
ਇਸ ਮਾਮਲੇ ਵਿਚ ਸਿੱਖ ਕੌਮ ਯਤੀਮ ਬਣ ਚੁੱਕੀ ਹੈ
ਬਜ਼ੁਰਗ ਨੇ ਵੀ ਜਦੋਂ ਵੇਖਿਆ ਕਿ ਫ਼ੌਜੀ ਉਸ ਦੀ ਗੱਲ ਨਹੀਂ ਸੁਣ ਰਿਹਾ, ਉਸ ਨੇ ਵੀ ਰੱਬ ਅੱਗੇ ਆਖ਼ਰੀ ਦੁਹਾਈ ਲਾਈ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਵੇਂ ਉਹ ਵਿਦੇਸ਼ ਤੋਂ ਆ ਕੇ ਦਰਬਾਰ ਸਾਹਿਬ ਜਾ ਰਹੇ ਸਨ, ਉਨ੍ਹਾਂ ਦੀ ਪੀੜ ਨੂੰ ਆਵਾਜ਼ ਦੇਣ ਵਾਲਾ ਇਥੇ ਕੋਈ ਨਹੀਂ ਮਿਲਣਾ। ਇਸ ਪਿੱਛੇ ਵੀ ਵਪਾਰ ਅਤੇ ਸਿਆਸਤ ਕੰਮ ਕਰਦੀ ਹੈ ਤੇ ਸਿੱਖ ਕੌਮ ਵੀ ਸਮਝ ਲਵੇ ਕਿ ਪੰਜਾਬ ਵਿਚ ਪੰਥਕ ਆਗੂ ਹੁਣ ਕੋਈ ਨਹੀਂ ਰਹਿ ਗਏ। ਆਗੂਆਂ ਪੱਖੋਂ ਸਿੱਖ ਕੌਮ ਯਤੀਮ ਹੋ ਚੁੱਕੀ ਹੈ।
ਦਿੱਲੀ ਤੋਂ ਅੰਮ੍ਰਿਤਸਰ ਹਵਾਈ ਸਫ਼ਰ ਕਰਦੇ ਇਕ ਬਜ਼ੁਰਗ ਅੰਮ੍ਰਿਤਧਾਰੀ ਜੋੜੇ ਦੀ ਹਾਲਤ ਵੇਖ ਕੇ ਪੂਰੀ ਸਿੱਖ ਕੌਮ ਦੀ, ਆਗੂਆਂ ਪੱਖੋਂ ਯਤੀਮ ਹੋਣ ਦੀ ਹਾਲਤ ਦਾ ਅਹਿਸਾਸ ਹੋਇਆ। ਬਜ਼ੁਰਗ ਅਪਣੀ ਕਿਰਪਾਨ ਲਾਹੁਣ ਵੇਲੇ ਰੋ ਰਹੇ ਸਨ। ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੂੰ ਦੁਹਾਈ ਦੇ ਰਹੇ ਸਨ ਕਿ ਸਿੱਖ ਭਾਰਤ ਦਾ ਹਿੱਸਾ ਹੀ ਹਨ ਤੇ ਫਿਰ ਧਮਕੀ ਵੀ ਦੇ ਰਹੇ ਸਨ ਪਰ ਜਾਂਦੇ ਜਾਂਦੇ ਕਹਿ ਗਏ, ''ਰੱਬ ਸੱਭ ਠੀਕ ਕਰੇਗਾ।'' ਸੁਰੱਖਿਆ ਤੇ ਤੈਨਾਤ ਫ਼ੌਜੀ ਨੇ ਵੀ ਕਿਹਾ ਕਿ ਉਹ ਸਿੱਖਾਂ ਦੇ ਭਾਰਤੀ ਨਾਗਰਿਕ ਹੋਣ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਦੇ ਹੱਥ, ਸਰਕਾਰੀ ਹਦਾਇਤਾਂ ਨਾਲ ਬੱਝੇ ਹੋਏ ਹਨ। ਹਵਾਈ ਜਹਾਜ਼ਾਂ ਵਿਚ ਕਿਰਪਾਨ ਉਤੇ ਪਾਬੰਦੀ 2005 ਵਿਚ ਲੱਗੀ ਸੀ ਅਤੇ ਹੁਣ ਸਖ਼ਤੀ ਨਾਲ ਲਾਗੂ ਹੋ ਰਹੀ ਹੈ। ਨਾ ਉਸ ਬਜ਼ੁਰਗ ਜੋੜੇ ਦਾ ਕਸੂਰ ਸੀ ਅਤੇ ਨਾ ਸੁਰੱਖਿਆ ਮੁਲਾਜ਼ਮ ਦਾ ਸੀ, ਇਹ ਤਾਂ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਹੁਣ ਸਾਰੇ ਆਗੂ ਸਿੱਖਾਂ ਦਾ ਇਸਤੇਮਾਲ ਅਪਣੀ ਗੱਦੀ, ਗੋਲਕ ਅਤੇ ਵਪਾਰ ਦੇ ਵਿਕਾਸ ਲਈ ਕਰ ਰਹੇ ਹਨ, ਉਂਜ ਉਨ੍ਹਾਂ ਨੂੰ ਸਿੱਖਾਂ ਨਾਲ ਕੋਈ ਵਾਸਤਾ ਨਹੀਂ।ਅਜੇ ਦਸਤਾਰ ਦਾ ਮੁੱਦਾ ਸੁਲਝਿਆ ਨਹੀਂ ਸੀ ਕਿ ਪੰਜਾਬ ਬੋਰਡ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਦੇ ਵਰਕੇ ਘਟਾ ਕੇ ਪੇਸ਼ ਕਰਨ ਦਾ ਰੌਲਾ ਪੈ ਗਿਆ। ਆਵਾਜ਼ ਚੁੱਕਣ ਵਾਲੀ ਧਿਰ ਅਕਾਲੀ ਦਲ ਸੀ ਪਰ ਜਿਵੇਂ ਜਿਵੇਂ ਤੱਥ ਸਾਹਮਣੇ ਆਉਂਦੇ ਗਏ, ਇਹ ਸਪੱਸ਼ਟ ਹੁੰਦਾ ਗਿਆ ਕਿ ਸਾਰੀਆਂ ਤਬਦੀਲੀਆਂ, ਅਕਾਲੀ ਸਰਕਾਰ ਵੇਲੇ ਮਾਹਰਾਂ ਅਤੇ ਐਸ.ਜੀ.ਪੀ.ਸੀ. ਨਾਲ ਮਿਲ ਕੇ ਸੱਤਾ 'ਚੋਂ ਬਾਹਰ ਜਾਣ ਤੋਂ ਪਹਿਲਾਂ ਭਾਰਤ ਸਰਕਾਰ ਦੇ ਇਸ਼ਾਰੇ ਤੇ ਸ਼ੁਰੂ ਕਰਵਾਈਆਂ ਗਈਆਂ ਸਨ। ਸਿੱਖ ਗੁਰੂਆਂ ਦਾ ਇਤਿਹਾਸ ਘਟਾ ਕੇ ਕੁੱਝ ਹੋਰ ਧਾਰਮਕ ਜਾਣਕਾਰੀ ਪਾਈ ਗਈ ਸੀ। ਇਹ ਸੱਭ 2014 ਵਿਚ ਸ਼ੁਰੂ ਹੋ ਗਿਆ ਸੀ ਜਦੋਂ ਭਾਜਪਾ ਸੱਤਾ ਵਿਚ ਆਈ ਅਤੇ ਸਲੇਬਸ ਵਿਚ ਤਬਦੀਲੀਆਂ ਲਿਆਉਣ ਵਾਸਤੇ ਐਨ.ਸੀ.ਈ.ਆਰ.ਟੀ. ਅਤੇ ਐਸ.ਜੀ.ਪੀ.ਸੀ. ਨੇ ਅਕਾਲੀ ਦਲ ਦੀ ਦੇਖ-ਰੇਖ ਹੇਠ ਤਬਦੀਲੀਆਂ ਲਿਆਉਣ ਦੀ ਪ੍ਰਵਾਨਗੀ ਦੇ ਦਿਤੀ ਸੀ। ਚਲੋ ਸ਼ੁਕਰ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਜਜ਼ਬਾਤ ਦੀ ਕਦਰ ਕਰਦੇ ਹੋਏ, ਮਾਮਲਾ ਮੰਨੇ ਪ੍ਰਮੰਨੇ ਸਿੱਖ ਇਤਿਹਾਸਕਾਰਾਂ ਨੂੰ ਸੌਂਪ ਦਿਤਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਦੋ ਹੋਰ ਇਤਿਹਾਸਕਾਰ ਨਾਮਜ਼ਦ ਕਰਨ ਲਈ ਕਿਹਾ ਹੈ ਵਰਨਾ ਅਕਾਲੀ-ਬੀਜੇਪੀ ਸਰਕਾਰ ਵੇਲੇ ਮਾਮਲਾ ਉਠਦਾ ਤਾਂ ਉਨ੍ਹਾਂ ਨੇ ਆਸਾ ਰਾਮ ਤੇ ਸ਼੍ਰੀ ਸ਼੍ਰੀ ਵਰਗੇ ਦੋ ਚਾਰ 'ਹਿੰਦੂਤਵੀ' ਵੀ ਕਮੇਟੀ ਵਿਚ ਪਾ ਦੇਣੇ ਸਨ ਤਾਕਿ ਮੋਦੀ ਸਾਹਿਬ ਦੇ ਦਰਬਾਰ ਵਿਚ ਉਨ੍ਹਾਂ ਦੇ ਹੱਕ ਵਿਚ ਬੋਲਣ ਵਾਲੇ ਵੀ ਖ਼ੁਸ਼ ਰਹਿਣ। ਪਹਿਲੀ ਵਾਰ ਹੋਇਆ ਹੈ ਕਿ ਸਿੱਖ ਇਤਿਹਾਸ ਬਾਰੇ ਕਮੇਟੀ ਵਿਚ ਕੇਵਲ ਅਜ਼ਮਾਏ ਹੋਏ ਸਿੱਖ ਇਤਿਹਾਸਕਾਰ ਹੀ ਲਏ ਗਏ ਹਨ। ਪਰ ਸਵਾਲ ਉਠਦਾ ਹੈ ਕਿ ਅੱਜ ਅਕਾਲੀ ਦਲ ਕਿਉਂ ਇਹ ਮੁੱਦਾ ਚੁੱਕ ਰਿਹਾ ਹੈ ਜਦੋਂ ਉਸ ਨੇ ਆਪ ਹੀ ਸੱਭ ਤਬਦੀਲੀਆਂ ਲਈ ਪ੍ਰਵਾਨਗੀ ਦਿਤੀ ਸੀ?
Ghadkari & Harsimrat Kaur
ਜਦੋਂ ਪੰਜਾਬ ਦੇ ਬੱਚਿਆਂ ਦੇ ਦਿਮਾਗ਼ ਗਾਈਡਾਂ ਦੇ ਮੋਹਤਾਜ ਸਨ ਤਾਂ ਨਾ ਤਾਂ ਐਸ.ਜੀ.ਪੀ.ਸੀ. ਨੂੰ ਅਤੇ ਨਾ ਅਕਾਲੀ ਦਲ ਨੂੰ ਹੀ ਕੋਈ ਤਕਲੀਫ਼ ਹੋਈ। ਉਦੋਂ ਵੀ ਅੱਜ ਨਜ਼ਰ ਆਈਆਂ ਕਈ ਗਲਤੀਆਂ ਕਿਤਾਬਾਂ ਵਿਚ ਪੜ੍ਹਾਈਆਂ ਜਾ ਰਹੀਆਂ ਸਨ। ਮਹਾਰਾਸ਼ਟਰ ਨੂੰ ਨਿਤਿਨ ਗਡਕਰੀ ਨੇ 13.5 ਹਜ਼ਾਰ ਕਰੋੜ ਦੀ ਕੇਂਦਰ ਕੋਲੋਂ ਮਦਦ ਦਿਵਾ ਦਿਤੀ ਹੈ। ਪੰਜਾਬ ਦੇ ਕਿਸਾਨਾਂ ਦੀ ਲੋੜ ਮਹਾਰਾਸ਼ਟਰ ਦੇ ਕਿਸਾਨਾਂ ਤੋਂ ਘੱਟ ਨਹੀਂ ਸਗੋਂ ਵੱਧ ਹੀ ਹੋ ਸਕਦੀ ਹੈ, ਪਰ ਪੰਜਾਬ ਦੀ ਪ੍ਰਵਾਹ ਕਰਨ ਵਾਲਾ ਕੇਂਦਰੀ ਮੰਤਰੀ ਸਾਡੇ ਕੋਲ ਕੋਈ ਨਹੀਂ। ਟੀ.ਡੀ.ਪੀ. ਦੇ ਮੰਤਰੀਆਂ ਨੇ ਅਪਣੇ ਸੂਬੇ ਦੀ ਖ਼ਾਤਰ ਵਜ਼ੀਰੀਆਂ ਵਗਾਹ ਮਾਰੀਆਂ ਸਨ ਭਾਵੇਂ ਉਨ੍ਹਾਂ ਦੇ ਮੰਤਰਾਲੇ ਹਰਸਿਮਰਤ ਕੌਰ ਬਾਦਲ ਦੇ ਮਹਿਕਮੇ ਨਾਲੋਂ ਜ਼ਿਆਦਾ ਅਹਿਮ ਸਨ। ਇਹ ਉਹ ਆਗੂ ਹਨ ਜੋ ਅਪਣੇ ਸੂਬੇ ਦੇ ਹਿਤਾਂ ਉਪਰੋਂ ਅਪਣੇ ਹਿਤਾਂ ਨੂੰ ਕੁਰਬਾਨ ਕਰ ਸਕਦੇ ਹਨ। ਸਾਡੇ ਕੇਂਦਰੀ ਮੰਤਰੀ ਜੀ.ਐਸ.ਟੀ. ਲਾਗੂ ਹੋਣ ਤੋਂ ਇਕ ਸਾਲ ਬਾਅਦ, ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸੁਰਖ਼ੀਆਂ ਵਿਚ ਆ ਜਾਂਦੇ ਹਨ। ਪੰਜਾਬ ਦਾ ਹਰ ਮੁੱਦਾ ਭਾਵੇਂ ਉਹ '84 ਕਤਲੇਆਮ ਦੇ ਪੀੜਤਾਂ ਲਈ ਨਿਆਂ ਦਾ ਹੋਵੇ, ਭਾਵੇਂ ਉਹ ਪੰਜਾਬ ਦੀ ਰਾਜਧਾਨੀ ਵਾਪਸ ਪੰਜਾਬ ਦੇ ਹਵਾਲੇ ਕਰਨ ਬਾਰੇ ਹੋਵੇ, ਭਾਵੇਂ ਉਹ ਪੰਜਾਬ ਦੇ ਪਾਣੀਆਂ ਬਾਰੇ ਹੋਵੇ, ਦਸਤਾਰ ਦੀ ਇੱਜ਼ਤ ਬਾਰੇ ਹੋਵੇ, ਹਰ ਮੁੱਦਾ ਆਗੂਆਂ ਦੇ ਨਿਜੀ ਸਵਾਰਥਾਂ ਖ਼ਾਤਰ ਥੋੜੀ ਦੇਰ ਰੌਲਾ ਪਾ ਕੇ ਕੁਰਬਾਨ ਕਰ ਦਿਤਾ ਜਾਂਦਾ ਹੈ ਅਤੇ ਜਦੋਂ ਇਨ੍ਹਾਂ ਸਿਆਸੀ ਵਪਾਰੀਆਂ ਨੇ ਐਸ.ਜੀ.ਪੀ.ਸੀ. ਉਤੇ ਕਾਬੂ ਪਾ ਰਖਿਆ ਹੋਵੇ ਤਾਂ ਸਿੱਖ ਫ਼ਲਸਫ਼ਾ ਕਿਸ ਤਰ੍ਹਾਂ ਤਾਕਤਵਰ ਬਣ ਸਕਦਾ ਹੈ? ਕੈਪਟਨ ਸਰਕਾਰ ਦੀ ਥਾਪੀ ਕਮੇਟੀ ਵੇਖ ਕੇ ਤਾਂ ਲਗਦਾ ਹੈ, ਸਿੱਖਾਂ ਨੂੰ ਗ਼ੈਰ-ਅਕਾਲੀ ਰਾਜ ਵਿਚ ਜ਼ਿਆਦਾ ਕੁੱਝ ਮਿਲ ਸਕਦਾ ਹੈ ਤੇ ਅਕਾਲੀ ਵੀ 'ਪੰਥ' ਦੀ ਗੱਲ, ਕਾਂਗਰਸ ਸਰਕਾਰ ਵੇਲੇ ਜ਼ਿਆਦਾ ਕਰਦੇ ਹਨ। ਸ਼ੁਰੂ ਵਿਚ ਜਿਸ ਬਜ਼ੁਰਗ ਕ੍ਰਿਪਾਨਧਾਰੀ ਸਿੱਖ ਦਾ ਜ਼ਿਕਰ ਕੀਤਾ ਗਿਆ ਸੀ, ਉਸ ਬਜ਼ੁਰਗ ਨੇ ਵੀ ਜਦੋਂ ਵੇਖਿਆ ਕਿ ਫ਼ੌਜੀ ਉਸ ਦੀ ਗੱਲ ਨਹੀਂ ਸੁਣ ਰਿਹਾ, ਉਸ ਨੇ ਵੀ ਰੱਬ ਅੱਗੇ ਆਖ਼ਰੀ ਦੁਹਾਈ ਲਾਈ ਸੀ। ਉਹ ਚੰਗੀ ਤਰ੍ਹਾਂ ਜਾਣ ਗਏ ਸਨ ਕਿ ਭਾਵੇਂ ਉਹ ਵਿਦੇਸ਼ ਤੋਂ ਆ ਕੇ ਦਰਬਾਰ ਸਾਹਿਬ ਜਾ ਰਹੇ ਸਨ, ਉਨ੍ਹਾਂ ਦੀ ਪੀੜ ਨੂੰ ਆਵਾਜ਼ ਦੇਣ ਵਾਲਾ ਇਥੇ ਕੋਈ ਨਹੀਂ ਮਿਲਣਾ। ਇਸ ਪਿੱਛੇ ਵੀ ਵਪਾਰ ਅਤੇ ਸਿਆਸਤ ਕੰਮ ਕਰਦੇ ਹਨ ਤੇ ਸਿੱਖ ਕੌਮ ਵੀ ਸਮਝ ਲਵੇ ਕਿ ਹੁਣ ਪੰਜਾਬ ਵਿਚ ਪੰਥਕ ਆਗੂ ਕੋਈ ਨਹੀਂ ਰਹਿ ਗਏ। ਆਗੂਆਂ ਪੱਖੋਂ ਸਿੱਖ ਕੌਮ ਯਤੀਮ ਹੋ ਚੁੱਕੀ ਹੈ। -ਨਿਮਰਤ ਕੌਰ