Editorial: ਅਮਰੀਕੀ ਰਾਸ਼ਟਰਪਤੀ ਦੀ ਜਿੱਤ, ਚੋਣ ਮੰਡਲ ਦੀਆਂ ਵੋਟਾਂ ਰਾਹੀਂ ਤੈਅ ਹੁੰਦੀ ਹੈ।
Editorial: ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਆਸਾਨ ਜਿੱਤ ਨੇ ਚੋਣ ਪੰਡਿਤਾਂ ਦੀਆਂ ਭਵਿੱਖਬਾਣੀਆਂ ਨੂੰ ਇਕ ਵਾਰ ਫਿਰ ਗ਼ਲਤ ਸਾਬਤ ਕਰ ਦਿਤਾ ਹੈ। ਉਹ ਟਰੰਪ ਤੇ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਦਰਮਿਆਨ ਟੱਕਰ ਬਹੁਤ ਫਸਵੀਂ ਰਹਿਣ ਦੀਆਂ ਸੰਭਾਵਨਾਵਾਂ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਗਟਾਉਂਦੇ ਆਏ ਸਨ।
ਦਰਅਸਲ, ਸਿਰਫ਼ ਇਕ ਟਰੰਪ-ਪੱਖੀ ਟੀ.ਵੀ. ਨੈੱਟਵਰਕ (ਐਨ.ਬੀ.ਸੀ.) ਨੂੰ ਛੱਡ ਕੇ ਬਾਕੀ ਸਾਰੇ ਮੀਡੀਆ ਨੈੱਟਵਰਕ ਕਾਂਟੇ ਦੀ ਟੱਕਰ ਦੇ ਦਾਅਵਿਆਂ ਦੇ ਨਾਲ ਨਾਲ ਹੈਰਿਸ ਦਾ ਹੱਥ ਥੋੜ੍ਹਾ ਜਿਹਾ ਉੱਚਾ ਹੋਣ ਦੀਆਂ ਪੇਸ਼ੀਨਗੋਈਆਂ ਵੀ ਕਰਦੇ ਆਏ ਸਨ। ਹੋਇਆ ਉਲਟ : ਟਰੰਪ ਨੇ ਲੋਕਾਂ ਦੀਆਂ ਵੋਟਾਂ ਅਤੇ ਚੋਣ ਮੰਡਲ (ਇਲੈਕਟਰਲ ਕੌਲੇਜ) ਦੀਆਂ ਵੋਟਾਂ - ਦੋਵਾਂ ਪੱਖਾਂ ਤੋਂ ਕਮਲਾ ਹੈਰਿਸ ਨੂੰ ਫ਼ੈਸਲਾਕੁਨ ਮਾਤ ਦਿੱਤੀ।
ਅਮਰੀਕੀ ਰਾਸ਼ਟਰਪਤੀ ਦੀ ਜਿੱਤ, ਚੋਣ ਮੰਡਲ ਦੀਆਂ ਵੋਟਾਂ ਰਾਹੀਂ ਤੈਅ ਹੁੰਦੀ ਹੈ। ਇਸ ਮਾਮਲੇ ਵਿਚ ਕਮਲਾ ਹੈਰਿਸ ਵੀ ਕਾਰਗੁਜ਼ਾਰੀ ਮਾਯੂਸਕੁਨ ਰਹੀ। ਉਹ ਸੱਭ ਤੋਂ ਵੱਧ 54 ਇਲੈਕਟਰਲ ਕੌਲੇਜ (ਈ.ਸੀ.) ਵੋਟਾਂ ਵਾਲੇ ਰਾਜ ਕੈਲੇਫੋਰਨੀਆ ਵਿਚੋਂ ਤਾਂ ਜੇਤੂ ਰਹੀ, ਪਰ ਬਾਕੀ ਅਹਿਮ ਰਾਜਾਂ ਵਿਚ ਜਿੱਤ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਸਕੀ। ਚੋਣ ਨਤੀਜੇ ਦਰਸਾਉਂਦੇ ਹਨ ਕਿ ਪੂਰਬੀ ਤੇ ਪੱਛਮੀ ਸਾਹਿਲੀ ਰਾਜਾਂ ਵਿਚ ਤਾਂ ਡੈਮੋਕਰੈਟਾਂ ਨੂੰ ਭਰਪੂਰ ਹਮਾਇਤ ਮਿਲੀ, ਪਰ ਮੂਲ ਰੂਪ ਵਿਚ ਖੇਤੀ-ਪ੍ਰਧਾਨ ਜਾਂ ਦਿਹਾਤੀ ਮੰਨੇ ਜਾਂਦੇ ਰਾਜਾਂ ਵਿਚ ਟਰੰਪ ਦੀ ਸਿੱਧੀ-ਸਾਵੀਂ ਚੜ੍ਹਤ ਰਹੀ।
ਮੁਕੰਮਲ ਨਤੀਜੇ ਆਉਂਦਿਆਂ ਅਤੇ ਹਰ ਕਾਊਂਟੀ ਤੇ ਹਰ ਰਾਜ ਦੀ ਸਥਿਤੀ ਸਪੱਸ਼ਟ ਹੁੰਦਿਆਂ ਤਾਂ ਅਜੇ ਸਮਾਂ ਲੱਗੇਗਾ, ਪਰ ਹੈਰਿਸ ਦੀ ਹਾਰ ਦੇ ਕੁੱਝ ਕਾਰਨ ਮੋਟੇ ਤੌਰ ਤੇ ਸਪੱਸ਼ਟ ਹੋ ਗਏ ਹਨ। ਪਹਿਲਾ ਕਾਰਨ ਹੈ ਪੁਰਖ-ਪ੍ਰਧਾਨ ਮਾਨਸਿਕਤਾ। ਅਮਰੀਕੀ ਵਸੋਂ ਦਾ ਬਹੁਤ ਵੱਡਾ ਹਿੱਸਾ ਕਿਸੇ ਮਹਿਲਾ ਨੂੰ ਰਾਸ਼ਟਰਪਤੀ ਚੁਣਨ ਲਈ ਮਾਨਸਿਕ ਤੌਰ ’ਤੇ ਅਜੇ ਵੀ ਤਿਆਰ ਨਹੀਂ।
ਦੂਜਾ ਕਾਰਨ ਹੈ ਨਸਲਪ੍ਰਸਤੀ। ਬਰਾਕ ਓਬਾਮਾ ਨੂੰ ਸਿਆਹਫਾਮ ਹੋਣ ਦੇ ਬਾਵਜੂਦ ਦੋ ਵਾਰ (2008 ਤੇ 2012 ਵਿਚ) ਰਾਸ਼ਟਰਪਤੀ ਚੁਣਨ ਵਾਲੇ ਅਪਵਾਦ ਤੋਂ ਬਾਅਦ ਅਮਰੀਕਾ ਦਾ ਗੋਰਾ ਵੋਟਰ ਕਿਸੇ ਗ਼ੈਰ-ਗੋਰੇ ਉਮੀਦਵਾਰ ਨੂੰ ਰਾਸ਼ਟਰਪਤੀ ਚੁਣਨ ਦੇ ਰੌਂਅ ਵਿਚ ਹੀ ਨਹੀਂ। ਤੀਜਾ ਕਾਰਨ ਆਰਥਿਕ ਹੈ।
2020 ਵਿਚ ਡੋਨਲਡ ਟਰੰਪ ਦੀ ਰਾਸ਼ਟਰਪਤੀ ਚੋਣ ਵਿਚ ਹਾਰ ਅਤੇ ਜੋਅ ਬਾਇਡਨ ਦੀ ਜਿੱਤ ਤੋਂ ਬਾਅਦ ਅਮਰੀਕਾ ਦੀ ਆਰਥਿਕ ਸਥਿਤੀ ਵਿਚ ਸੁਧਾਰ ਦੀ ਬਜਾਇ ਨਿਘਾਰ ਹੀ ਆਇਆ ਹੈ। ਕਮਲਾ ਹੈਰਿਸ ਕਿਉਂਕਿ ਉਪ ਰਾਸ਼ਟਰਪਤੀ ਹੈ, ਇਸ ਲਈ ਬਾਇਡਨ ਦੀ ਹਰ ਆਰਥਿਕ ਕੋਤਾਹੀ ਦਾ ਸੇਕ ਕਮਲਾ ਨੂੰ ਵੀ ਲੱਗਿਆ।
ਇੰਜ ਹੀ, ਬਾਇਡਨ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਢਿੱਲੀ-ਮੱਠੀ ਕਾਰਵਾਈ ਨੇ ਵੀ ਟਰੰਪ ਦੇ ਹੱਥ ਮਜ਼ਬੂਤ ਕੀਤੇ। ਵੋਟਾਂ ਦੇ ਆਖ਼ਰੀ ਦਿਨ ਭਾਵ 5 ਨਵੰਬਰ ਤੱਕ ਵੀ ਪਰਵਾਸੀਆਂ ਖ਼ਿਲਾਫ਼ ਉਸ ਦੀ ਬੋਲ-ਬਾਣੀ ਪੂਰੀ ਪ੍ਰਚੰਡ ਰਹੀ। ਇਨ੍ਹਾਂ ਤੱਥਾਂ ਤੋਂ ਇਲਾਵਾ ਯੂਕਰੇਨ, ਗਾਜ਼ਾ ਪੱਟੀ ਤੇ ਲੈੱਬਨਾਨ ਵਿਚ ਜੰਗਾਂ ਖ਼ਤਮ ਕਰਵਾਉਣ ਵਿਚ ਅਮਰੀਕੀ ਨਾਕਾਮੀ ਨੇ ਵੀ ਡੈਮੋਕਰੈਟਾਂ ਦੇ ‘ਗੋਡਿਆਂ-ਗਿੱਟਿਆਂ ਵਿਚ ਜਾਨ ਨਾ ਹੋਣ’ ਦਾ ਪ੍ਰਭਾਵ ਵੱਧ ਪਕੇਰਾ ਕੀਤਾ।
ਟਰੰਪ ਨੇ ਨਵੇਂ ਰਾਸ਼ਟਰਪਤੀ ਵਜੋਂ ਅਪਣਾ ਅਹੁਦਾ ਭਾਵੇਂ 20 ਜਨਵਰੀ ਨੂੰ ਸੰਭਾਲਣਾ ਹੈ, ਫਿਰ ਵੀ ਉਨ੍ਹਾਂ ਦੀ ਟੀਮ ਵਲੋਂ ਨਵੀਆਂ ਨੀਤੀਆਂ ਤੈਅ ਕਰਨ ਦਾ ਸਿਲਸਿਲਾ ਹੁਣ ਤੋਂ ਹੀ ਆਰੰਭ ਹੋ ਗਿਆ ਹੈ। ਜਿਥੋਂ ਤਕ ਸਾਡੇ ਮੁਲਕ ਦੇ ਹਿਤਾਂ ਦਾ ਸਵਾਲ ਹੈ, ਭਾਰਤੀ ਕਾਰੋਬਾਰੀ ਤੇ ਵਪਾਰੀ ਮਹਿਸੂਸ ਕਰਦੇ ਹਨ ਕਿ ਟਰੰਪ ਵਲੋਂ ਚੀਨੀ ਉਤਪਾਦਾਂ ਦੀ ਬਰਾਮਦ ਸਖ਼ਤੀ ਨਾਲ ਘਟਾਏ ਜਾਣ ਦਾ ਸਿੱਧਾ ਫ਼ਾਇਦਾ ਭਾਰਤ ਨੂੰ ਹੋਵੇਗਾ।
ਅਮਰੀਕਾ ਦੀ ਅਪਣੀ ਉਤਪਾਦਨ ਸਮਰਥਾ, ਚੀਨ ਦੇ ਮੁਕਾਬਲੇ ਬਹੁਤ ਘੱਟ ਹੈ। ਲਿਹਾਜ਼ਾ, ਬਿਹਤਰ ਤੇ ਸਸਤੇ ਸਨਅਤੀ ਉਤਪਾਦਾਂ ਲਈ ਉਸ ਦੀ ਟੇਕ ਭਾਰਤ ’ਤੇ ਹੀ ਹੋਵੇਗੀ। ਉਂਜ ਇਸ ਪੱਖੋਂ ਇਕ ਖ਼ਤਰਾ ਇਹ ਹੈ ਕਿ ਟਰੰਪ ਜੇਕਰ ਚੀਨ ਜਾਂ ਭਾਰਤ ਤੋਂ ਵਸਤਾਂ ਦੀ ਦਰਾਮਦ ਉਪਰ ਮਹਿਸੂਲ ਦਰਾਂ 40% ਤਕ ਲੈ ਜਾਂਦਾ ਹੈ ਤਾਂ ਭਾਰਤੀ ਬਰਾਮਦਕਾਰਾਂ ਦਾ ਬਹੁਤ ਨੁਕਸਾਨ ਹੋਵੇਗਾ।
ਇਸੇ ਤਰ੍ਹਾਂ ਜੇਕਰ ਉਹ ਓਬਾਮਾਕੇਅਰ ਵਰਗੀਆਂ ਬਹੁਵਿਆਪੀ ਸਿਹਤ ਸਕੀਮਾਂ ਸਮਾਪਤ ਕਰ ਦਿੰਦਾ ਹੈ ਤਾਂ ਵੀ ਸਿੱਧਾ ਨੁਕਸਾਨ ਭਾਰਤੀ ਫ਼ਾਰਮਾ ਸਨਅਤ ਦਾ ਹੋਵੇਗਾ ਕਿਉਂਕਿ ਇਹ ਸਨੱਅਤ ਇਨ੍ਹਾਂ ਸਿਹਤ ਸਕੀਮਾਂ ਲਈ ਦਵਾਈਆਂ ਦੀ ਸਪਲਾਈ ਦਾ ਮੁਖ ਸਰੋਤ ਹੈ। ਸੂਚਨਾ ਤਕਨਾਲੋਜੀ ਤੇ ਇਮੀਗ੍ਰੇਸ਼ਨ ਉਦਯੋਗਾਂ ਵਿਚ ਭਾਰਤੀਆਂ ਦੀ ਸਰਦਾਰੀ ਦਾ ਵੀ ਟਰੰਪ ਵਿਰੋਧ ਕਰਦਾ ਆਇਆ ਹੈ।
ਲਿਹਾਜ਼ਾ, ਇਨ੍ਹਾਂ ਉਦਯੋਗਾਂ ਨੂੰ ਵੀ ਟਰੰਪ-ਪ੍ਰਸ਼ਾਸਨ ਦੀਆਂ ਨੀਤੀਆਂ ਨਾਲ ਸਿੱਝਣ ਦੇ ਹੀਲੇ-ਵਸੀਲੇ ਸੋਚ ਲੈਣੇ ਚਾਹੀਦੇ ਹਨ। ਦੂਜੇ ਪਾਸੇ, ਟਰੰਪ ਵਲੋਂ ਤੇਲ ਸਨਅਤ ਦੇ ਹਿੱਤਾਂ ਦੀ ਲਗਾਤਾਰ ਹਮਾਇਤ ਕੀਤੇ ਜਾਣ ਸਦਕਾ ਇਹੋ ਆਸ ਉਭਰੀ ਹੈ ਕਿ ਕੱਚੇ ਤੇਲ ਦੀ ਪੈਦਾਵਾਰ ਵਧੇਗੀ ਅਤੇ ਕੀਮਤਾਂ ਘਟਣਗੀਆਂ।
ਫ਼ਿਲਹਾਲ, ਟਰੰਪ ਦੀ ਜਿੱਤ ਦੀ ਖ਼ਬਰ ਆਉਂਦਿਆਂ ਹੀ ਆਲਮੀ ਸ਼ੇਅਰ ਬਾਜ਼ਾਰਾਂ ਵਿਚ ਜਿਸ ਕਿਸਮ ਦਾ ਉਛਾਲਾ ਆਇਆ ਹੈ, ਉਸ ਤੋਂ ਤਾਂ ਇਹੋ ਪ੍ਰਭਾਵ ਬਣਦਾ ਹੈ ਕਿ ਕਮਲਾ ਹੈਰਿਸ ਦੀ ਹਾਰ ਤੋਂ, ਘੱਟੋ ਘੱਟ, ਪੂੰਜੀ-ਪ੍ਰਧਾਨ ਤੇ ਕਾਰੋਬਾਰੀ ਹਲਕੇ ਮਾਯੂਸ ਨਹੀਂ।