
ਰਵਾਇਤੀ ਲੀਡਰਾਂ ਨੂੰ ਕੁੱਝ ਆਦਤਾਂ ਪਈਆਂ ਹੋਈਆਂ ਸਨ ਜੋ ਕਿ ਸੱਤਾ ਤੋਂ ਬਾਹਰ ਹੋਣ ਦੀ ਹਾਲਤ ਵਿਚ ਵੀ ਸੱਤਾਧਾਰੀਆਂ ਵਾਲੇ ਸਾਰੇ ‘ਅਧਿਕਾਰ’ ਮੰਗਦੀਆਂ ਸਨ।
ਕਾਂਗਰਸੀ ਲੀਡਰਾਂ ਅਤੇ ਆਪ ਲੀਡਰਾਂ ਵਿਚਕਾਰ ਸ਼ਬਦੀ ਜੰਗ ਹੁਣ ਨਿੱਜੀ ਹਮਲਿਆਂ ਦਾ ਰੂਪ ਧਾਰ ਰਹੀ ਹੈ। ਜਿਸ ਤਰ੍ਹਾਂ ਦੇ ਵਿਅੰਗ ਇਕ ਦੂਜੇ ’ਤੇ ਕਸੇ ਜਾ ਰਹੇ ਹਨ, ਉਸ ਤੋਂ ਇਹੀ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਸੱਤਾ ਹੀ ਨਹੀਂ ਬਦਲੀ ਬਲਕਿ ਤਾਕਤ ਤੇ ਪੈਸੇ ਦੇ ਕੇਂਦਰ ਵੀ ਬਦਲ ਗਏ ਹਨ। ਇਹ ਆਮ ਜਾਣੀ ਜਾਂਦੀ ਗੱਲ ਹੈ ਕਿ ਭਾਵੇਂ ਕੋਈ ਅਕਾਲੀ ਹੈ ਜਾਂ ਕਾਂਗਰਸੀ, ਇਨ੍ਹਾਂ ਵਿਚਕਾਰ ਆਪਸੀ ਰਿਸ਼ਤੇ ਬਹੁਤ ਡੂੰਘੇ ਹਨ। ਇਸ ਸਾਂਝ ਨੂੰ 75-25 ਦੀ ਸਾਂਝ ਦਾ ਨਾਮ ਨਵਜੋਤ ਸਿੰਘ ਨੇ ਦਿਤਾ ਪਰ ਰਿਸ਼ਤਾ ਤਾਂ ਜੱਗ ਜ਼ਾਹਰ ਸੀ।
ਆਖ਼ਰਕਾਰ ਕੈਪਟਨ ਅਮਰਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਦੋ ਸਕੀਆਂ ਭੈਣਾਂ ਨਾਲ ਵਿਆਹੇ ਹੋਏ ਸਨ, ਨਵਜੋਤ ਸਿੱਧੂ ਦਾ ਜਨਮ ਕੈਪਟਨ ਅਮਰਿੰਦਰ ਸਿੰਘ ਦੀ ਛਤਰ ਛਾਇਆ ਹੇਠ ਹੋਇਆ ਸੀ, ਬਾਦਲ ਤੇ ਕੈਰੋਂ ਪ੍ਰਵਾਰਾਂ ਦੀ ਕੁੜਮਾਚਾਰੀ ਹੈ, ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਕੈਰੋਂ ਨਾਲ ਪ੍ਰਵਾਰਕ ਸਾਂਝ ਰਖਦੇ ਹਨ। ਇਹ ਸੂਚੀ ਬੜੀ ਲੰਮੀ ਹੈ ਜਿਸ ਵਿਚ ਨਾ ਸਿਰਫ਼ ਸਿਆਸੀ ਵਿਰੋਧੀਆਂ ਦੀ ਆਪਸ ਵਿਚ ਰਿਸ਼ਤੇਦਾਰੀ ਮਿਲੇਗੀ ਸਗੋਂ ਇਹ ਰਿਸ਼ਤੇ ਪੱਤਰਕਾਰਾਂ, ਲੇਖਕਾਂ, ਡੇਰਾ ਮੁਖੀਆਂ ਤੇ ਸਮਾਜ ਦੇ ਹਰ ਵਰਗ ਨਾਲ ਹੋਣਗੇ ਤੇ ਹੋਣ ਵੀ ਕਿਉਂ ਨਾ? ਆਖ਼ਰ ਪੰਜਾਬ ਦੇ ਵਸਨੀਕ ਹੀ ਤਾਂ ਹਨ ਇਹ ਸਾਰੇ, ਫਿਰ ਰਿਸ਼ਤੇ ਵੀ ਤਾਂ ਇਥੇ ਹੀ ਹੋਣੇ ਸਨ। ਪਰ ਇਹ ਰਿਸ਼ਤੇ ਇਕ ਫ਼ੀ ਸਦੀ ਅਮੀਰ ਤੇ ਰਸੂਖ਼ਦਾਰ ਲੋਕਾਂ ਵਿਚਕਾਰ ਹੀ ਹੋਏ ਜਿਵੇਂ ਭਾਰਤ ਅੱਜ ਮੰਨਦਾ ਹੈ ਕਿ ਗੁਜਰਾਤ ਦੇ ਦੋ ਉਦਯੋਗਪਤੀ ਅੰਬਾਨੀ ਤੇ ਅਡਾਨੀ ਖ਼ਾਸ ਮਿੱਤਰ ਹਨ, ਪਰ ਪੰਜਾਬੀ ਲੀਡਰਾਂ ਨੂੰ ਇਨ੍ਹਾਂ ਖ਼ਾਸਮ-ਖ਼ਾਸ ਵਿਚ ਤਾਂ ਅਪਣੇ ਵਾਸਤੇ ਥਾਂ ਨਹੀਂ ਸੀ ਮਿਲ ਸਕਦੀ।
ਇਸ ਖ਼ਾਸ ਸਾਂਝ ਦਾ ਅਸਰ ਉਦੋਂ ਮਹਿਸੂਸ ਹੋਇਆ ਜਦ ਪੰਜਾਬ ਵਿਚ ਸ਼ਰਾਬ ਤੇ ਰੇਤ ਮਾਫ਼ੀਆ, ਸਾਡੇ ਆਮ ਲੋਕਾਂ ਦੇ ਬੱਚਿਆਂ ਦਾ ਭਵਿੱਖ ਸਿਉਂਕ ਵਾਂਗ ਖਾ ਗਿਆ। ਕੁੱਝ ਲੋਕ ਅਜਿਹੇ ਰਾਜੇ ਬਣ ਗਏ ਕਿ ਉਨ੍ਹਾਂ ਦਾ ਜੋ ਦਿਲ ਕਰਦਾ, ਉਹੀ ਕਰਦੇ। ਜਿਹੜੇ ਵਪਾਰ ’ਤੇ ਉਨ੍ਹਾਂ ਦੀ ਨਜ਼ਰ ਪੈਂਦੀ, ਉਸ ਨੂੰ ਅਪਣੀ ਮੁੱਠੀ ਵਿਚ ਕਰ ਲੈਂਦੇੇੇ ਤੇ ਉਸ ਦੇ ਹਰ ਛੋਟੇ ਵੱਡੇ ਹਿੱਸੇਦਾਰ ਨੂੰ ਤਬਾਹ ਕਰ ਦੇਂਦੇ। ਪੰਜਾਬ ਵਿਚ ਸਿਆਸੀ ਕਬਜ਼ੇ ਕਰਨ ਦੀ ਗਾਥਾ ਵਿਚ ਕੁੱਝ ਕਤਲਾਂ ਦੀਆਂ ਕਹਾਣੀਆਂ ਵੀ ਉਘੜਦੀਆਂ ਹਨ। ਪਰ ਕਿਸੇ ਨੇ ਕਦੇ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਦਾ ਬਦਲਾਅ ਆਵੇਗਾ ਕਿ 75-25 ਦੀਆਂ ਸਾਂਝਾਂ ਕਿਸੇ ਹੋਰ ਦੇ ਹੱਥਾਂ ਵਿਚ ਚਲੀਆਂ ਜਾਣਗੀਆਂ।
ਰਵਾਇਤੀ ਲੀਡਰਾਂ ਨੂੰ ਕੁੱਝ ਆਦਤਾਂ ਪਈਆਂ ਹੋਈਆਂ ਸਨ ਜੋ ਕਿ ਸੱਤਾ ਤੋਂ ਬਾਹਰ ਹੋਣ ਦੀ ਹਾਲਤ ਵਿਚ ਵੀ ਸੱਤਾਧਾਰੀਆਂ ਵਾਲੇ ਸਾਰੇ ‘ਅਧਿਕਾਰ’ ਮੰਗਦੀਆਂ ਸਨ। ਕਈ ਬੁਧੀਜੀਵੀ, ਕਈ ਮੀਡੀਆ ਘਰਾਣੇ, ਕਿਸੇ ਸਿਆਣਪ ਜਾਂ ਪੱਤਰਕਾਰੀ ਵਿਚ ਕੋਈ ਮਾਅਰਕੇ ਦੀ ਗੱਲ ਕੀਤੇ ਬਿਨਾ ਹੀ ਉੱਚ ਅਹੁਦਿਆਂ ਤੇ ਬੈਠਣ ਦੇ ਆਦੀ ਹੋ ਗਏ ਸਨ ਕਿਉਂਕਿ ਉਹ ਹਾਕਮਾਂ ਦੀ ਮੁੱਠੀ ਚਾਪੀ ਕਰਨ ਦੇ ਹੁਨਰ ਦੇ ਮਾਹਰ ਬਣ ਗਏ ਸਨ ਤੇ ਇਸ ਕਰ ਕੇ ਉਹ ਭ੍ਰਿਸ਼ਟਾਚਾਰ ਵਿਚ ਹਿੱਸੇਦਾਰ ਵੀ ਆਪੇ ਹੀ ਬਣ ਗਏ। ਜਦ ਸੱਤਾ ਗਈ, ਹਿੱਸੇਦਾਰੀਆਂ ਖ਼ਤਮ ਹੋ ਗਈਆਂ ਤਾਂ ਸੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਕਦੇ ਕਿਸੇ ਟਰੱਸਟ ਵਿਚ ਕਰੋੜਾਂ ਦੇ ਘਪਲੇ ਦੀ ਗੱਲ ਬਾਹਰ ਆ ਰਹੀ ਹੈ, ਕਦੇ ਕਿਸੇ ਸਾਬਕਾ ਮੰਤਰੀ ਵਲੋਂ ਪੰਜਾਬ ਦੇ ਜੰਗਲਾਂ ਦੀ ਤਬਾਹੀ, ਕਦੇ ਦਲਿਤ ਸਕਾਲਰਸ਼ਿਪ ਵਿਚ ਘੋਟਾਲਾ ਤੇ ਅਮਰੂਦਾਂ ਦੇ ਬਾਗ਼ ਦਾ ਘਪਲਾ। ਅਜੇ ਹੋਰ ਕਈ ਘਪਲੇ ਬਾਹਰ ਆਉਣ ਦੇ ਸੰਕੇਤ ਹਨ। ਜਿਵੇਂ ਪੰਜਾਬ ਦੀਆਂ ਟੁਟੀਆਂ ਸੜਕਾਂ ਦਾ ਸੱਚ ਸਾਹਮਣੇ ਆ ਰਿਹਾ ਹੈ, ਇਸੇ ਤਰ੍ਹਾਂ ਪੰਜਾਬ ਦੀ ਰਵਾਇਤੀ ਸਿਆਸਤ ਦੇ ਕਿਲ੍ਹਿਆਂ ਦਾ ਸੱਚ ਵੀ ਬਾਹਰ ਆ ਰਿਹਾ ਹੈ। ਭਾਵੇਂ ਇਸ ਨਾਲ ਦਿਲ ਖੱਟਾ ਹੁੰਦਾ ਹੈ, ਪਰ ਇਹ ਰੁਕਦਾ ਨਹੀਂ ਦਿਸਦਾ। ਪਰ ਨਵੇਂ ਪੰਜਾਬ ਨੂੰ ਮਾਫ਼ੀਆ ਤੋਂ ਦੂਰ ਜਾਂ ਪਾਕ ਸਾਫ਼ ਕਰਨ ਲਈ ਹੱਥ ਗੰਦੇ ਤਾਂ ਕਰਨੇ ਹੀ ਪੈਣਗੇ। ਅਪਣੇ ਆਪ ਨੂੰ ਸਦਾ ਲਈ ‘ਰਾਜੇ’ ਮੰਨਣ ਵਾਲਿਆਂ ਨੂੰ ਆਮ ਪੰਜਾਬੀ ਨੇ ਵੱਡੀ ਸੱਟ ਤਾਂ ਮਾਰੀ ਹੈ, ਸਮੇਂ ਨਾਲ ਸ਼ਾਇਦ ਸਫ਼ਾਈ ਤੋਂ ਬਾਅਦ ਕੁੱਝ ਅਜਿਹਾ ਬਦਲਾਅ ਆ ਹੀ ਜਾਵੇ ਜਿਸ ਵਿਚ ਵਾਰਤਾਲਾਪ ਦਾ ਪੱਧਰ ਕੁੱਝ ਉਚੇਰਾ ਵੀ ਹੋ ਜਾਏ। ਇਸ ਵੇਲੇ ਤਾਂ ਉਹ ਇਸੇ ਗੱਲ ਨੂੰ ਲੈ ਕੇ ਠਿਠੰਬਰੇ ਹੋਏ ਹਨ ਕਿ ਪੰਜਾਬ ਦੇ ਸਿਆਸੀ ‘ਸ਼ਾਹੀ ਪ੍ਰਵਾਰਾਂ’ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਉਨ੍ਹਾਂ ਦੀ ਦੌਲਤ ਬਾਰੇ ਸਵਾਲ ਕਿਉਂ ਪੁੱਛ ਰਿਹਾ ਹੈ? - ਨਿਮਰਤ ਕੌਰ