
ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਸਿਆਸੀ ਲੋਕ ਅਪਣੇ ਮਤਲਬ ਲਈ ਵਰਤਦੇ ਤਾਂ 36 ਸਾਲਾਂ ਤੋਂ ਆ ਰਹੇ ਹਨ
ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਸਿਆਸੀ ਲੋਕ ਅਪਣੇ ਮਤਲਬ ਲਈ ਵਰਤਦੇ ਤਾਂ 36 ਸਾਲਾਂ ਤੋਂ ਆ ਰਹੇ ਹਨ ਪਰ ਇਸ ਵਾਰ ਮੁੱਖ ਸੇਵਾਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ 36ਵੀਂ ਵਰ੍ਹੇਗੰਢ ਤੇ ਜੋ ਕੁੱਝ ਆਖਿਆ, ਉਸ ਨੂੰ ਸੁਣ ਕੇ ਹਰ ਕੋਈ ਭੰਬਲਭੂਸੇ ਵਿਚ ਪੈ ਗਿਆ ਹੈ ਕਿ ਆਖ਼ਰ ਇਹ ਸੱਭ ਕਹਿਣ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ?
Operation Blue Star
ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦੋਹਾਂ ਦੀ ਚੋਣ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀ ਮਰਜ਼ੀ ਨਾਲ ਹੁੰਦੀ ਹੈ। ਪਰ ਕੀ ਦੋਹਾਂ ਵਲੋਂ ਖ਼ਾਲਿਸਤਾਨ ਦੇ ਖੁਲੇਆਮ ਸਮਰਥਨ ਦਾ ਬਿਆਨ ਉਨ੍ਹਾਂ ਦੀ ਹਦਾਇਤ ਤੋਂ ਬਿਨਾਂ ਹੀ ਆਇਆ ਹੈ? ਇਸ ਸਾਲ ਨਵੰਬਰ ਦੌਰਾਨ 2020 ਵਿਚ ਖ਼ਾਲਿਸਤਾਨ ਰੈਫ਼ਰੈਂਡਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਦਕਾ ਕਈ ਨੌਜੁਆਨ, ਪੁਲਿਸ ਵਲੋਂ ਅਤਿਵਾਦੀ ਕਰਾਰ ਦੇ ਕੇ ਫੜੇ ਜਾ ਚੁੱਕੇ ਹਨ ਅਤੇ ਥੋੜਾ ਚਿਰ ਪਹਿਲਾਂ ਪੰਜਾਬ ਦੇ ਡੀ.ਜੀ.ਪੀ. ਵਲੋਂ ਖ਼ਾਲਿਸਤਾਨ ਦੇ ਨਾਂ ਤੇ ਪਾਕਿਸਤਾਨ ਵਲੋਂ ਅਤਿਵਾਦ ਰਾਹੀਂ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਗੱਲ ਵੀ ਕੀਤੀ ਗਈ ਸੀ।
Khalistan
ਸੋ ਇਨ੍ਹਾਂ ਹਾਲਾਤ ਵਿਚ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਇਹ ਬਿਆਨ ਕਿਉਂ ਦਿਵਾਇਆ ਗਿਆ? ਉਨ੍ਹਾਂ ਮੁਤਾਬਕ ਕਿਹੜਾ ਸਿੱਖ ਖ਼ਾਲਿਸਤਾਨ ਨਹੀਂ ਚਾਹੁੰਦਾ? ਵੋਟਾਂ ਪੁਆਏ ਬਗ਼ੈਰ ਤਾਂ ਕੁੱਝ ਨਹੀਂ ਆਖਿਆ ਜਾ ਸਕਦਾ ਕਿ ਹਰ ਸਿੱਖ ਖ਼ਾਲਿਸਤਾਨ ਦੀ ਮੰਗ ਕਰਦਾ ਹੈ। ਜੇ ਇਹ ਬਿਆਨ ਅਕਾਲੀ ਦਲ ਵਲੋਂ ਅਪਣੀ ਪਾਰਟੀ ਦੀ ਬਿਖਰੀ ਹੋਈ 'ਪੰਥਕ ਵੋਟ' ਨੂੰ ਅਪਣੇ ਦੁਆਲੇ ਇਕੱਤਰ ਕਰਨ ਵਾਸਤੇ ਦਿਵਾਇਆ ਗਿਆ ਹੈ ਤਾਂ ਉਹ ਸੋਚ ਵੀ ਗ਼ਲਤ ਹੈ।
Akali Dal
ਅੱਜ ਲੋਕ ਸਰਕਾਰ ਤੋਂ ਨਾਰਾਜ਼ ਹਨ ਪਰ ਉਹ ਬਿਨਾ ਤਿਆਰੀ ਅਤੇ ਬਿਨਾ ਸੋਚ ਵਿਚਾਰ ਕੀਤੇ, ਅਚਾਨਕ ਜਾਰੀ ਕਰਵਾਏ ਗਏ ਇਸ ਬਿਆਨ ਮਗਰ ਲੱਗ ਕੇ ਹੀ ਬਰਗਾੜੀ ਅਤੇ ਨਸ਼ੇ ਫੈਲਾਉਣ ਦੇ ਇਲਜ਼ਾਮ ਤੋਂ ਅਕਾਲੀ ਦਲ ਨੂੰ ਮਾਫ਼ ਨਹੀਂ ਕਰ ਦੇਣਗੇ, ਖ਼ਾਸ ਤੌਰ ਤੇ ਉਸ ਸਮੇਂ ਜਦ 'ਬਾਦਲਕੇ' ਅੱਜ ਨੰਗੇ ਚਿੱਟੇ ਰੂਪ ਵਿਚ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਮਿੱਤਰਤਾ ਦਾ ਅਨੰਦ ਮਾਣਦੇ ਹੋਏ, ਉਨ੍ਹਾਂ ਦੇ ਵਕੀਲ ਬਣੇ ਹੋਏ ਹਨ।
Akali BJP
ਕਿਸਾਨ-ਵਿਰੋਧੀ ਕਾਨੂੰਨ ਕੇਂਦਰ ਪਾਸ ਕਰੇ ਤਾਂ ਕੇਂਦਰ ਦੀ ਹਮਾਇਤ ਵਿਚ ਵੋਟ ਪਾਉਂਦੇ ਹਨ ਤੇ ਪੰਜਾਬ ਸਰਕਾਰ ਵਿਰੁਧ ਧਰਨੇ ਮਾਰਨ ਲਗਦੇ ਹਨ ਕਿ ਉਨ੍ਹਾਂ ਦੀ ਹਮਾਇਤ ਨਾਲ ਪਾਸ ਹੋਏ ਕਾਨੂੰਨ ਨੂੰ ਕਾਂਗਰਸ ਸਰਕਾਰ ਲਾਗੂ ਕਿਉਂ ਕਰ ਰਹੀ ਹੈ? ਕੇਂਦਰ ਵਿਰੁਧ ਇਕ ਲਫ਼ਜ਼ ਨਹੀਂ ਬੋਲਦੇ। ਜੇ ਇਹ ਬਿਆਨ ਅਕਾਲੀ-ਭਾਜਪਾ ਦੀ ਸਾਂਝੀ ਨੀਤੀ ਅਨੁਸਾਰ ਹੈ ਕਿ ਸਿੱਖ ਅਤੇ ਹਿੰਦੂ ਵੋਟਰਾਂ ਨੂੰ ਅਗਲੀਆਂ ਚੋਣਾਂ ਵਿਚ ਇਕ-ਦੂਜੇ ਨਾਲ ਲੜਾ ਦਿਤਾ ਜਾਏ ਤਾਂ ਹੋਰ ਵੀ ਜ਼ਿਆਦਾ ਅਫ਼ਸੋਸ ਦੀ ਗੱਲ ਹੈ ਕਿ ਚੁੱਪੀ ਦੀ ਥਾਂ ਅੱਜ ਜਥੇਦਾਰ ਅਪਣੀ ਕਾਬਜ਼ ਪਾਰਟੀ ਦੇ ਇਸ਼ਾਰੇ ਤੇ ਪੰਜਾਬ ਦੀ ਏਕਤਾ ਨੂੰ ਉਹ ਰੂਪ ਦੇ ਰਹੇ ਹਨ ਜੋ, ਉਨ੍ਹਾਂ ਅਨੁਸਾਰ ਕਾਂਗਰਸ ਨੂੰ ਪੰਜਾਬ ਵਿਚ ਜਿੱਤਣ ਨਹੀਂ ਦੇਵੇਗਾ।
Khalistan
ਜੇ 'ਜਥੇਦਾਰ' ਵਲੋਂ ਇਹ ਬਿਆਨ ਅਪਣੀ ਮਰਜ਼ੀ ਨਾਲ ਦਿਤਾ ਗਿਆ ਹੈ ਤਾਂ ਵੀ ਇਸ ਨਾਲ ਪੰਜਾਬ ਦਾ ਨੁਕਸਾਨ ਹੀ ਹੋਵੇਗਾ। ਖ਼ਾਲਿਸਤਾਨ ਨੂੰ ਸਮਰਥਨ ਦੇਂਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਦੇਵੇ ਤਾਂ ਲੈ ਲਵਾਂਗੇ। ਉਨ੍ਹਾਂ ਦੀ ਸੋਚ ਤੇ ਸਵਾਲ ਖੜਾ ਹੋ ਜਾਂਦਾ ਹੈ। ਕੇਂਦਰ ਕਸ਼ਮੀਰ ਦੀ ਧਰਤੀ ਨੂੰ ਅਪਣੇ ਨਾਲ ਰੱਖਣ ਵਾਸਤੇ ਕਸ਼ਮੀਰ ਨੂੰ ਜਹੱਨੁਮ ਬਣਾ ਸਕਦਾ ਹੈ ਪਰ ਆਜ਼ਾਦੀ ਨਹੀਂ ਦੇ ਸਕਦਾ।
Dgp
ਸੋ ਕੇਂਦਰ ਨੇ ਕਦੇ ਖ਼ਾਲਿਸਤਾਨ ਨਹੀਂ ਦੇਣਾ, ਫਿਰ ਅਜਿਹੇ ਸੁਪਨੇ ਨੂੰ ਹਵਾ ਦੇਣ ਦਾ ਕੀ ਮਤਲਬ? ਕੀ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਬਿਆਨ ਨਾਲ ਕੁੱਝ ਨਿਰਾਸ਼ ਗਰਮ ਖ਼ਿਆਲ ਨੌਜੁਆਨ ਇਕ ਹਿੰਸਕ ਰਸਤੇ ਉਤੇ ਚੱਲਣ ਦਾ ਖ਼ਤਰਾ ਸਹੇੜ ਸਕਦੇ ਹਨ? ਜੇ ਜਥੇਦਾਰ ਅੱਜ ਦੇ ਹਾਲਾਤ ਤੋਂ ਜਾਣੂ ਹਨ ਅਤੇ ਪੰਜਾਬ ਸਰਕਾਰ ਦੀ ਸ਼ਰਾਬ ਦੀ ਵਿਕਰੀ ਦੀ ਆਮਦਨ ਤੋਂ ਜਾਣੂ ਹਨ ਤਾਂ ਕੀ ਉਹ ਪੰਜਾਬ ਦੇ ਡੀ.ਜੀ.ਪੀ. ਅਤੇ ਖ਼ਾਲਿਸਤਾਨੀ ਅਤਿਵਾਦ ਸਬੰਧੀ ਬਿਆਨ ਤੋਂ ਜਾਣੂ ਨਹੀਂ ਸਨ? ਫਿਰ ਖ਼ਾਲਿਸਤਾਨ ਕੋਈ ਜੁਮਲਾ ਹੈ ਕਿ ਅੱਜ ਬਿਆਨ ਦਿਤਾ ਤੇ ਗੱਲ ਖ਼ਤਮ?
Shiromani Akali Dal
ਕੀ ਅਕਾਲੀ ਦਲਾਂ ਤੋਂ ਉਨ੍ਹਾਂ ਨੇ ਮਤੇ ਪਾਸ ਕਰਵਾ ਲਏ ਹਨ? ਉਹ 'ਲੀਡਰਾਂ' ਲਈ ਤਾਂ ਬੱਚ ਨਿਕਲਣ ਤੇ ਕੇਂਦਰ ਸਰਕਾਰ ਦੀਆਂ ਕੁਰਸੀਆਂ ਤੇ ਡਟੇ ਰਹਿਣ ਦਾ ਰਾਹ ਖੁਲ੍ਹਾ ਛੱਡ ਗਏ ਹਨ ਪਰ ਨੌਜੁਆਨਾਂ ਉਤੇ ਜੋ ਜ਼ੁਲਮ ਢਹਿਣਾ ਸ਼ੁਰੂ ਹੋ ਜਾਏਗਾ, ਉਸ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ। ਕੌਣ ਹੋਵੇਗਾ ਇਸ ਖ਼ਾਲਿਸਤਾਨ ਲਹਿਰ ਦਾ ਆਗੂ? ਇਹ ਬਿਆਨ ਉਸੇ ਵਲੋਂ ਆਉਣਾ ਚਾਹੀਦਾ ਸੀ, ਸਿਆਸਤਦਾਨਾਂ ਦੀ ਮਿਹਰਬਾਨੀ ਸਦਕਾ ਬਣਾਏ ਗਏ ਅਗਿਆਤ ਜਹੇ, ਬਿਨਾ ਜੱਥੇ ਦੇ 'ਜਥੇਦਾਰ' ਵਲੋਂ ਨਹੀਂ।
Giani harpreet singh
'ਜਥੇਦਾਰ' ਵਲੋਂ ਇਕ ਹੋਰ ਗੱਲ ਵੀ ਆਖੀ ਗਈ। ਉਨ੍ਹਾਂ ਕਿਹਾ ਕਿ 36 ਸਾਲਾਂ ਮਗਰੋਂ ਅੱਜ ਵੀ ਕੇਂਦਰ ਸਿੱਖਾਂ ਨਾਲ ਮੰਦਾ ਸਲੂਕ ਕਰ ਰਿਹਾ ਹੈ। ਅੱਜ ਤਾਂ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿਚ ਬੈਠੇ ਨੂੰ ਛੇ ਸਾਲ ਹੋ ਚੁੱਕੇ ਹਨ ਅਤੇ ਪਹਿਲਾਂ ਵੀ ਪੰਜ ਸਾਲ ਅਕਾਲੀ ਦਲ, ਭਾਜਪਾ ਨਾਲ ਕੇਂਦਰ ਵਿਚ ਸੱਤਾ ਮਾਣ ਚੁਕਿਆ ਹੈ। ਇਹ ਕਹਿ ਕੇ ਕਿ ਅੱਜ ਵੀ ਕੇਂਦਰ ਸਿੱਖਾਂ ਦੇ ਵਿਰੁਧ ਹੈ, ਕੀ ਉਹ ਕੇਂਦਰੀ ਕੁਰਸੀਆਂ ਤੇ ਸਜੇ ਅਕਾਲੀਆਂ ਵਿਰੁਧ ਟਿਪਣੀ ਕਰ ਰਹੇ ਸਨ? ਕੀ ਉਹ ਇਹ ਆਖ ਰਹੇ ਹਨ
1984
ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਪਤਨੀ ਵੀ ਸਿੱਖਾਂ ਦੇ ਵਿਰੁਧ ਹਨ ਜੋ ਸਿੱਖ-ਵਿਰੋਧੀ ਸਰਕਾਰ ਦੇ ਭਾਈਵਾਲ ਹਨ? ਕੀ ਉਹ ਇਸ ਮੌਕੇ ਸਿਰਫ਼ ਅਪਣੇ ਉਤੇ ਹੁਕਮ ਚਲਾਉਣ ਵਾਲੇ ਅਕਾਲੀ ਸਿਆਸਤਦਾਨਾਂ ਨੂੰ ਤਾਅਨਾ ਮਾਰ ਰਹੇ ਸਨ? 1984 ਦਾ ਪੂਰਾ ਸੱਚ ਪੇਸ਼ ਕਰਨ ਦੀ ਗੱਲ ਕਰਨ ਦੇ ਨਾਲ ਨਾਲ ਜੇ ਉਨ੍ਹਾਂ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਸੱਚ ਹੀ ਪੇਸ਼ ਕਰ ਦਿਤਾ ਹੁੰਦਾ ਤਾਂ ਉਨ੍ਹਾਂ ਦੇ ਸ਼ਬਦਾਂ ਦੀ ਕੀਮਤ ਕੁੱਝ ਹੋਰ ਹੁੰਦੀ।
Sukhbir Badal
ਜੇ ਉਹ ਆਖਦੇ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਕਮ ਦੇਂਦੇ ਹਨ ਕਿ ਉਹ ਪੰਜਾਬ ਦੇ ਪਾਣੀਆਂ ਅਤੇ ਚੰਡੀਗੜ੍ਹ ਦੀ ਮੰਗ ਵਾਸਤੇ ਕੇਂਦਰ ਦੀਆਂ ਗੱਦੀਆਂ ਛੱਡ ਦੇਣ, ਤਾਂ ਵੀ ਗੱਲ ਕੁੱਝ ਹੋਰ ਹੁੰਦੀ। ਉਨ੍ਹਾਂ ਇਕ ਅਜਿਹੀ ਅੱਗ ਨੂੰ ਹਵਾ ਦਿਤੀ ਹੈ ਜਿਸ ਦਾ ਨਿਘ ਕਿਸੇ ਨੂੰ ਨਹੀਂ ਮਿਲਣਾ ਪਰ ਉਸ ਅੱਗ ਤੋਂ ਨਿਕਲੀਆਂ ਚੰਗਿਆੜੀਆਂ ਨਾਲ ਕਈ ਨੌਜੁਆਨਾਂ ਦੀ ਜਾਨ ਜਾ ਸਕਦੀ ਹੈ। ਕਾਰਨ ਜੋ ਵੀ ਹੋਵੇ, ਅੱਜ ਦੇ ਹਾਲਾਤ ਵਿਚ ਇਹ ਬਿਆਨ ਸਿੱਖ ਜਵਾਨੀ ਦਾ ਨੁਕਸਾਨ ਕਰਨ ਵਾਲਾ ਹੀ ਸਾਬਤ ਹੋਵੇਗਾ ਤੇ ਖ਼ਾਲਿਸਤਾਨ ਵੀ ਇਕ ਜੁਮਲਾ ਬਣ ਕੇ ਰਹਿ ਜਾਵੇਗਾ ਜਿਸ ਨੂੰ ਸਿਆਸਤਦਾਨ ਤੇ ਉਨ੍ਹਾਂ ਦੇ ਪ੍ਰਚਾਰਕ ਜਦ ਚਾਹੁਣ, ਵਰਤ ਕੇ ਵਕਤੀ ਵਾਹ ਵਾਹ ਕਰਵਾ ਲੈਂਦੇ ਹਨ। -ਨਿਮਰਤ ਕੌਰ