
ਪੰਜਾਬ ਦੇ ਨੌਜਵਾਨ ਜੋ ਅੱਜ ਇਸ ਅੰਦੋਲਨ ਦੀ ਤਾਕਤ ਬਣੀ ਬੈਠੇ ਹਨ।
ਨਵੀਂ ਦਿੱਲੀ : ਕਿਸਾਨ ਅੰਦੋਲਨ ਦੇ ਬੜੇ ਅਨੋਖੇ ਰੰਗ ਦਿਸ ਰਹੇ ਹਨ ਜਿਨ੍ਹਾਂ ਬਾਰੇ ਅਨੋਖੇ ਸਵਾਲ ਵੀ ਉਠ ਰਹੇ ਹਨ। ਸੱਤਾ ਤੇ ਕਾਬਜ਼ ਰਹਿ ਚੁੱਕੇ ਪੁਰਾਣੇ ਸਿਆਸੀ ਖਿਡਾਰੀ ਖਿਝੇ ਹੋਏ ਅੰਦਾਜ਼ ਵਿਚ ਪੁਛ ਰਹੇ ਹਨ ਕਿ ‘‘ਕੌਣ ਹੈ ਲੱਖਾ ਸਿਧਾਣਾ ਜੋ ਅੱਜ ਦੇ ਵੱਡੇ ਸਿਆਸਤਦਾਨਾਂ ਨੂੰ ਸਵਾਲ ਕਰਦਾ ਹੈ? ਇਹ ਤਾਂ ਕਿਸੇ ਸਮੇਂ ਧੜਵੈਲ ਤੇ ਗੈਂਗਸਟਰ ਹੁੰਦਾ ਸੀ ਤੇ ਹੁਣ ਸਿਆਣਾ ਕਿਥੋਂ ਬਣ ਗਿਆ? ਕੌਣ ਹੈ ਦੀਪ ਸਿੱਧੂ? ਇਕ ਕਲਾਕਾਰ? ਇਸ ਦੀ ਔਕਾਤ ਕੀ ਹੈ ਕਿ ਇਹ ਪੰਜਾਬ ਦੇ ਹਿਤਾਂ ਬਾਰੇ ਗੱਲ ਕਰੇ? ਕੌਣ ਹੈ ਸਿਮਰਨਜੋਤ ਗਿੱਲ? ਇਕ 30 ਸਾਲ ਦੀ ਵਕੀਲਣੀ ਜੋ ਮਰਦਾਂ ਦੇ ਇਸ ਅਖਾੜੇ ਵਿਚ ਇਕੱਲੀ ਆ ਕੇ ਸਵਾਲ ਪੁਛਣ ਦੀ ਜੁਰਅਤ ਕਰਦੀ ਹੈ? ਕੌਣ ਹਨ ਬੀਰ ਸਿੰਘ, ਕੰਵਰ ਗਰੇਵਾਲ ਅਤੇ ਤੇਜਿੰਦਰ ਸਿੰਘ ਪੋਖਾਰੀਆ ਵਰਗੇ ਜੇ ਅਪਣੇ ਆਪ ਨੂੰ ਇਸ ਅੰਦੋਲਨ ਵਿਚ ਚੌਧਰੀ ਬਣਾਈ ਬੈਠੇ ਹਨ?’’ ਆਦਿ ਆਦਿ।
Farmer protest
ਇਹ ਹਨ ਪੰਜਾਬ ਦੇ ਨੌਜਵਾਨ ਜੋ ਅੱਜ ਇਸ ਅੰਦੋਲਨ ਦੀ ਤਾਕਤ ਬਣੀ ਬੈਠੇ ਹਨ। ਲੱਖਾ ਸਿਧਾਣਾ ਬਾਰੇ ਸਵਾਲ ਚੁਕਣ ਵਾਲੇ ਅਕਾਲੀਆਂ ਨੂੰ ਤਾਂ ਅੱਜ ਬੀਬੀ ਜਗੀਰ ਕੌਰ ਵਲੋਂ ਸਿੱਖ ਇਤਿਹਾਸ ਦੀਆਂ ‘ਪ੍ਰਾਇਮਰੀ’ ਜਮਾਤਾਂ ਵਿਚ ਭੇਜ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਬਾਬੇ ਨਾਨਕ ਤੇ ਕੌਡੇ ਰਾਖ਼ਸ਼ਸ ਦੀ ਕਹਾਣੀ ਸੁਣਾਉਣ ਦੀ ਲੋੜ ਹੈ। ਬਾਬੇ ਨਾਨਕ ਨੇ ਇਕ ਕਾਤਲ ਰਾਖ਼ਸ਼ਸ ਨੂੰ ਇਨਸਾਨੀਅਤ ਸਿਖਾ ਦਿਤੀ ਸੀ ਪਰ ਅਕਾਲੀ ਬੁਲਾਰੇ ਇਕ ਭੁੱਲੇ ਭਟਕੇ ਨੌਜਵਾਨ ਨੂੰ ਸਹੀ ਰਾਹ ਚਲਦੇ ਨਹੀਂ ਵੇਖ ਸਕਦੇ। ਸ਼ਾਇਦ ਲੱਖਾ ਸਿਧਾਣਾ ਨੂੰ ਵੀ ਗੁਰੂ ਘਰ ਜਾ ਕੇ ਅਕਾਲੀ ਦਲ ਦੇ ਆਗੂਆਂ ਨਾਲ ਬੈਠ ਕੇ ਹੀ ਜੁੱਤੇ ਸਾਫ਼ ਕਰ ਦੇਣੇ ਚਾਹੀਦੇ ਸਨ ਤੇ ਭਾਂਡੇ ਮਾਂਜ ਲੈਣੇ ਚਾਹੀਦੇ ਸਨ। ਕਲ ਦੇ ਅਕਾਲੀ ਹੁਕਮਰਾਨਾਂ ਨੂੰ ਅਪਣੇ ਥਾਪੇ ‘ਜਥੇਦਾਰਾਂ’ ਰਾਹੀਂ ਪਾਪ ਧੋਣ ਦਾ ਸੌਖਾ ਰਸਤਾ ਸਮਝ ਆਉਂਦਾ ਹੈ ਪਰ ਉਨ੍ਹਾਂ ਨੂੰ ਪਛਤਾਵੇ ਤੇ ਸੁਧਾਰ ਦਾ ਰਸਤਾ ਸਮਝ ਨਹੀਂ ਆਉਂਦਾ।
Bibi Jagir Kaur
ਇਸ ਅੰਦੋਲਨ ਵਿਚ ਅੱਜ ਕਿਸਾਨ ਦੀ ਤਾਕਤ ਕੌਣ ਬਣਿਆ ਹੈ? ਨੌਜਵਾਨ ਹੀ ਤਾਂ ਹਨ ਪਰ ਉਨ੍ਹਾਂ ਨੌਜਵਾਨਾਂ ਨੂੰ ਨੀਂਦ ਤੋਂ ਜਗਾ ਕੇ ਕਿਸਾਨਾਂ ਦੀ ਤਾਕਤ ਬਣਾਉਣ ਵਾਲੇ ਇਹ ਤੇ ਇਨ੍ਹਾਂ ਵਰਗੇ ਸਾਰੇ ਨੌਜਵਾਨ ਹੀ ਹਨ। ਗੀਤਕਾਰ, ਕਲਾਕਾਰ, ਸਮਾਜ ਸੇਵੀ ਨੌਜਵਾਨਾਂ ਨੇ ਉਹ ਕਰ ਵਿਖਾਇਆ ਜਿਸ ਦੀ ਆਸ ਹੀ ਨਹੀਂ ਸੀ। ਪੰਜਾਬ ਦੀ ਜਵਾਨੀ ਰੁਲਣ ਦੀ ਫ਼ਿਕਰ ਤਾਂ ਸੱਭ ਨੂੰ ਸੀ ਪਰ ਬਚਣ ਦਾ ਰਸਤਾ ਕਿਸੇ ਕੋਲ ਨਹੀਂ ਸੀ। ਇਸ ਅੰਦੋਲਨ ਦੀ ਛਤਰੀ ਹੇਠ ਖੜੇ ਹੋ ਕੇ ਹੀ ਇਨ੍ਹਾਂ ਲੋਕਾਂ ਨੇ ਨੌਜਵਾਨਾਂ ਨੂੰ ਨਵਾਂ ਜੀਵਨ ਦਿਤਾ, ਮਕਸਦ ਦਿਤਾ। ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਸਿਮਰਨ ਗਿੱਲ ਤੁਹਾਨੂੰ ਅਕਸਰ ਸੋਸ਼ਲ ਮੀਡੀਆ ’ਤੇ ਨਜ਼ਰ ਆਉਂਦੇ ਹਨ ਤੇ ਸੱਭ ਨਾਲ ਜੁੜੇ ਰਹਿੰਦੇ ਹਨ। ਬੀਰ ਸਿੰਘ, ਕੰਵਰ ਗਰੇਵਾਲ ਤੇ ਤੇਜਵੀਰ ਸਿੰਘ ਅੱਗੇ ਨਹੀਂ ਆਉਂਦੇ ਪਰ ਚੁੱਪ ਚੁੱਪੀਤੇ ਮੋਰਚੇ ਨੂੰ ਭਖਾਈ ਰੱਖਣ ਦੇ ਯਤਨ ਵਿਚ ਜੁਟੇ ਰਹਿੰਦੇ ਹਨ। ਇਨ੍ਹਾਂ ਦੋਵਾਂ ਨੇ ਦਿਨ ਰਾਤ ਇਕ ਕਰ ਦਿਤੇ ਤਾਕਿ ਕਿਸਾਨ ਅੰਦੋਲਨ ਸਫ਼ਲ ਹੋ ਸਕੇ।
Kanwar Grewal
ਨੌਜਵਾਨਾਂ ਦੀ ਗਰਮੀ ਤੇ ਬਜ਼ੁਰਗਾਂ ਦੀ ਠੰਢ ਨੂੰ ਇਕ ਕੋਸੇ ਬਰਤਨ ਵਿਚ ਰਖਣ ਦਾ ਕੰਮ ਇਹ ਦੋਵੇਂ ਕਰਦੇ ਹਨ। ਇਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀ ਬਾਂਹ ਫੜ ਉਨ੍ਹਾਂ ਨੂੰ ਇਕ ਜੁਟ ਰਖਣ ਦੀ ਜ਼ਿੰਮੇਵਾਰੀ ਲਈ ਹੈ। ਉਹ ਇਹ ਵੀ ਧਿਆਨ ਰਖਦੇ ਹਨ ਕਿ ਕੋਈ ਨੌਜਵਾਨ ਗ਼ਲਤ ਕੰਮ ਨਾ ਕਰੇ, ਕੋਈ ਕਿਸੇ ਦੇ ਬਹਿਕਾਵੇ ਵਿਚ ਨਾ ਆ ਜਾਵੇ। ਦਿੱਲੀ ਦੀ ਸਰਹੱਦ ’ਤੇ ਜਾ ਕੇ ਵੀ ਪੰਜਾਬੀਆਂ ਦੀ ਹਉਮੈ ਖ਼ਤਮ ਨਹੀਂ ਹੋਈ ਤੇ ਸੱਭ ਪਾਸੇ ਸ਼ਾਂਤੀ ਤੇ ਸਦਭਾਵ ਬਣਾਈ ਰੱਖਣ ਦਾ ਅਣਥੱਕ ਕੰਮ ਵੀ ਇਹੀ ਕਰਦੇ ਹਨ। ਇਨ੍ਹਾਂ ਦੀ ਯੋਜਨਾਬੰਦੀ ਦਾ ਅੰਦੋਲਨ ਨੂੰ ਇੰਨਾ ਆਸਰਾ ਹੈ ਕਿ ਕਿਸਾਨ ਆਗੂ ਸਿਰਫ਼ ਸਰਕਾਰ ਨਾਲ ਲੜਾਈ ਵਾਸਤੇ ਤਿਆਰੀ ਕਰਦੇ ਹਨ ਪਰ ਇਸ ਸੰਤੁਸ਼ਟੀ ਨਾਲ ਕਿ ਨੌਜਵਾਨਾਂ ਦੀ ਸਾਰੀ ਤਾਕਤ ਉਨ੍ਹਾਂ ਨਾਲ ਖੜੀ ਹੈ।
FARMER PROTEST
ਸਿਮਰਨਜੋਤ ਗਿੱਲ ਇਕੱਲੀ ਕੁੜੀ ਸੀ ਜੋ ਸਟੇਜਾਂ ’ਤੇ ਬੋਲਦੀ ਰਹੀ। ਜਿਸ ਦਿਨ ਕਿਸਾਨਾਂ ਦਾ ਕਾਫ਼ਲਾ ਦਿੱਲੀ ਪਹੁੰਚਿਆ ਤਾਂ ਲੱਖਾਂ ਦੀ ਭੀੜ ਵਿਚ ਇਕ ਪੱਤਰਕਾਰ ਵਜੋਂ ਮੇਰੇ ਤੋਂ ਇਲਾਵਾ, ਅੰਦੋਲਨਕਾਰੀਆਂ ਵਲੋਂ ਸਾਰੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਇਹ ਇਕੱਲੀ ਕੁੜੀ ਹੀ ਸੀ। ਇਸ ਕੁੜੀ ਦੇ ਸਾਹਸ ਸਦਕਾ ਅੱਜ ਹਜ਼ਾਰਾਂ ਕੁੜੀਆਂ ਇਸ ਅੰਦੋਲਨ ਦਾ ਹਿੱਸਾ ਬਣੀਆਂ ਹਨ ਅਤੇ ਇਹ ਇਕ ਵੱਡਾ ਕਾਰਨ ਹੈ ਕਿ ਕਿਸਾਨਾਂ ਤੇ ਵਾਰ ਜਾਂ ਹਮਲਾ ਕਰਨ ਤੋਂ ਪਹਿਲਾਂ ਸਰਕਾਰ ਸੌ ਵਾਰ ਸੋਚੇਗੀ। ਇਨ੍ਹਾਂ ਕੋਲ ਸਿਆਸੀ ਪਾਰਟੀਆਂ ਵਾਂਗ ਕਾਲੇ ਧਨ ਦੇ ਢੇਰ ਨਹੀਂ ਹਨ ਕਿ ਉਹ ਅਪਣੀ ਚੜ੍ਹਤ ਵਾਸਤੇ ਪੈਸੇ ਖ਼ਰਚ ਕਰ ਸਕਣ। ਇਨ੍ਹਾਂ ਕੋਲ ਸਿਰਫ਼ ਸੋਸ਼ਲ ਮੀਡੀਆ ਦੀ ਖੁਲ੍ਹ ਸੀ ਜਿਥੇ ਇਨ੍ਹਾਂ ਨੇ ਅਪਣੇ ਕੰਮ ਤੇ ਕੰਮ ਦੀ ਸਫ਼ਾਈ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਖਿਝੇ ਹੋਏ ਸਾਬਕਾ ਅਕਾਲੀ ਹੁਕਮਰਾਨ ਕਹਿੰਦੇ ਹਨ ਕਿ ਇਨ੍ਹਾਂ ਨੂੰ ਪੰਜਾਬ ਦੇ ਡਿਜੀਟਲ ਚੈਨਲ ਵਿਖਾਉਣਾ ਹੀ ਬੰਦ ਕਰ ਦੇਣ ਕਿਉਂਕਿ ਇਨ੍ਹਾਂ ਦੀ ਹੈਸੀਅਤ ਹੀ ਕੀ ਹੈ? ਪਰ ਇਹੀ ਤਾਂ ਕਿਸਾਨ ਅੰਦੋਲਨ ਲਈ ਊਰਜਾ ਪੈਦਾ ਕਰਨ ਵਾਲੇ ‘ਜਨਰੇਟਰ’ ਹਨ ਤੇ ਕਿਸਾਨ ਅੰਦੋਲਨ ਦੀ ਤਾਕਤ ਹਨ। ਫਿਰ ਇਨ੍ਹਾਂ ਨੂੰ ਕੋਈ ਨਜ਼ਰ ਅੰਦਾਜ਼ ਕਰੇ ਵੀ ਤਾਂ ਕਿਵੇਂ ਕਰੇ?
FARMER PROTEST
ਹਾਂ ਅੱਜ ਸਿਆਸੀ ਆਗੂਆਂ, ਖ਼ਾਸ ਕਰ ਕੇ ਸਾਬਕਾ ਹੁਕਮਰਾਨ ਰਹਿ ਚੁੱਕੇ ਅਕਾਲੀ ਗੱਦੀਦਾਰਾਂ ਨੂੰ ਇਨ੍ਹਾਂ ਦੀ ਵਧਦੀ ਤਾਕਤ ਵੇਖ ਕੇ ਚਿੰਤਾ ਹੋ ਰਹੀ ਹੈ। ਆਖ਼ਰਕਾਰ ਸਿਆਸਤਦਾਨਾਂ ਨੂੰ ਸਿਰਫ਼ ਤੇ ਸਿਰਫ਼ ਚੋਣਾਂ ਤੇ ਵੋਟਾਂ ਹੀ ਨਜ਼ਰ ਆਉਂਦੀਆਂ ਹਨ ਤੇ ਇਨ੍ਹਾਂ ਨੂੰ ਦਿਸ ਰਿਹਾ ਹੈ ਕਿ ਇਹ ਨੌਜਵਾਨ ਆਗੂ ਇਨ੍ਹਾਂ ‘ਵੱਡੇ’ ਸਿਆਸਤਦਾਨਾਂ ਨੂੰ ਚੁਨੌਤੀ ਦੇ ਸਕਦੇ ਹਨ। ਇਹ ਲੋਕ ਜੋ ਅੱਜ ਕਿਸਾਨ ਅੰਦੋਲਨ ਦੀ ਤਾਕਤ ਬਣ ਗਏ ਹਨ, ਆਉਣ ਵਾਲੇ ਸਮੇਂ ਵਿਚ ਇਹ ਲੋਕਤੰਤਰ ਵਿਚ ਵੀ ¬ਕ੍ਰਾਂਤੀ ਲਿਆ ਸਕਦੇ ਹਨ। ਅੱਜ ਇਨ੍ਹਾਂ ਨੌਜਵਾਨਾਂ ਨੇ ਅਪਣੀ ਤਾਕਤ ਕਿਸਾਨ ਆਗੂਆਂ ਨਾਲ ਜੋੜ ਦਿਤੀ ਹੈ ਪਰ ਉਹ ਦਿਨ ਦੂਰ ਨਹੀਂ ਜਦ ਇਹ ਰਵਾਇਤੀ ਆਗੂਆਂ ਲਈ ਚੁਨੌਤੀ ਬਣ ਕੇ ਵੀ ਆਉਣਗੇ, ਇਸ ਲਈ ਸੱਤਾ ਦਾ ਸੁੱਖ ਮਾਣ ਚੁੱਕੇ ਸਿਆਸਤਦਾਨ ਡਰਨ ਲੱਗ ਪਏ ਹਨ। - ਨਿਮਰਤ ਕੌਰ