Editorial: ਨੁਕਤਾਚੀਨਾਂ ਨੂੰ ਇਨ੍ਹਾਂ ਟਿੱਪਣੀਆਂ ਪਿੱਛੇ ਔਰਤ ਜ਼ਾਤ ਨੂੰ ਹੀਣ ਤੇ ਤੁੱਛ ਸਮਝਣ ਵਾਲੀ ਭਾਵਨਾ ਨਜ਼ਰ ਆਈ
Editorial: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਪਣੀ ਪਤਨੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਜੇਕਰ ਵਿਵਾਦ ਵਿਚ ਘਿਰ ਗਏ ਹਨ ਤਾਂ ਇਹ ਮੁਸੀਬਤ ਉਨ੍ਹਾਂ ਨੇ ਆਪ ਹੀ ਸਹੇੜੀ ਹੈ। ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ ਅਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਦੌਰਾਨ ਇਕ ਇਕੱਠ ਵਿਚ ਉਨ੍ਹਾਂ ਨੇ ਅੰਮ੍ਰਿਤਾ ਬਾਰੇ ਸ਼ਿਕਵਾ ਕੀਤਾ : ‘‘ਮੈਂ ਕੀ ਕਰਾਂ, ਉਹ ਤਾਂ ਸਵੇਰੇ ਛੇ ਵਜੇ ਸੁਰਖ਼ੀ-ਬਿੰਦੀ ਲਾ ਕੇ ਘਰ ਤੋਂ ਚਲੀ ਜਾਂਦੀ ਆ ਤੇ ਰਾਤ ਦੇ 11 ਵਜੇ ਵਾਪਸ ਆਉਂਦੀ ਆ। ਮੇਰੇ ਕੰਮ ਤੋਂ ਤਾਂ ਗਈ। ਮੇਰੇ ਲਈ ਕੋਈ ਲਾਂਗਰੀ ਲੱਭ ਦਿਉ।.... ਫਿਰ ਵਿਆਹ, ਭੋਗ, ਜਗਰਾਤੇ.... ਹਰ ਥਾਂ ਪਹੁੰਚ ਜਾਊਂ।’’ ਰਾਜਾ ਵੜਿੰਗ ਨੇ ਇਹ ਅਲਫ਼ਾਜ਼ ਭਾਵੇਂ ਅਪਣੇ ਵਲੋਂ ਮਜ਼ਾਹੀਆ ਤੌਰ ’ਤੇ ਵਰਤੇ, ਪਰ ਇਨ੍ਹਾਂ ਪਿਛਲੀ ਮਰਦ-ਪ੍ਰਧਾਨੀ ਸੋਚ ਨੂੰ ਫੜਨ ਵਿਚ ਉਨ੍ਹਾਂ ਦੇ ਨੁਕਤਾਚੀਨਾਂ ਨੇ ਦੇਰ ਨਹੀਂ ਲਾਈ।
ਨੁਕਤਾਚੀਨਾਂ ਨੂੰ ਇਨ੍ਹਾਂ ਟਿੱਪਣੀਆਂ ਪਿੱਛੇ ਔਰਤ ਜ਼ਾਤ ਨੂੰ ਹੀਣ ਤੇ ਤੁੱਛ ਸਮਝਣ ਵਾਲੀ ਭਾਵਨਾ ਨਜ਼ਰ ਆਈ। ਨਜ਼ਰ ਆਉਣੀ ਵੀ ਚਾਹੀਦੀ ਹੈ, ਚਾਹੇ ਅੰਮ੍ਰਿਤਾ ਵੜਿੰਗ ਖ਼ੁਦ ਇਨ੍ਹਾਂ ਬਾਰੇ ਕੁੱਝ ਵੀ ਕਹੇ ਅਤੇ ਇਨ੍ਹਾਂ ਨੂੰ ਕਿੰਨਾ ਵੀ ‘ਜਾਇਜ਼’ ਕਿਉਂ ਨਾ ਦੱਸੇ।
ਇਨ੍ਹਾਂ ਟਿੱਪਣੀਆਂ ਬਾਰੇ ਸੱਭ ਤੋਂ ਪਹਿਲਾਂ ਇਤਰਾਜ਼ ਰੇਲਾਂ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ। ਉਨ੍ਹਾਂ ਨੇ ਇਨ੍ਹਾਂ ਟਿੱਪਣੀਆਂ ਨੂੰ ਕੰਮਕਾਜੀ ਔਰਤਾਂ ਪ੍ਰਤੀ ‘ਹਿਕਾਰਤ’ ਵਾਲਾ ਦਸਿਆ। ਉਨ੍ਹਾਂ ਇਹ ਵੀ ਕਿਹਾ ਕਿ ਰਾਜਾ ਵੜਿੰਗ ਵਰਗੇ ਆਗੂਆਂ ਨੂੰ ਔਰਤਾਂ ਦੀ ਪ੍ਰਗਤੀ ਅੱਜ ਦੇ ਯੁੱਗ ਵਿਚ ਵੀ ਨਹੀਂ ਸੁਖਾ ਰਹੀ। ਉਹ ਔਰਤਾਂ ਨੂੰ ਬੱਚੇ ਜਣਨ ਤੇ ਪਾਲਣ, ਚੁੱਲ੍ਹਾ-ਚੌਂਕਾ ਕਰਨ, ਘਰ ਨੂੰ ਸਾਂਭਣ ਤੇ ਪਤੀ ਦੀ ਸੇਵਾ ਕਰਨ ਵਾਲੀ ਮਸ਼ੀਨ ਤੋਂ ਵੱਧ ਹੋਰ ਕੁੱਝ ਨਹੀਂ ਸਮਝਣਾ ਚਾਹੁੰਦੇ।
ਕੰਮਕਾਜੀ ਔਰਤਾਂ ਅਪਣੀ ਮਿਹਨਤ ਰਾਹੀਂ ਘਰਾਂ-ਪਰਿਵਾਰਾਂ ਦੀ ਖ਼ੁਸ਼ਹਾਲੀ ਵਿਚ ਕਿੰਨਾ ਯੋਗਦਾਨ ਪਾ ਰਹੀਆਂ ਹਨ, ਉਸ ਨੂੰ ਇਨ੍ਹਾਂ ਆਗੂਆਂ ਵਲੋਂ ਕਿੰਨੇ ਮਜ਼ਾਹੀਆ ਢੰਗ ਨਾਲ ਨਿਗੂਣਿਆਂ ਜਾ ਰਿਹਾ ਹੈ। ਸ੍ਰੀ ਬਿੱਟੂ ਦੇ ਕਥਨਾਂ ਨੂੰ ਭਾਵੇਂ ਰਾਜਸੀ ਵਿਰੋਧ ਦੀ ਉਪਜ ਮੰਨਿਆ ਜਾ ਰਿਹਾ ਹੈ, ਪਰ ਫਿਰ ਵੀ ਇਨ੍ਹਾਂ ਅੰਦਰਲੀ ਸੱਚਾਈ ਨੂੰ ਖ਼ਾਰਿਜ ਨਹੀਂ ਕੀਤਾ ਜਾ ਸਕਦਾ। ਅੰਮ੍ਰਿਤਾ ਵੜਿੰਗ ਵਲੋਂ ਵੀ ਨਹੀਂ। ਔਰਤਾਂ ਦੀ ਜੱਦੋ-ਜਹਿਦ ਨੂੰ ਹਾਸੇ-ਠੱਠੇ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।
ਦੁਨੀਆਂ ਵਿਚ ਔਰਤਾਂ ਦੀ ਵਸੋਂ ਇਸ ਸਮੇਂ ਕੁਲ ਮਾਨਵੀ ਆਬਾਦੀ ਦਾ 51 ਫ਼ੀਸਦੀ ਹੈ। ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਤੇ ਪਰਿਵਾਰਕ ਅੜਿੱਕਿਆਂ ਅਤੇ ਢੇਰਾਂ ਜ਼ਿੰਮੇਵਾਰੀਆਂ ਦੇ ਬਾਵਜੂਦ ਅੱਜ ਉਹ ਇਨਸਾਨੀ ਜੀਵਨ ਦੇ ਹਰ ਖੇਤਰ ਵਿਚ ਪੁਰਸ਼ਾਂ ਦੇ ਹਾਣ ਦੀਆਂ ਸਾਬਤ ਹੋ ਰਹੀਆਂ ਹਨ। ਅਜਿਹੀ ਕਾਬਲੀਅਤ ਪੈਰ-ਪੈਰ ’ਤੇ ਦਰਸਾਉਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਵੀ ਪੁਰਸ਼ਾਂ ਤੋਂ ਹੀਣ ਮੰਨਣਾ ਪੁਰਸ਼ਾਂ ਅੰਦਰਲੀ ਅਸੁਰੱਖਿਆ ਦਾ ਪ੍ਰਗਟਾਵਾ ਹੈ। ‘ਸੁਰਖ਼ੀ-ਬਿੰਦੀ’ ਅਤੇ ‘ਕੰਮ ਦੀ ਨਾ ਰਹਿਣਾ’ ਵਰਗੇ ਅਲਫ਼ਾਜ਼ ਇਸੇ ਅਸੁਰੱਖਿਆ ਦੀ ਨੁਮਾਇੰਦਗੀ ਕਰਦੇ ਹਨ।
ਰਾਜਾ ਵੜਿੰਗ ਉਸ ਸਿਆਸੀ ਪਾਰਟੀ (ਕਾਂਗਰਸ) ਨਾਲ ਸਬੰਧਤ ਹਨ ਜਿਸ ਨੇ ਸਾਡੇ ਦੇਸ਼ ਨੂੰ ਇੰਦਿਰਾ ਗਾਂਧੀ ਦੇ ਰੂਪ ਵਿਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੀ ਬਖ਼ਸ਼ੀ ਅਤੇ ਪਹਿਲੀ ਕਾਂਗਰਸ ਪ੍ਰਧਾਨ ਵੀ। ਦਰਅਸਲ, ਪਾਰਟੀ ਪ੍ਰਧਾਨ ਤਾਂ ਉਹ 1959 ਵਿਚ ਹੀ ਬਣ ਗਏ ਸਨ, ਪ੍ਰਧਾਨ ਮੰਤਰੀ ਤਾਂ 1966 ਵਿਚ ਬਣੇ। ਉਨ੍ਹਾਂ ਦੀ ਹੀ ਨੂੰਹ, ਸੋਨੀਆ ਗਾਂਧੀ 15 ਵਰਿ੍ਹਆਂ ਤੋਂ ਵੱਧ ਸਮੇਂ ਲਈ ਕਾਂਗਰਸ ਪਾਰਟੀ ਦੀ ਸਰਵੋ-ਸਰਵਾ ਰਹੀ। ਅਜਿਹੇ ਇਤਿਹਾਸ ਵਾਲੀ ਪਾਰਟੀ ਦੇ ਹਰ ਆਗੂ ਤੋਂ ਇਹੋ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਅਪਣੀ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਲਗਾਮ ਦਾ ਧਿਆਨ ਜ਼ਰੂਰ ਰੱਖ ਲੈਣ।
ਰਾਜਾ ਵੜਿੰਗ ਤਾਂ ਖ਼ੁਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹਨ; ਉਨ੍ਹਾਂ ਤੋਂ ਤਾਂ ਹੋਰ ਵੀ ਵੱਧ ਜ਼ਬਤ ਦੀ ਆਸ ਰੱਖੀ ਜਾਂਦੀ ਹੈ। ਖ਼ੈਰ, ਜਿਸ ਢੰਗ ਨਾਲ ਇਹ ਵਿਵਾਦ ਉਭਰਿਆ ਹੈ, ਉਸ ਤੋਂ ਇਹੋ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਿਆਸਤਦਾਨਾਂ ਤੇ ਹੋਰ ਸਮਾਜਿਕ-ਧਾਰਮਿਕ-ਸਭਿਆਚਾਰਕ ਹਸਤੀਆਂ ਨੂੰ ਔਰਤਾਂ ਬਾਰੇ ਬੋਲਣ ਤੋਂ ਪਹਿਲਾਂ ਸੰਜਮ ਤੇ ਸੁਹਜ ਦਾ ਧਿਆਨ ਰੱਖਣ ਦਾ ਪਾਠ ਅਵੱਸ਼ ਪੜ੍ਹਾਏਗਾ।