਕਿ ਅਰਨਬ ਗੋਸਵਾਮੀ ਨੂੰ ਅਪਣੀ ਉੱਚੀ ਸੁਰ ਵਾਲੀ ਪੱਤਰਕਾਰੀ ਕਾਰਨ ਸਜ਼ਾ ਭੁਗਤਣੀ ਪੈ ਰਹੀ ਹੈ। ਅਰਨਬ ਤੇ ਉਸ ਦੇ ਚੈਨਲ ਨੇ ਸ਼ਿਵ ਸੈਨਾ ਦਾ ਨਾਂ ਲੈ ਕੇ ਆਖਿਆ ਕਿ ਅਰਨਬ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਪਰ ਵੀਡੀਉ ਨੇ ਦਸ ਦਿਤਾ ਕਿ ਪੁਲਿਸ ਹੱਥ ਜੋੜਦੇ ਜੋੜਦੇ ਥੱਕ ਗਈ ਸੀ, ਸੋ ਉਹ ਅਰਨਬ ਨੂੰ ਚੁਕਣ ਵਾਸਤੇ ਮਜਬੂਰ ਹੋ ਗਈ ਸੀ।
Arnab Goswami
ਇਹ ਗੱਲ ਵੇਖ ਕੇ ਮ੍ਰਿਤਕ ਦੀ ਪਤਨੀ ਵਲੋਂ ਇਕ ਸਵਾਲ ਪੁਛਿਆ ਗਿਆ,''ਕੀ ਅਰਨਬ ਗੋਸਵਾਮੀ ਰੱਬ ਹੈ?'' ਉਸ ਉਤੇ ਇਸ ਤਰ੍ਹਾਂ ਦੀ ਦਇਆ ਦ੍ਰਿਸ਼ਟੀ ਕਿਉਂ ਕੀਤੀ ਜਾ ਰਹੀ ਹੈ? ਅੱਜ ਸਾਰੇ ਚੈਨਲਾਂ ਦੀ ਡੀਬੇਟ ਇਸ ਮੁੱਦੇ ਤੇ ਚੁੱਪ ਹੈ, ਭਾਵੇਂ ਮੀਡੀਆ ਨੇ ਹੀ ਸੁਸ਼ਾਂਤ ਦੀ ਖ਼ੁਦਕੁਸ਼ੀ ਵੇਲੇ, ਬਿਨਾਂ ਕਿਸੇ ਚਿੱਠੀ ਦੇ, ਰੀਆ ਚੱਤਰਵਰਤੀ ਨੂੰ ਕਾਤਲ ਬਣਾ ਦਿਤਾ ਸੀ। ਕਈ ਰਸਾਲਿਆਂ ਅਖ਼ਬਾਰਾਂ ਵਲੋਂ ਪੱਤਰਕਾਰਾਂ ਵਿਰੁਧ ਸਖ਼ਤੀ ਵਰਤਣ ਬਾਰੇ ਗੱਲ ਆਖੀ ਜਾ ਰਹੀ ਹੈ।
Sushant Singh Rajput Case
ਮੀਡੀਆ ਦੀ ਆਜ਼ਾਦੀ ਬਾਰੇ ਗੱਲ ਆਖੀ ਜਾ ਰਹੀ ਹੈ। ਪਰ ਅਸਲ ਵਿਚ ਅਸ਼ਤਾ ਨਾਇਕ ਦੇ ਸਵਾਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਕਿ ਕੀ ਇਕ ਪੱਤਰਕਾਰ ਰੱਬ ਹੁੰਦਾ ਹੈ? ਕੀ ਅਰਨਬ ਗੋਸਵਾਮੀ ਵਲੋਂ ਕਿਸੇ ਦਾ ਪੈਸਾ ਨਾ ਚੁਕਾਉਣਾ ਤੇ ਫਿਰ ਅਪਣੇ ਪੇਸ਼ੇ ਦੀ ਤਾਕਤ ਦਾ ਇਸਤੇਮਾਲ ਕਰ ਕੇ ਉਸ ਨੂੰ ਸਤਾਉਣਾ, ਗੁਨਾਹ ਨਹੀਂ? ਕੀ ਪੱਤਰਕਾਰਾਂ ਦੀ 'ਗੁੰਡਾਗਰਦੀ' ਕਾਨੂੰਨ ਦੇ ਦਾਇਰੇ ਤੋਂ ਬਾਹਰ ਕਰ ਦਿਤੀ ਗਈ ਹੈ?
Rhea Chakraborty
ਜਦ ਪੱਤਰਕਾਰ ਅਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਕਿਸੇ ਦੀ ਜ਼ਿੰਦਗੀ ਨੂੰ ਨਰਕ ਬਣਾਉਂਦਾ ਹੈ ਤਾਂ ਫਿਰ ਇਹ ਮੀਡੀਆ ਦੀ ਆਜ਼ਾਦੀ ਦਾ ਨਹੀਂ, ਮੀਡੀਆ ਵਲੋਂ ਅਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਮਾਮਲਾ ਬਣ ਜਾਂਦਾ ਹੈ। ਅਕਸਰ ਅੰਗਰੇਜ਼ੀ ਮੀਡੀਆ ਆਖਦਾ ਹੈ ਕਿ ਭਾਸ਼ਾਈ ਅਖ਼ਬਾਰਾਂ ਦੇ ਪੱਤਰਕਾਰ, ਪੱਤਰਕਾਰੀ ਦਾ ਕੰਮ ਘੱਟ ਅਤੇ ਬਲੈਕਮੇਲ ਜ਼ਿਆਦਾ ਕਰਦੇ ਹਨ।
Journalist
ਪਰ ਇਥੇ ਤਾਂ ਇਕ ਅੰਗਰੇਜ਼ੀ ਰਾਸ਼ਟਰੀ ਚੈਨਲ ਦੇ ਸੰਪਾਦਕ ਹੀ ਬਲੈਕਮੇਲ ਦਾ ਕੰਮ ਕਰ ਰਹੇ ਹਨ। ਇਹੀ ਰਵਈਆ ਹਰ ਤਾਕਤਵਰ ਇਨਸਾਨ ਕਰ ਰਿਹਾ ਹੈ। ਹਾਲ ਹੀ ਵਿਚ ਪੰਜਾਬ ਵਿਚ ਇਕ ਪੁਲਿਸ ਕਰਮਚਾਰੀ ਵਲੋਂ ਸਤਾਏ ਜਾਣ ਕਾਰਨ ਅੰਮ੍ਰਿਤਸਰ ਵਿਚ ਦੋ ਜੀਆਂ ਨੇ ਖ਼ੁਦਕੁਸ਼ੀ ਕੀਤੀ। ਵਰਦੀ ਤੇ ਦਾਗ਼ ਲਗਾਉਣਾ ਸੌਖਾ ਨਹੀਂ ਹੁੰਦਾ ਪਰ ਉਸ ਵਰਦੀ ਦੀ ਆੜ ਵਿਚ ਏ.ਐਸ.ਆਈ ਹੀ ਕਾਤਲ ਬਣ ਗਈ ਸੀ।
Arnab Goswami
ਇਹ ਸਾਡੀ ਜ਼ਿੰਦਗੀ ਵਿਚ ਹਰ ਵਰਗ ਨਾਲ ਹੁੰਦਾ ਹੈ। ਜਦ ਵੀ ਕਿਸੇ ਨੂੰ ਦਾਇਰੇ ਵਿਚੋਂ ਬਾਹਰ ਨਿਕਲ ਕੇ ਤਾਕਤ ਵਿਖਾਉਣ ਦੀ ਹਿੰਮਤ ਨੂੰ ਕਾਬੂ ਹੇਠ ਨਾ ਰਖਿਆ ਜਾਵੇ, ਉਹ ਤਬਾਹੀ ਮਚਾਉਂਦਾ ਹੀ ਮਚਾਉਂਦਾ ਹੈ। ਅਰਨਬ ਗੋਸਵਾਮੀ ਨੂੰ ਨਫ਼ਰਤ ਫੈਲਾਉਣ ਵਾਸਤੇ ਸਿਰਫ਼ ਸਿਆਸੀ ਸ਼ਹਿ ਹੀ ਨਹੀਂ ਸਗੋਂ ਭਾਰਤ ਦੇ ਘਰ-ਘਰ ਵਿਚੋਂ ਉਤਸ਼ਾਹ ਮਿਲਿਆ। ਅਰਨਬ ਗੋਸਵਾਮੀ ਬਾਰੇ ਜੇ ਕਦੇ ਸੱਚੀ ਜਾਂਚ ਹੋਵੇ ਤਾਂ ਇਲਜ਼ਾਮ ਸਿਰਫ਼ ਨਾਇਕ ਜਾਂ ਰੀਆ ਚੱਕਰਵਰਤੀ ਤਕ ਸੀਮਤ ਨਹੀਂ ਰਹਿਣਗੇ। ਸੋ ਅੱਜ ਦੇਸ਼ ਦਾ ਕਾਨੂੰਨ ਆਖਦਾ ਹੈ ਕਿ ਅਰਨਬ ਨੂੰ ਇਕ ਆਮ ਅਪਰਾਧੀ ਵਜੋਂ ਜਾਚਿਆ ਜਾਵੇ, ਇਕ ਪੱਤਰਕਾਰ ਵਜੋਂ ਨਹੀਂ। - ਨਿਮਰਤ ਕੌਰ