
ਪਤਾ ਨਹੀਂ ਇਹ ਕੁਦਰਤ ਦਾ ਪਿਆਰ ਹੈ ਜਾਂ ਉਸ ਦਾ ਗੁੱਸਾ ਪਰ ਔਰਤ ਦਾ ਸਫ਼ਰ ਇਸ ਦੁਨੀਆਂ ਦਾ ਭਾਰ ਮਰਦ ਨਾਲੋਂ ਜ਼ਿਆਦਾ ਚੁਕਣ ਲਈ ਮਜਬੂਰ ਕਰਦਾ ਹੈ।
ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਦੀ ਲੋੜ ਬਾਰੇ ਲੋਕਾਂ ਨੂੰ ਇਹ ਸੁਨੇਹਾ ਯਾਦ ਰੱਖਣ ਲਈ ਅੱਜ ਦਾ ਦਿਨ ਨਿਸ਼ਚਿਤ ਤਾਂ ਕੀਤਾ ਗਿਆ ਹੈ ਪਰ ਕੀ ਔਰਤਾਂ ਦਾ ਇਹ ਸੁਪਨਾ ਕਦੇ ਪੂਰਾ ਹੋ ਵੀ ਸਕੇਗਾ? ਕਈ ਵਾਰ ਤਾਂ ਲਗਦਾ ਹੈ ਕਿ ਕੁਦਰਤ ਚਾਹੁੰਦੀ ਹੈ ਕਿ ਇਹ ਜ਼ਰੂਰ ਪੂਰਾ ਹੋਵੇ। ਇਕ ਔਰਤ ਦਾ ਜਿਸਮਾਨੀ ਸਫ਼ਰ ਮਰਦਾਂ ਤੋਂ ਅਲੱਗ ਤਾਂ ਹੁੰਦਾ ਹੀ ਹੈ ਪਰ ਉਸ ਦਾ ਭਾਰ ਬੜਾ ਵੱਖ ਕਿਸਮ ਦਾ ਹੁੰਦਾ ਹੈ ਜਿਸ ਨੂੰ ਮਰਦ ‘ਭਾਰ’ ਹੀ ਨਹੀਂ ਸਮਝਦਾ ਬਲਕਿ ਔਰਤ ਦੀ ਜ਼ਿੰਮੇਵਾਰੀ ਸਮਝਦਾ ਹੈ ਜੋ ਉਸ ਨੇ ਚੁਕਣੀ ਹੀ ਚੁਕਣੀ ਹੁੰਦੀ ਹੈ। ਜਨਨੀ ਹੋਣ ਕਾਰਨ ਔਰਤ ਨੂੰ ਹਰ ਮਹੀਨੇ ਇਕ ਜਿਸਮ ਤੋੜੂ ਕੁਦਰਤੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਔਰਤ ਬੱਚੇ ਨੂੰ ਜਨਮ ਦੇਂਦੀ ਹੈ ਅਤੇ ਸਰੀਰ ਨੂੰ ਇਕ ਵਾਰ ਫਿਰ ਕਮਜ਼ੋਰੀਆਂ ਆ ਘੇਰਦੀਆਂ ਹਨ। ਜਨਨੀ ਹੋਣ ਕਾਰਨ ਹੀ ਮਰਦ ਉਸ ਨਾਲ ਬਲਾਤਕਾਰ ਵੀ ਕਰ ਸਕਦਾ ਹੈ। ਮਰਦ ਨੂੰ ਅਜਿਹੀ ਤਾਕਤ ਮਿਲੀ ਹੋਈ ਹੈ ਕਿ ਉਹ ਔਰਤ ਨੂੰ ਥੱਲੇ ਸੁਟ ਕੇ ਉਸ ਨਾਲ ਅਪਣੀ ਮਰਜ਼ੀ ਕਰ ਸਕਦਾ ਹੈ ਪਰ ਔਰਤ ਨੂੰ ਏਨੀ ਤਾਕਤ ਨਹੀਂ ਦਿਤੀ ਗਈ ਕਿ ਉਹ ਅਪਣਾ ਬਚਾਅ ਕਰ ਸਕੇ।
ਸੋ ਜਦ ਵੀ ਜ਼ਿੰਦਗੀ ਵਿਚ ਬਰਾਬਰੀ ਦੀ ਗੱਲ ਕਰਦੇ ਹਾਂ, ਕੁਦਰਤ ਦੀ ਬਣਾਈ ਜਿਸਮਾਨੀ ਤਾਕਤ ਬੋਲ ਪੈਂਦੀ ਹੈ ਕਿ ਹੇ ਔਰਤ ਤੂੰ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਬਾਬੇ ਨਾਨਕ ਨੇ ਤਾਂ ਇਸ ਜਨਨੀ ਨੂੰ ਬਰਾਬਰੀ ਦਾ ਦਰਜਾ ਦੇ ਕੇ ਸਤਿਕਾਰ ਦਿਤਾ ਪਰ ਬਾਬੇ ਨਾਨਕ ਦੇ ਸਿੱਖ ਹੀ ਇਸ ਫ਼ਲਸਫ਼ੇ ਨੂੰ ਘਰਾਂ ਵਿਚ ਲਾਗੂ ਕਰਨ ਵਿਚ ਫ਼ੇਲ੍ਹ ਹੋ ਰਹੇ ਹਨ। ਕਾਰਨ ਕੀ ਹੈ? ਕੀ ਇਹ ਮਰਦ ਪ੍ਰਧਾਨ ਸਮਾਜ, ਔਰਤ ਨੂੰ ਅੱਗੇ ਆਉਣ ਦੇ ਕਾਬਲ ਨਹੀਂ ਸਮਝਦਾ? ਮੈਨੂੰ ਵੀ ਕਦੇ ਲਗਦਾ ਹੁੰਦਾ ਸੀ ਕਿ ਸਾਰੀ ਮੁਸੀਬਤ ਦੀ ਜੜ੍ਹ ਮਰਦ ਹੈ ਪਰ ਜਿਵੇਂ ਜਿਵੇਂ ਕੋਈ ਕੋਈ ਵਾਲ ਚਿੱਟਾ ਹੋਣ ਲੱਗਾ ਤਾਂ ਪਤਾ ਲਗਣਾ ਸ਼ੁਰੂ ਹੋਇਆ ਕਿ ਕਿਥੇ ਆ ਕੇ ਮੇਰੇ ਵਾਂਗ, ਹਰ ਔਰਤ ਕੁਦਰਤ ਵਲੋਂ ਦਿਤੇ ਜੀਵਨ ਦੇ ਇਕ ਪੜਾਅ ਤੇ ਆ ਕੇ ਹਾਰ ਜਾਂਦੀ ਹੈ।
ਹਾਂ ਕੁਦਰਤ ਨੇ ਅੰਦਰੂਨੀ ਤਾਕਤ ਅਤੇ ਅਹਿਸਾਸਾਂ ਨੂੰ ਮਹਿਸੂਸ ਕਰਨ ਦੀ ਤਾਕਤ ਔਰਤਾਂ ਨੂੰ ਜ਼ਿਆਦਾ ਦਿਤੀ ਹੈ ਪਰ ਜਦ ਸਮਾਜ ਦਾ ਹਰ ਮਾਪਦੰਡ ਬਾਹਰਲੀ ਤਾਕਤ ਤੇ ਬਾਹਰਲੀ ਖ਼ੂਬਸੂਰਤੀ ਨੂੰ ਹੀ ਵੇਖਦਾ ਪਰਖਦਾ ਹੈ ਤਾਂ ਫਿਰ ਸ਼ਾਇਦ ਔਰਤ ਅਸਲ ਵਿਚ ਮਰਦ ਅੱਗੇ ਕਮਜ਼ੋਰ ਪੈ ਜਾਂਦੀ ਹੈ। ਕੁਦਰਤ ਨੇ ਅੱਖਾਂ ਦਿਤੀਆਂ ਹਨ ਜੋ ਬਾਹਰਲੀ ਤਾਕਤ ਜਾਂ ਖ਼ੂਬਸੂਰਤੀ ਹੀ ਨਾਪ ਸਕਦੀਆਂ ਹਨ। ਮਨ ਦੀਆਂ ਅੱਖਾਂ ਨੂੰ ਜਾਣਨਾ ਪਹਿਚਾਣਨਾ ਤੇ ਖੋਲ੍ਹਣਾ ਤਾਂ ਬੜਾ ਔਖਾ ਕੰਮ ਹੈ। ਕੁਦਰਤ ਨੇ ਔਰਤ ਦੀ ਅਸਲ ਖ਼ੂਬਸੂਰਤੀ ਨੂੰ ਇਨ੍ਹਾਂ ਮਨ ਦੀਆਂ ਅੱਖਾਂ ਦੇ ਹਵਾਲੇ ਕਰ ਦਿਤਾ।
ਪਤਾ ਨਹੀਂ ਇਹ ਕੁਦਰਤ ਦਾ ਪਿਆਰ ਹੈ ਜਾਂ ਉਸ ਦਾ ਗੁੱਸਾ ਪਰ ਔਰਤ ਦਾ ਸਫ਼ਰ ਇਸ ਦੁਨੀਆਂ ਦਾ ਭਾਰ ਮਰਦ ਨਾਲੋਂ ਜ਼ਿਆਦਾ ਚੁਕਣ ਲਈ ਮਜਬੂਰ ਕਰਦਾ ਹੈ। ਮਰਦਾਂ ਦੀ ਬਜਾਏ ਔਰਤਾਂ ਨੂੰ ਇਸ ਭਾਰ ਨੂੰ ਸਮਝਦੇ ਹੋਏ ਇਕ ਦੂਜੇ ਦਾ ਸਾਥ ਦੇਣ ਦੀ ਜ਼ਿਆਦਾ ਲੋੜ ਹੈ। ਇਸ ਭਾਰ ਨੂੰ ਵਧਾ ਘਟਾ ਨਹੀਂ ਸਕਦੇ, ਸਮਾਜ ਦੀ ਸੋਚ ਵਿਚ ਹਮਦਰਦੀ ਤੇ ਸਤਿਕਾਰ ਪੈਦਾ ਕਰ ਸਕਦੇ ਹਾਂ ਪਰ ਇਸ ਵਾਸਤੇ ਪਹਿਲਾਂ ਅਪਣੇ ਆਪ ਨੂੰ ਤੇ ਅਪਣੀਆਂ ਹਾਣ ਦੀਆਂ ਔਰਤਾਂ ਨੂੰ ਆਪ ਹੀ ਹਮਦਰਦੀ ਤੇ ਸਤਿਕਾਰ ਦੇਣਾ ਪਵੇਗਾ। ਜ਼ਿੰਦਗੀ ਨੇ ਬੜੇ ਰੰਗ ਵਿਖਾਏ ਹਨ ਤੇ ਅੱਜ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਤੋਂ ਡਰ ਲਗਦਾ ਹੈ। ਬਲਾਤਕਾਰੀ, ਹੈਵਾਨ ਤਾਂ ਵਿਰਲੇ ਹੀ ਹੁੰਦੇ ਹਨ ਤੇ ਉਨ੍ਹਾਂ ਨੇ ਔਰਤਾਂ ਨੂੰ ਬੜੇ ਦੁਖ ਦਿਤੇ ਹਨ।
ਇਸੇ ਲਈ ਸ਼ਾਇਦ ਕੁਦਰਤ ਤੇ ਸਮਾਜ ਦੇ ਭਾਰ ਹੇਠ ਔਰਤਾਂ ਅਪਣੇ ਆਪ ਨੂੰ ਵੀ ਪਿਆਰ ਕਰਨਾ ਭੁੱਲ ਗਈਆਂ ਹਨ ਤੇ ਉਡਣਾ ਚਾਹੁਣ ਵਾਲੀਆਂ ਦੇ ਖੰਭ ਦੂਜੀਆਂ ਔਰਤਾਂ ਹੀ ਕੁਤਰ ਦੇਂਦੀਆਂ ਹਨ ਜਾਂ ਕਈ ਆਪ ਹੀ ਕੈਦ ਹੋ ਕੇ ਰਹਿ ਜਾਂਦੀਆਂ ਹਨ। ਦੂਜੀਆਂ ਨੂੰ ਉਡਦਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਜਿਸ ਤਰ੍ਹਾਂ ਦਾ ਵਾਰ ਔਰਤ ਕਰਦੀ ਹੈ, ਉਸ ਦਾ ਜ਼ਖ਼ਮ ਜਿਸਮ ਤੇ ਨਹੀਂ ਹੁੰਦਾ ਪਰ ਰੂਹ ਜ਼ਰੂਰ ਕੰਬ ਉਠਦੀ ਹੈ। ਜੇ ਕਦੇ ਵੀ ਬਰਾਬਰੀ ਤੇ ਸਤਿਕਾਰ ਦੀ ਉਮੀਦ ਦੁਨੀਆਂ ਤੋਂ ਰਖਣੀ ਹੈ ਤਾਂ ਪਹਿਲੇ ਕਦਮ ਵਜੋਂ ਦੂਜੇ ਔਰਤਾਂ ਨੂੰ ਅਪਣੇ ਆਪ ਵਲ ਤੇ ਅਪਣਿਆਂ ਵਲ ਧਿਆਨ ਦੇਣਾ ਪਵੇਗਾ। ਉਨ੍ਹਾਂ ਤੋਂ ਬਿਹਤਰ ਕੁਦਰਤ ਦਾ ਉਨ੍ਹਾਂ ਉਤੇ ਪਾਇਆ ਭਾਰ ਕੋਈ ਹੋਰ ਨਹੀਂ ਸਮਝ ਸਕਦਾ (ਮਰਦ ਤਾਂ ਬਿਲਕੁਲ ਵੀ ਨਹੀਂ) ਤੇ ਉਸ ਭਾਰ ਨੂੰ ਸੰਭਾਲਦੇ ਹੋਏ ਜਿਹੜੀਆਂ ਔਰਤਾਂ ਪਿੰਜਰਾ ਤੋੜਨਾ ਚਾਹੁਣ, ਉਹ ਸਮਝ ਲੈਣ ਕਿ ਉਨ੍ਹਾਂ ਦੀ ਅਸਲ ਮਦਦ ਕੋਈ ਦੂਜੀ ਔਰਤ ਹੀ ਕਰ ਸਕਦੀ ਹੈ, ਮਰਦ ਨਹੀਂ। - ਨਿਮਰਤ ਕੌਰ