
ਅਕਾਲੀ ਦਲ ਜਿੰਨਾ ਵੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਉਹ ਓਨਾ ਹੀ ਲੋਕਾਂ ਤੋਂ ਦੂਰ ਹੋਈ ਜਾਂਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੀ ਲੱਕ-ਤੋੜੂ...
ਅਕਾਲੀ ਦਲ ਜਿੰਨਾ ਵੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਉਹ ਓਨਾ ਹੀ ਲੋਕਾਂ ਤੋਂ ਦੂਰ ਹੋਈ ਜਾਂਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੀ ਲੱਕ-ਤੋੜੂ ਹਾਰ ਤੋਂ ਬਾਅਦ ਹੀ ਅਕਾਲੀ ਲੀਡਰਾਂ ਨੂੰ ਯਾਦ ਆਇਆ ਕਿ ਪਾਰਟੀ ਦੀਆਂ ਜੜ੍ਹਾਂ ਵਿਚ ਪੰਥ ਦੀ ਰਖਵਾਲੀ ਦੀ ਸਹੁੰ ਬੁਨਿਆਦ ਵਜੋਂ ਰੱਖੀ ਗਈ ਸੀ (1920 ਵਿਚ)। ਪਿਛਲੇ ਸਾਲ ਦਸੰਬਰ 'ਚ ਅਕਾਲੀ ਦਲ ਦੀ 97ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਵਲੋਂ ਇਸ ਸਚਾਈ ਨੂੰ ਮੁੜ ਤੋਂ ਯਾਦ ਕਰਨ ਦੀ ਅੱਧ ਪਚੱਧੀ ਸ਼ੁਰੂਆਤ ਕੀਤੀ ਗਈ।
ਪਰ ਮੁੱਦਾ ਦਰ ਮੁੱਦਾ, 'ਪੰਜਾਬੀ' ਅਕਾਲੀ ਦਲ, ਜਦੋਂ ਵੀ ਸਿੱਖ ਕੌਮ ਦੇ ਹੱਕ ਦੀ ਕੋਈ ਗੱਲ ਸ਼ੁਰੂ ਕਰਦਾ ਹੈ ਤਾਂ ਉਨ੍ਹਾਂ ਦੀ ਹੋਰ ਵੀ ਕਿਰਕਿਰੀ ਹੋ ਜਾਂਦੀ ਹੈ ਕਿਉਂਕਿ ਸਿੱਖੀ ਉਨ੍ਹਾਂ ਦੀ ਘੁੱਟੀ ਵਿਚੋਂ ਨਹੀਂ ਨਿਕਲਦੀ, ਏਧਰੋਂ ਔਧਰੋਂ ਸੁਣ ਸੁਣਾ ਕੇ ਬਿਆਨ ਦੇ ਛਡਦੇ ਹਨ। ਹੁਣ ਅਕਾਲੀ ਲੀਡਰਸ਼ਿਪ ਲੰਗਰ ਉਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੀ ਹੈ। ਅਕਾਲੀ ਦਲ ਨੇ ਹਾਲ ਵਿਚ ਹੀ ਦੋ ਮੁੱਦੇ ਚੁੱਕੇ ਸਨ। ਇਕ ਮੁੱਦਾ ਸਿੱਖ ਇਤਿਹਾਸ ਦਾ ਸੀ ਅਤੇ ਦੂਜਾ ਜੀ.ਐਸ.ਟੀ. ਛੋਟ ਦਾ।
ਜੀ.ਐਸ.ਟੀ. ਲਾਗੂ ਹੋਣ ਤੋਂ ਇਕ ਸਾਲ ਬਾਅਦ ਇਸ ਮੁੱਦੇ ਨੂੰ ਚੁੱਕਣ ਦੀ ਤੁਕ ਕਿਸੇ ਦੀ ਵੀ ਸਮਝ ਵਿਚ ਨਹੀਂ ਆਈ। ਸ਼ਾਇਦ ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਕੋਈ ਵਿਵਾਦ ਖੜਾ ਕਰਨਾ ਜ਼ਰੂਰੀ ਸੀ। ਲੰਗਰ ਉਤੇ ਜੀ.ਐਸ.ਟੀ. ਵਿਚ ਛੋਟ ਦਾ ਰੌਲਾ ਪਾਈ ਜਾਂਦੇ ਅਕਾਲੀ ਦਲ ਨੇ ਸੋਚਿਆ ਹੀ ਨਹੀਂ ਹੋਵੇਗਾ ਕਿ ਉਹ ਸਿੱਖ ਕੌਮ ਨੂੰ ਅਪਣੇ ਨਾਲ ਹੋਰ ਜ਼ਿਆਦਾ ਨਾਰਾਜ਼ ਕਰ ਲਵੇਗਾ। ਅਕਾਲੀ ਦਲ ਦੇ ਆਗੂ ਬੜੇ ਜੋਸ਼ ਨਾਲ ਪੁਛਦੇ ਸਨ ਕਿ ਜਦੋਂ ਜੀ.ਐਸ.ਟੀ. ਦੀ ਛੋਟ ਗੁਰੂ ਘਰਾਂ ਨੂੰ ਮਿਲ ਰਹੀ ਹੈ ਤਾਂ ਕਿਸੇ ਨੂੰ ਢਿੱਡ ਵਿਚ ਪੀੜ ਕਿਉਂ ਹੋ ਰਹੀ ਹੈ?
ਅਸਲ ਵਿਚ ਅੱਜ ਦੇ ਅਕਾਲੀ ਲੀਡਰ ਬੁਨਿਆਦੀ ਤੌਰ ਤੇ ਸਿੱਖ ਸਿਧਾਂਤਾਂ ਜਾਂ ਫ਼ਲਸਫ਼ੇ ਨਾਲ ਜੁੜੇ ਨਹੀਂ ਹੋਏ। ਜੇ ਉਨ੍ਹਾਂ ਨੂੰ ਜੀ.ਐਸ.ਟੀ. ਦੀ ਛੋਟ ਮਿਲਦੀ ਹੈ ਤਾਂ ਪੈਸਾ ਬਚਦਾ ਹੈ, ਬੱਲੇ ਬੱਲੇ ਹੁੰਦੀ ਹੈ। ਉਨ੍ਹਾਂ ਨੂੰ ਇਸ ਵਿਚ ਜਿੱਤ ਨਜ਼ਰ ਆਉਂਦੀ ਹੈ ਕਿਉਂਕਿ ਉਹ ਵਪਾਰੀ ਹਨ ਅਤੇ ਨਫ਼ੇ-ਨੁਕਸਾਨ ਬਾਰੇ ਸੋਚਦੇ ਹਨ। ਅਕਾਲੀ ਦਲ ਦੇ ਆਗੂ ਸਮਝ ਨਹੀਂ ਪਾ ਰਹੇ ਕਿ ਕਿਉਂ ਸਿੱਖ ਕੌਮ ਗੁਰੂ ਘਰਾਂ ਦੇ ਖ਼ੈਰਾਇਤੀ ਸੰਸਥਾਵਾਂ ਬਣਨ ਤੇ ਇਤਰਾਜ਼ ਕਰ ਰਹੀ ਹੈ? ਉਹ ਨਹੀਂ ਸਮਝ ਸਕ ਰਹੇ ਕਿ ਸਿੱਖ, ਲੰਗਰ ਨੂੰ ਕੇਂਦਰ ਵਲੋਂ ਸਮਾਜ-ਸੇਵਾ ਦੇ ਕਾਰਜਾਂ ਵਿਚ ਸ਼ਾਮਲ ਕਰਨ ਤੋਂ ਖ਼ਫ਼ਾ ਕਿਉਂ ਹਨ?
ਸ਼ਾਇਦ ਅਕਾਲੀ ਦਲ ਤੋਂ ਸਿਵਾ ਬਾਕੀ ਸੱਭ ਸਮਝਦੇ ਹਨ ਕਿ ਸਿੱਖ ਫ਼ਲਸਫ਼ਾ ਬਰਾਬਰੀ ਤੇ ਟਿਕਿਆ ਹੋਇਆ ਹੈ ਤੇ ਲੰਗਰ 'ਖ਼ੈਰਾਤ' ਨਹੀਂ, ਹਰ ਭੁੱਖੇ ਦਾ ਹੱਕ ਹੈ ਜੋ ਉਹ ਗੁਰਦਵਾਰੇ ਵਿਚ ਜਾ ਕੇ ਬਰਾਬਰੀ ਵਾਲੀ ਪੰਗਤ ਵਿਚ ਬੈਠ ਕੇ ਹੱਕ ਵਜੋਂ ਲੈ ਸਕਦਾ ਹੈ, ਖ਼ੈਰਾਤ ਵਜੋਂ ਨਹੀਂ। ਲੰਗਰ ਵਿਚ ਕੋਈ ਉੱਚਾ-ਨੀਵਾਂ ਨਹੀਂ ਹੁੰਦਾ ਜਦਕਿ ਖ਼ੈਰਾਤੀ ਕੰਮਾਂ ਵਿਚ ਇਕ ਖ਼ੈਰ ਦੇਣ ਵਾਲਾ ਅਮੀਰ ਹੁੰਦਾ ਹੈ ਦੂਜਾ ਖ਼ੈਰ ਮੰਗਣ ਵਾਲਾ ਗ਼ਰੀਬ। ਗੁਰਦਵਾਰੇ ਵਿਚ ਹਰ ਇਨਸਾਨ ਇਕ ਬਰਾਬਰ ਹੈ।
ਜਦੋਂ ਉਹ ਇਕੱਠੇ ਬੈਠਦੇ ਹਨ ਤਾਂ ਮੁਫ਼ਤ ਖਾਣੇ ਲਈ ਨਹੀਂ ਬਲਕਿ ਲੰਗਰ ਰਾਹੀਂ ਸਾਂਝ ਅਤੇ ਬਰਾਬਰੀ ਦਾ ਸੁਨੇਹਾ ਦੇਣ ਲਈ ਬੈਠਦੇ ਹਨ। ਕੇਂਦਰ ਦੀ ਸਕੀਮ ਵਿਚ, ਗੁਰੂ ਘਰਾਂ ਨੂੰ ਅਪਣੇ ਆਪ ਨੂੰ ਖ਼ੈਰਾਤ ਵੰਡਣ ਵਾਲੀ ਸਮਾਜਕ ਸੰਸਥਾ ਵਜੋਂ ਰਜਿਸਟਰ ਕਰਵਾਣਾ ਪਵੇਗਾ। ਸਿੱਖ ਧਰਮ ਖ਼ੈਰਾਤ ਜਾਂ ਭੀਖ ਦੀ ਪ੍ਰਥਾ ਨੂੰ ਹੀ ਨਹੀਂ ਮੰਨਦਾ। ਗੋਲਕ ਵਿਚ ਦਿਤਾ ਪੈਸਾ ਸਿੱਖਾਂ ਵਲੋਂ ਦਿਤੀ ਖ਼ੈਰਾਤ ਨਹੀਂ ਹੁੰਦਾ ਬਲਕਿ ਬਰਾਬਰ ਦੇ ਲੋਕਾਂ ਨਾਲ ਸਾਂਝ ਪਾਉਣ ਲਈ ਹਰ ਗ਼ਰੀਬ ਅਮੀਰ ਸਿੱਖ ਨੇ ਅਪਣੀ ਕਮਾਈ ਦਾ ਹਿੱਸਾ ਵੱਖ ਕੀਤਾ ਹੁੰਦਾ ਹੈ।
ਜਿਸ ਅਸੂਲ (ਖ਼ੈਰਾਤ) ਦੇ ਲਾਗੂ ਹੋਣ ਤੇ ਅਕਾਲੀ ਖ਼ੁਸ਼ੀ ਮਨਾ ਰਹੇ ਸਨ, ਉਹ ਉਨ੍ਹਾਂ ਦੇ ਅਪਣੇ ਧਰਮ ਦਾ ਅਸੂਲ ਨਹੀਂ, ਉਹ ਹਿੰਦੂਤਵ ਦੀ ਸੋਚ ਹੈ ਅਤੇ ਪਿਛੋਂ ਆਰ.ਐਸ.ਐਸ. ਤੋਂ ਆਉਂਦੀ ਹੈ। ਉਹ ਖ਼ੈਰਾਤ ਅਤੇ ਦਾਨ ਵਿਚ ਵਿਸ਼ਵਾਸ ਰਖਦੇ ਹਨ ਅਤੇ ਇਹ ਉਨ੍ਹਾਂ ਨੂੰ ਹੀ ਜਚਦੀ ਹੈ। ਪਰ ਅਕਾਲੀ ਦਲ ਅਤੇ ਉਨ੍ਹਾਂ ਹੇਠ ਗੋਡੇ ਟੇਕੀ ਬੈਠੀ ਸ਼੍ਰੋਮਣੀ ਕਮੇਟੀ, ਪਹਿਲੀ ਸੱਟੇ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਇਹ ਸਿੱਖ ਫ਼ਲਸਫ਼ੇ ਦੇ ਐਨ ਉਲਟ ਜਾਂਦੀ ਗੱਲ ਹੈ। ਆਰ.ਐਸ.ਐਸ. ਦੇ ਹੇਠ ਐਨ.ਸੀ.ਈ.ਆਰ.ਟੀ. ਨੇ ਪੀ.ਐਸ.ਈ.ਬੀ. ਦੀਆਂ ਕਿਤਾਬਾਂ ਵਿਚ ਤਬਦੀਲੀਆਂ ਕਰਵਾ ਦਿਤੀਆਂ,
ਪਰ ਅਕਾਲੀ ਸਰਕਾਰ ਨੂੰ ਪਤਾ ਹੀ ਨਾ ਚਲਿਆ ਕਿ ਉਨ੍ਹਾਂ ਕੋਲੋਂ ਆਰ.ਐਸ.ਐਸ. ਨੇ ਕੀ ਗ਼ਲਤੀ ਕਰਵਾ ਦਿਤੀ ਸੀ। ਕਾਂਗਰਸ ਸਰਕਾਰ ਵੇਲੇ ਜਦੋਂ ਕਿਸੇ ਨੇ ਦਸਿਆ ਤਾਂ ਉਨ੍ਹਾਂ ਰੌਲਾ ਪਾ ਦਿਤਾ ਪਰ ਇਹ ਵੀ ਸੱਚ ਸੀ ਕਿ ਉਨ੍ਹਾਂ ਇਹ ਗ਼ਲਤੀ ਆਪ ਹੀ ਕੀਤੀ ਸੀ ਤੇ ਅਪਣੇ ਰਾਜ ਦੌਰਾਨ ਕੀਤੀ ਸੀ। ਅਕਾਲੀ ਦਲ ਦੇ ਆਗੂਆਂ ਨੂੰ ਅਪਣੀ ਬੁਨਿਆਦੀ ਕਮਜ਼ੋਰੀ ਨੂੰ ਆਪ ਸਮਝਣਾ ਪਵੇਗਾ ਨਹੀਂ ਤਾਂ ਉਹ ਅਪਣੀ ਕਬਰ ਨੂੰ ਆਪ ਹੀ ਖੋਦ ਰਹੇ ਹੋਣਗੇ। ਅਕਾਲੀ ਦਲ ਨੂੰ ਗ਼ਲਤਫ਼ਤਹਿਮੀ ਹੈ ਕਿ ਸਿੱਖ ਫ਼ਲਸਫ਼ਾ ਸਿਰਫ਼ ਪਹਿਰਾਵੇ ਨਾਲ ਜੁੜਿਆ ਹੋਇਆ ਹੈ।
ਸਿਰ ਤੇ ਚੁੰਨੀ, ਨੀਲੀ ਪੱਗ, ਗਾਤਰਾ, ਸਿੱਖ ਫ਼ਲਸਫ਼ਾ ਨਹੀਂ। ਉਹ ਤਾਂ ਘੁਬਾਇਆ ਨੇ ਉਤਾਰ (ਵੀਡੀਉ ਵਿਚ) ਕੇ ਸਿੱਖ ਕਕਾਰਾਂ ਪ੍ਰਤੀ ਅਤੇ ਰਿਸ਼ਤਿਆਂ ਪ੍ਰਤੀ ਸਤਿਕਾਰ ਦਾ ਨਮੂਨਾ ਵਿਖਾ ਹੀ ਦਿਤਾ ਸੀ। ਜੇ ਸਿੱਖ ਫ਼ਲਸਫ਼ੇ ਦੀ ਸਮਝ ਦਿਲ ਵਿਚ ਵਸੀ ਹੋਵੇ ਤਾਂ ਉਹ ਅਕਾਲੀ ਦਲ ਦੇ ਉੱਚ ਆਗੂਆਂ ਦੇ ਸ਼ਬਦਾਂ ਅਤੇ ਲਫ਼ਜ਼ਾਂ ਅਤੇ ਕਦਮਾਂ ਵਿਚ ਝਲਕਦੀ ਨਜ਼ਰ ਆਉਣੀ ਚਾਹੀਦੀ ਹੈ।
ਅੱਜ ਹੰਕਾਰ, ਨਾਸਮਝੀ, ਜ਼ਿੱਦ, ਰੰਜਿਸ਼ ਅਤੇ ਇਨ੍ਹਾਂ ਪਿੱਛੇ ਉਨ੍ਹਾਂ ਦੀ ਕਮਜ਼ੋਰੀ, ਡਰ ਅਤੇ ਹਾਰ ਝਲਕਦੀ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਅਪਣੇ ਨਜ਼ਦੀਕ ਸਿੱਖੀ ਦੇ ਨਿਰਪੱਖ ਤੇ ਸੱਚ ਬਿਆਨ ਕਰਨ ਵਾਲੇ ਵਿਦਵਾਨ ਸਲਾਹਕਾਰ ਵੀ ਰਖਣੇ ਚਾਹੀਦੇ ਹਨ। ਜੀਅ ਹਜ਼ੂਰੀਏ ਉਨ੍ਹਾਂ ਨੂੰ ਤੇ ਪਾਰਟੀ ਨੂੰ ਮਰਵਾ ਦੇਣਗੇ ਤੇ ਪੰਥਕ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਨਿਖੇੜ ਕੇ ਰੱਖ ਦੇਣਗੇ। -ਨਿਮਰਤ ਕੌਰ