
ਕੀ ਅਸੀਂ ਜੰਗਲਰਾਜ ਵਲ ਵੱਧ ਰਹੇ ਹਾਂ? ਤੇਲੰਗਾਨਾ ਦੀ ਡਾ. ਪ੍ਰਿਅੰਕਾ ਰੈੱਡੀ ਦੇ ਕਾਤਲ ਪੁਲਿਸ ਮੁਕਾਬਲੇ ਵਿਚ ਮਾਰ ਦਿਤੇ ਗਏ ਹਨ। ਇਸ ਨਾਲ ਕਈਆਂ ਦੇ ਕਲੇਜੇ ਵਿਚ ਠੰਢ ਪੈ...
ਕੀ ਅਸੀਂ ਜੰਗਲਰਾਜ ਵਲ ਵੱਧ ਰਹੇ ਹਾਂ? ਤੇਲੰਗਾਨਾ ਦੀ ਡਾ. ਪ੍ਰਿਅੰਕਾ ਰੈੱਡੀ ਦੇ ਕਾਤਲ ਪੁਲਿਸ ਮੁਕਾਬਲੇ ਵਿਚ ਮਾਰ ਦਿਤੇ ਗਏ ਹਨ। ਇਸ ਨਾਲ ਕਈਆਂ ਦੇ ਕਲੇਜੇ ਵਿਚ ਠੰਢ ਪੈ ਗਈ ਹੋਵੇਗੀ। ਪਰ ਕੀ ਇਹ ਨਿਆਂ ਹੈ? ਇਕ ਗੱਲ ਤਾਂ ਸਾਫ਼ ਹੈ ਕਿ ਉਹ ਚਾਰੇ ਮੁਲਜ਼ਮ ਇਨਸਾਨ ਨਹੀਂ, ਹੈਵਾਨ ਸਨ ਤੇ ਉਨ੍ਹਾਂ ਅੰਦਰ ਇਨਸਾਨੀਅਤ ਮਰ ਚੁੱਕੀ ਸੀ ਪਰ ਜਦੋਂ ਸਮਾਜ ਉਨ੍ਹਾਂ ਨਾਲ ਉਨ੍ਹਾਂ ਦੀ ਹੈਵਾਨੀਅਤ ਦੇ ਪੱਧਰ 'ਤੇ ਡਿਗ ਕੇ ਨਿਆਂ ਲੋਚਦਾ ਹੈ ਤਾਂ ਕੀ ਅਸੀਂ ਵੀ ਹੈਵਾਨੀਅਤ ਦੇ ਪੱਧਰ 'ਤੇ ਨਹੀਂ ਡਿਗ ਜਾਂਦੇ?
Hyderabad Case
ਉਨ੍ਹਾਂ ਚਾਰਾਂ ਨੂੰ ਹੀ ਕਿਸ ਤਰ੍ਹਾਂ ਮੁਕਾਬਲੇ ਵਿਚ ਮਾਰਿਆ ਗਿਆ, ਇਸ ਬਾਰੇ ਜਾਂਚ ਕਰਵਾਉਣਾ, ਨਿਆਂ ਪਾਲਕਾ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ ਪਰ ਮੁਲਜ਼ਮਾਂ ਨੂੰ ਮਾਰ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਮਾਜ ਦੇ ਹੀਰੋ ਬਣਾਉਣ ਦੀ ਕਾਹਲ ਕਰਨਾ ਜਜ਼ਬਾਤੀ ਉਲਾਰਪੁਰਣਾ ਵੀ ਸਾਬਤ ਹੋ ਸਕਦਾ ਹੈ। ਜਿਸ ਦੇਸ਼ ਦੀ ਸੰਸਦ ਵਿਚ ਚੌਰਾਹੇ 'ਚ ਖੜਾ ਕਰ ਕੇ ਮਾਰਨ ਦੀਆਂ ਸੋਚਾਂ ਨੂੰ ਇਨਸਾਫ਼ ਦਸਿਆ ਜਾਂਦਾ ਹੋਵੇ, ਜ਼ਾਹਰ ਹੈ
Hyderabad Case
ਕਿ ਉਸ ਦੇਸ਼ ਵਿਚ ਨਿਆਂ ਲਈ ਉਡੀਕ ਕਰਨ ਦੀ ਬਜਾਏ, ਤੁਰਤ ਬਦਲਾ ਲੈਣ ਨੂੰ ਪਹਿਲ ਦਿਤੀ ਜਾ ਰਹੀ ਹੈ ਤੇ ਬਦਲੇ ਦੀ ਵਿਚਾਰਧਾਰਾ ਹੀ ਭਾਰੂ ਹੈ। ਹਾਲ ਹੀ ਵਿਚ ਪੰਜਾਬ ਦੇ ਇਕ ਪਿੰਡ ਵਿਚ ਇਕ ਪ੍ਰਿੰਸੀਪਲ ਵਲੋਂ ਇਕ ਗਰਭਵਤੀ ਔਰਤ ਨੂੰ ਧੱਕਾ ਦਿਤਾ ਗਿਆ ਜਿਸ ਨਾਲ ਗਰਭਵਤੀ ਅਧਿਆਪਕਾ ਦੇ ਸਿਰ 'ਤੇ ਸੱਟ ਵੀ ਲੱਗੀ। ਪਰ ਉਸ ਤੋਂ ਬਾਅਦ ਜੋ ਹੋਇਆ, ਉਹ ਤਾਂ ਵੇਖਣ ਲਈ ਵੱਡਾ ਜਿਗਰਾ ਚਾਹੀਦਾ ਸੀ।
Hyderabad Case
ਮਹਿਲਾ ਪ੍ਰਿੰਸੀਪਲ ਨੂੰ ਕੇਸਾਂ ਤੋਂ ਖਿੱਚ ਕੇ ਪਿੰਡ ਵਿਚ ਗੇੜੇ ਕਟਵਾਏ ਗਏ। ਉਸ ਦੀਆਂ ਚੀਕਾਂ ਸੁਣ ਕੇ ਦਿਲ ਕੰਬਦਾ ਸੀ ਅਤੇ ਪਿੱਛੇ ਚਲਦੀ ਭੀੜ ਦੀਆਂ ਅੱਖਾਂ ਵਿਚ ਖ਼ੂਨ ਵੇਖ ਕੇ ਕੋਈ ਵੀ ਪ੍ਰੇਸ਼ਾਨ ਹੋ ਜਾਂਦਾ ਸੀ। ਕਈ ਲੋਕ ਫ਼ੋਨ ਤੇ ਉਸ ਘਟਨਾ ਦੀ ਵੀਡੀਉ ਬਣਾਉਣ 'ਚ ਵੀ ਲੱਗੇ ਦਿਸੇ। ਇਹ ਵੇਖ ਕੇ ਤਾਂ ਪੁਰਾਤਨ ਕਾਲ ਦੇ ਨਿਆਂ ਦੇ ਫ਼ਿਲਮੀ ਦ੍ਰਿਸ਼ ਹੀ ਅੱਖਾਂ ਸਾਹਮਣੇ ਆ ਰਹੇ ਸਨ।
Hyderabad Case
ਕੀ ਫ਼ਰਕ ਪੈਂਦਾ ਹੈ ਕਿ ਤੁਸੀਂ ਘਟਨਾ ਜਾਂ ਦੁਰਘਟਨਾ ਦੇ ਕਿਸ ਪਾਸੇ ਖੜੇ ਹੋ, ਪੀੜਤ ਦੇ ਅਪਰਾਧੀ ਹੋ ਜਾਂ ਪੀੜਤ ਦੇ ਹਮਦਰਦ ਹੋ? ਅਪਰਾਧੀ ਅਤੇ ਨਿਆਂ ਭਾਲਣ ਵਾਲਾ, ਦੋਵੇਂ ਹੀ ਤਕੜੀ ਦੇ ਬਰਾਬਰ ਆ ਖੜੇ ਹੋ ਜਾਂਦੇ ਹਨ। ਉਨ੍ਹਾਂ ਅੰਦਰ ਨਫ਼ਰਤ ਅਤੇ ਗੁੱਸਾ ਤੇ ਅਪਣੇ ਆਪ ਨੂੰ ਸਮਾਜ ਤੋਂ ਵੱਡਾ ਸਮਝਣ ਦੀ ਗ਼ਲਤੀ, ਦੋਹਾਂ ਨੂੰ ਹੈਵਾਨ ਬਣਾ ਦਿੰਦੀ ਹੈ। -ਨਿਮਰਤ ਕੌਰ